Pressure Cooker Explodes: ਪਟਿਆਲਾ ਵਿਚ ਸਬਜ਼ੀ ਬਣਾਉਂਦੇ ਸਮੇਂ ਫਟਿਆ ਕੂਕਰ; ਸੀਸੀਟੀਵੀ ਕੈਮਰੇ ਵਿਚ ਕੈਦ ਹੋਈ ਘਟਨਾ
ਇਹ ਵੀਡੀਉ ਪਟਿਆਲਾ ਦੀਆਂ ਵੱਖ-ਵੱਖ ਸੋਸ਼ਲ ਸਾਈਟਾਂ 'ਤੇ ਵਾਇਰਲ ਹੋ ਰਹੀ ਹੈ।
Pressure Cooker Explodes: ਪਟਿਆਲਾ 'ਚ ਸਬਜ਼ੀ ਪਕਾਉਂਦੇ ਸਮੇਂ ਕੂਕਰ ਫਟਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਹ ਵੀਡੀਉ ਏਕਤਾ ਨਗਰ ਦੇ ਆਸ-ਪਾਸ ਦਾ ਦਸਿਆ ਜਾ ਰਿਹਾ ਹੈ ਪਰ ਲੋਕੇਸ਼ਨ ਦੀ ਅਧਿਕਾਰਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ। ਦੂਜੇ ਪਾਸੇ ਇਹ ਵੀਡੀਉ ਪਟਿਆਲਾ ਦੀਆਂ ਵੱਖ-ਵੱਖ ਸੋਸ਼ਲ ਸਾਈਟਾਂ 'ਤੇ ਵਾਇਰਲ ਹੋ ਰਹੀ ਹੈ।
ਕੂਕਰ ਵਿਚ ਧਮਾਕਾ ਹੋਣ ਸਮੇਂ ਆਸਪਾਸ ਬਹੁਤ ਸਾਰੇ ਲੋਕ ਮੌਜੂਦ ਸਨ ਪਰ ਸਾਰੇ ਸੁਰੱਖਿਅਤ ਹਨ। ਹਾਦਸੇ ਵਿਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਮਾਹਰਾਂ ਦਾ ਕਹਿਣਾ ਹੈ ਕਿ ਜਦੋਂ ਕੂਕਰ ਦੀ ਸੀਟੀ ਜਾਂ ਢੱਕਣ ਦੀ ਰਬੜ ਖਰਾਬ ਹੋ ਜਾਂਦੀ ਹੈ ਤਾਂ ਅਕਸਰ ਪ੍ਰੈਸ਼ਰ ਵੱਧ ਜਾਂਦਾ ਹੈ, ਜਿਸ ਕਾਰਨ ਕੂਕਰ ਫਟਣ ਦੀਆਂ ਘਟਨਾਵਾਂ ਵਾਪਰਦੀਆਂ ਹਨ।
ਕੂਕਰ ਫਟਣ ਦੀ ਇਹ ਸਾਰੀ ਘਟਨਾ ਘਰ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਔਰਤ ਰਸੋਈ 'ਚ ਕੰਮ ਕਰ ਰਹੀ ਸੀ ਜਦੋਂ ਰਸੋਈ ਗੈਸ 'ਤੇ ਕੂਕਰ ਰੱਖਿਆ ਹੋਇਆ ਸੀ। ਉਸ ਦੇ ਕੋਲ ਇਕ ਛੋਟਾ ਬੱਚਾ ਖੜ੍ਹਾ ਸੀ ਅਤੇ ਦੂਜੇ ਪਾਸੇ ਇਕ ਬਜ਼ੁਰਗ ਔਰਤ ਵੀ ਖੜ੍ਹੀ ਸੀ। ਅਚਾਨਕ ਕੂਕਰ 'ਚ ਧਮਾਕਾ ਹੋਣ ਕਾਰਨ ਰਸੋਈ 'ਚ ਰੱਖਿਆ ਸਾਮਾਨ ਅਤੇ ਲਕੜੀ ਦਾ ਦਰਾਜ਼ ਟੁੱਟ ਕੇ ਹੇਠਾਂ ਡਿੱਗ ਗਿਆ। ਰਸੋਈ ਦੇ ਸਾਹਮਣੇ ਇਕ ਬਜ਼ੁਰਗ ਵੀ ਬੈਠਾ ਸੀ ਪਰ ਇਸ ਤੋਂ ਪਹਿਲਾਂ ਕਿ ਕੋਈ ਕੁੱਝ ਸਮਝਦਾ, ਤੇਜ਼ ਧਮਾਕੇ ਵਿਚ ਸੱਭ ਕੁੱਝ ਚਕਨਾਚੂਰ ਹੋ ਗਿਆ।
ਗਨੀਮਤ ਰਹੀ ਕਿ ਇਸ ਹਾਦਸੇ 'ਚ ਕੋਈ ਜ਼ਖਮੀ ਨਹੀਂ ਹੋਇਆ। ਏਕਤਾ ਨਗਰ ਦੇ ਰਹਿਣ ਵਾਲੇ ਕੈਲਾਸ਼ ਪੁਰੋਹਿਤ ਦਾ ਕਹਿਣਾ ਹੈ ਕਿ ਉਸ ਨੇ ਏਕਤਾ ਨਗਰ ਵਿਚ ਕੂਕਰ ਫਟਣ ਦੀ ਘਟਨਾ ਦੀ ਵੀਡੀਉ ਸੋਸ਼ਲ ਮੀਡੀਆ 'ਤੇ ਦੇਖੀ ਹੈ। ਉਹ ਪਰਿਵਾਰ ਦੀ ਪਛਾਣ ਵੀ ਕਰ ਰਿਹਾ ਹੈ ਤਾਂ ਜੋ ਹੋਰ ਲੋਕਾਂ ਨੂੰ ਵੀ ਕੂਕਰ ਦੀ ਵਰਤੋਂ ਧਿਆਨ ਨਾਲ ਕਰਨ ਲਈ ਕਿਹਾ ਜਾ ਸਕੇ।
(For more news apart from Pressure Cooker Explodes In Patiala House, stay tuned to Rozana Spokesman)