ਗੁਰਦੁਆਰਾ ਸਾਹਿਬ ’ਚੋਂ ਕੁਰਸੀਆਂ ਕੱਢ ਕੇ ਭੰਨਣ ਅਤੇ ਸਾੜਨ ਦਾ ਮਾਮਲਾ,  ਪੜ੍ਹੋ ਕੀ ਬੋਲੇ ਰਣਜੀਤ ਸਿੰਘ ਢੱਡਰੀਆਂ ਵਾਲੇ 

ਏਜੰਸੀ

ਖ਼ਬਰਾਂ, ਪੰਜਾਬ

ਜਿਹੜੀ ਮਾਈ ਪਿੱਛੇ ਕੁਰਸੀ 'ਤੇ ਬੈਠੀ, ਜਿਸ ਦੇ ਗੋਡੇ ਸੁੱਜੇ ਪਏ ਨੇ, ਉਸ ਨੇ ਕੀ ਬੇਅਦਬੀ ਕਰਨੀ?

Ranjit Singh Dhadrianwale

 

ਜਲੰਧਰ - ਵਾਰਿਸ ਪੰਜਾਬ ਨਾਮ ਦੀ ਜਥੇਬੰਦੀ ਵੱਲੋਂ ਕਥਿਤ ਤੌਰ ਉੱਤੇ ਜਲੰਧਰ ਦੇ ਇੱਕ ਗੁਰਦੁਆਰਾ ਸਾਹਿਬ ਦੇ ਬੈਂਚਾਂ ਦੀ ਭੰਨਤੋੜ ਕਰਨ ਮਗਰੋਂ ਉਨ੍ਹਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਇਹ ਮਾਮਲਾ ਕਾਫ਼ੀ ਗਰਮਾਇਆ ਹੋਇਆ ਹੈ।  ਇਹ ਗੁਰਦੁਆਰਾ ਜਲੰਧਰ ਦੇ ਮਾਡਲ ਟਾਊਨ ਦਾ ਸਿੰਘ ਸਭਾ ਗੁਰਦੁਆਰਾ ਸਾਹਿਬ ਹੈ ਤੇ ਇਹ ਘਟਨਾ ਸੋਮਵਾਰ ਦੀ ਹੈ। ਇਸ ਘਟਨਾ ਨੂੰ ਲੈ ਕੇ ਵੱਖ ਵੱਖ ਆਗੂਆਂ ਦੀ ਅਤੇ ਧਾਰਮਿਕ ਲੀਡਰਾਂ ਦੀ ਪ੍ਰਤੀਕਿਰਿਆ ਵੀ ਆ ਰਹੀ ਹੈ। 

ਇਸ ਦੇ ਨਾਲ ਹੀ ਇਸ ਘਟਨਾ ਨੂੰ ਲੈ ਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਦਾ ਬਿਆਨ ਵੀ ਸਾਹਮਣੇ ਆਇਾ ਹੈ ਤੇ ਉਹਨਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ। 
ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਅਪਣੇ ਬਿਆਨ ਵਿਚ ਕਿਹਾ ਕਿ ਜਿਹੜੀ ਮਾਈ ਪਿੱਛੇ ਕੁਰਸੀ 'ਤੇ ਬੈਠੀ, ਜਿਸ ਦੇ ਗੋਡੇ ਸੁੱਜੇ ਪਏ ਨੇ, ਉਸ ਨੇ ਕੀ ਬੇਅਦਬੀ ਕਰਨੀ? ਕੋਈ ਗੁਰੂ ਦਾ ਸ਼ਰੀਕ ਨਹੀਂ ਬਣਨਾ ਚਾਹੁੰਦਾ, ਇੱਥੇ ਹਰੇਕ ਦਾ ਮਨ ਕਰਦਾ ਹੈ ਕਿ ਚੌਂਕੜਾ ਮਾਰ ਕੇ ਹੇਠਾਂ ਬੈਠੀਏ। ਕੋਈ ਬਜ਼ੁਰਗ ਕੁਰਸੀ ਤੇ ਬੈਠੇ ਜਾਂ ਫੱਟੇ 'ਤੇ, ਇਸ ਨਾਲ ਬੇਅਦਬੀ ਨਹੀਂ ਹੁੰਦੀ। 

ਉਨ੍ਹਾਂ ਅੱਗੇ ਕਿਹਾ ਕਿ ਗੁਰੂ ਦਾ ਸ਼ਰੀਕ ਉਹ ਬਣਦਾ ਜੋ ਗੁਰੂ ਦੇ ਸਾਹਮਣੇ ਖੜ੍ਹਾ ਹੋ ਕੇ ਗੁਰਬਾਣੀ ਦੀ ਬੇਅਦਬੀ ਕਰੇ। ਉਹ ਆਖਦੇ ਹਨ ਕਿ ਗੁਰੂ ਸਾਹਿਬ ਬੇਅਦਬੀ ਉਦੋਂ ਹੈ ਜਦੋਂ ਕੋਈ ਬੰਦਾ ਗੁਰਬਾਣੀ ਦੇ ਉਲਟ ਚੱਲੇ। ਜਦੋਂ ਗੁਰੂ ਸਾਹਿਬ ਕੁਝ ਹੋਰ ਕਹਿੰਦੇ ਹਨ ਅਤੇ ਅਸੀਂ ਆਪਣੀਆਂ ਮਨ-ਮਰਜ਼ੀਆਂ ਕਰਦੇ ਹਾਂ ਤਾਂ ਬੇਅਦਬੀ ਹੁੰਦੀ ਹੈ। 

ਜ਼ਿਕਰਯੋਗ ਹੈ ਕਿ ਅਸਲ ਵਿਚ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਬਜ਼ੁਰਗ ਤੇ ਅਪਾਹਜ ਸੰਗਤ ਦੇ ਬੈਠਣ ਲਈ ਬੈਂਚ-ਕੁਰਸੀਆਂ ਲਗਾਈਆਂ ਹੋਈਆਂ ਹਨ। 
ਇਨ੍ਹਾਂ ਨੂੰ ਪਹਿਲਾਂ ਬਾਹਰ ਕੱਢਿਆ ਗਿਆ ਤੇ ਉਨ੍ਹਾਂ ਦੀ ਭੰਨਤੋੜ ਕੀਤੀ ਗਈ ਤੇ ਬਾਅਦ ਵਿਚ ਅੱਗ ਲਗਾ ਦਿੱਤੀ ਗਈ। ਦਰਅਸਲ, ਵਾਰਿਸ ਪੰਜਾਬ ਜਥੇਬੰਦੀ ਦਾ ਕਹਿਣਾ ਹੈ ਕਿ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਕੁਰਸੀਆਂ-ਬੈਂਚ ਰੱਖਣਾ ਗੁਰੂ ਸਾਹਿਬ ਦਾ ਅਪਮਾਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿਚ ਨਹੀਂ ਰੱਖਣਾ ਚਾਹੀਦਾ ਹੈ।