ਹੋਰ ਸਮਾਂ ਮਿਲਦਾ ਤਾਂ ਕੈਪਟਨ ਨੂੰ ਵੀ ਅੰਦਰ ਕਰ ਦਿੰਦਾ, ਰੰਧਾਵਾ ਨੇ ਕੀਤਾ ਵੱਡਾ ਦਾਅਵਾ
ਹੋਰ ਸਮਾਂ ਮਿਲਦਾ ਤਾਂ ਕੈਪਟਨ ਨੂੰ ਵੀ ਅੰਦਰ ਕਰ ਦਿੰਦਾ, ਰੰਧਾਵਾ ਨੇ ਕੀਤਾ ਵੱਡਾ ਦਾਅਵਾ
ਬਟਾਲਾ, 12 ਦਸੰਬਰ (ਸਰਵਨ ਸਿੰਘ) : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਚੋਣ ਜੰਗ ’ਚ ਇਸ ਸਮੇਂ ਅਕਾਲੀ ਦਲ ਤੀਸਰੇ ਸਥਾਨ ’ਤੇ ਚੱਲ ਰਿਹਾ ਹੈ ਅਤੇ ਕਈ ਅਕਾਲੀ ਕਾਂਗਰਸ ’ਚ ਸ਼ਾਮਲ ਹੋਣ ਲਈ ਤਿਆਰ ਬੈਠੇ ਹਨ। ਰੰਧਾਵਾ ਨੇ ਅੱਜ ਡੇਰਾ ਬਾਬਾ ਨਾਨਕ ’ਚ ਅਕਾਲੀ ਦਲ ਦੇ ਆਗੂ ਬਚਿੱਤਰ ਸਿੰਘ ਹਰਚੋਵਾਲ ਨੂੰ ਕਾਂਗਰਸ ’ਚ ਸ਼ਾਮਲ ਕੀਤਾ।
ਉਨ੍ਹਾਂ ਕਿਹਾ ਕਿ ਲੋਕ ਅੱਜ ਮੌਜੂਦਾ ਚੰਨੀ ਸਰਕਾਰ ਦੇ ਕੰਮ-ਕਾਜ ਤੋਂ ਖ਼ੁਸ਼ ਹਨ ਅਤੇ ਉਨ੍ਹਾਂ ਨੂੰ ਦੁਬਾਰਾ ਮੌਕਾ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਤਾਂ ਸਿਰਫ਼ 70 ਦਿਨਾਂ ਦਾ ਸਮਾਂ ਸਰਕਾਰ ਚਲਾਉਣ ਲਈ ਮਿਲਿਆ ਹੈ ਅਤੇ ਸਰਕਾਰ ਨੇ ਇੰਨੇ ਛੋਟੇ ਸਮੇਂ ’ਚ ਦਿਨ-ਰਾਤ ਇਕ ਕਰ ਕੇ ਇਤਿਹਾਸਕ ਫ਼ੈਸਲੇ ਲਏ ਹਨ।
ਇਕ ਸਵਾਲ ਦੇ ਜਵਾਬ ’ਚ ਰੰਧਾਵਾ ਨੇ ਕਿਹਾ ਕਿ ਕੈਪਟਨ ਅੰਦਰਖਾਤੇ ਅਕਾਲੀਆਂ ਨਾਲ ਦੋਸਤੀ ਨਿਭਾਈ ਗਏ ਤੇ ਉਨ੍ਹਾਂ ਨੂੰ ਜੇਕਰ ਬਤੌਰ ਗ੍ਰਹਿ ਮੰਤਰੀ ਜ਼ਿਆਦਾ ਸਮਾਂ ਮਿਲ ਜਾਂਦਾ ਤਾਂ ਉਹ ਕੈਪਟਨ ਨੂੰ ਵੀ ਅੰਦਰ ਕਰ ਦਿੰਦੇ। ਇਸੇ ਤਰ੍ਹਾਂ ਪੰਜਾਬ ਨੂੰ ਨਸ਼ੇ ਦੀ ਮੰਡੀ ਬਣਾਉਣ ’ਚ ਵੀ ਪਿਛਲੀ ਅਕਾਲੀ ਸਰਕਾਰ ਜ਼ਿੰਮੇਵਾਰ ਸੀ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਨੂੰ ਯਾਦ ਕਰ ਕੇ ਲੋਕ ਅੱਜ ਵੀ ਡਰ ਜਾਂਦੇ ਹਨ, ਇਸ ਲਈ ਹੁਣ ਤਾਂ ਅਕਾਲੀ ਦਲ ਦੇ ਆਗੂ ਵੀ ਇਹ ਗੱਲ
ਦੱਬੀ ਜ਼ੁਬਾਨ ਨਾਲ ਕਹਿ ਰਹੇ ਹਨ ਕਿ ਉਨ੍ਹਾਂ ਦੀ ਪਾਰਟੀ ਦੀ ਸਰਕਾਰ ਬਣਨੀ ਸੰਭਵ ਨਹੀਂ ਹੈ।
ਉਨ੍ਹਾਂ ਕਿਹਾ ਕਿ ਧਾਰਮਕ ਗ੍ਰੰਥਾਂ ਦੀ ਹੋਈ ਬੇਅਦਬੀ ਦੇ ਮਾਮਲਿਆਂ ’ਚ ਪੰਜਾਬ ਦੀ ਜਨਤਾ ਨੂੰ ਇਨਸਾਫ਼ ਮਿਲ ਕੇ ਰਹੇਗਾ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ’ਚ ਅਨੇਕਾਂ ਅਕਾਲੀ ਨੇਤਾ ਰੋਜ਼ਾਨਾ ਕਾਂਗਰਸ ’ਚ ਸ਼ਾਮਲ ਹੋ ਰਹੇ ਹਨ। ਇਸ ਤੋਂ ਪਤਾ ਲਗਦਾ ਹੈ ਕਿ ਅਕਾਲੀ ਆਗੂਆਂ ਦਾ ਮੋਹ ਜ਼ਮੀਨੀ ਪੱਧਰ ’ਤੇ ਪਾਰਟੀ ਨਾਲੋਂ ਟੁੱਟ ਚੁੱਕਿਆ ਹੈ।