ਖਹਿਰਾ ਨੇ ਬਠਿੰਡਾ ਤੋਂ ਲੋਕ ਸਭਾ ਚੋਣ ਲੜਨ ਦਾ ਕੀਤਾ ਇਸ਼ਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖ਼ਹਿਰਾ ਨੇ ਆਗਾਮੀ ਲੋਕ ਸਭਾ ਚੋਣਾਂ 'ਚ ਬਠਿੰਡਾ ਤੋਂ ਚੋਣ.......

Khaira has indicated that he will contest Lok Sabha elections from Bathinda

ਬਠਿੰਡਾ  : ਆਮ ਆਦਮੀ ਪਾਰਟੀ ਤੋਂ ਵੱਖ ਹੋ ਕੇ ਪੰਜਾਬੀ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖ਼ਹਿਰਾ ਨੇ ਆਗਾਮੀ ਲੋਕ ਸਭਾ ਚੋਣਾਂ 'ਚ ਬਠਿੰਡਾ ਤੋਂ ਚੋਣ ਲੜਣ ਦਾ ਸਪੱਸ਼ਟ ਇਸ਼ਾਰਾ ਕੀਤਾ ਹੈ। ਅੱਜ ਬਠਿੰਡਾ 'ਚ ਅਪਣੀ ਨਵੀਂ ਪਾਰਟੀ ਦੇ ਦਫ਼ਤਰ ਦਾ ਉਦਘਾਟਨ ਕਰਨ ਪੁੱਜੇ ਸ਼੍ਰੀ ਖ਼ਹਿਰਾ ਨੇ ਦਾਅਵਾ ਕੀਤਾ ਕਿ ''ਬਠਿੰਡਾ ਦੇ ਵਰਕਰ ਤੇ ਵੋਟਰਾਂ ਵਲੋਂ ਮੈਨੂੰ ਲਗਾਤਾਰ ਇੱਥੋਂ ਚੋਣ ਲੜਣ ਲਈ ਕਿਹਾ ਜਾ ਰਿਹਾ ਹੈ ਤੇ ਜੇਕਰ ਪੰਜਾਬ ਡੈਮੋਕਰੇਟਿਕ ਅਲਾਇੰਸ ਨੇ ਇਜਾਜ਼ਤ ਦਿਤੀ ਤਾਂ ਉਹ ਜ਼ਰੂਰ ਚੋਣ ਲੜ ਸਕਦੇ ਹਨ।''

ਹਾਲਾਂਕਿ ਇਸ ਮੌਕੇ ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਹ ਆਪ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਦੇ ਬਾਵਜੂਦ ਬਤੌਰ ਐਮ.ਐਲ.ਏ ਬਣੇ ਰਹਿਣਗੇ, ਕਿਉਂਕਿ ਉਨ੍ਹਾਂ ਨੂੰ ਪਾਰਟੀ ਨੇ ਨਹੀਂ ਬਲਕਿ ਭੁਲੱਥ ਹਲਕੇ ਦੇ ਲੋਕਾਂ ਨੇ ਚੁਣਿਆ ਹੈ। ਦਫ਼ਤਰ ਦੇ ਉਦਘਾਟਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖ਼ਹਿਰਾ ਨੇ ਭਗਵੰਤ ਮਾਨ ਸਹਿਤ ਉਨ੍ਹਾਂ ਦਾ ਅਸਤੀਫ਼ਾ ਮੰਗਣ ਵਾਲੇ ਹੋਰਨਾਂ ਆਗੂਆਂ ਨੂੰ ਇਹ ਵੀ ਸਵਾਲ ਕੀਤਾ ਕਿ ਜੇਕਰ ਉਹ ਸਮਝਦੇ ਹਨ ਕਿ ਉਹ (ਖਹਿਰਾ) ਆਪ ਦੀ ਬਦੌਲਤ ਚੋਣ ਜਿੱਤੇ ਹਨ

ਤਾਂ ਪਹਿਲਾਂ ਉਹ ਵਿਧਾਨ ਸਭਾ ਚੋਣਾਂ 'ਚ ਆਪ ਦੀ ਟਿਕਟ 'ਤੇ ਚੋਣ ਲੜ ਕੇ ਹਾਰ ਦਾ ਮੂੰਹ ਦੇਖਣ ਵਾਲੇ 97 ਉਮੀਦਵਾਰਾਂ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ। ਇਸ ਦੇ ਇਲਾਵਾ ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਆਉਣ ਵਾਲੇ ਕੁੱਝ ਦਿਨਾਂ 'ਚ ਇਕ ਹੋਰ ਆਪ ਵਿਧਾਇਕ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਜਾ ਰਿਹਾ ਹੈ। ਜਸਟਿਸ ਜੋਰਾ ਸਿੰਘ ਵਲੋਂ ਪਿਛਲੇ ਦਿਨੀਂ ਬਰਗਾੜੀ ਕਾਂਡ ਸਬੰਧੀ ਕੀਤੇ ਖ਼ੁਲਾਸੇ ਨੂੰ ਝੂਠ ਦਾ ਪੁਲੰਦਾ ਕਰਾਰ ਦਿੰਦਿਆਂ ਵਿਰੋਧੀ ਧਿਰ ਦੇ ਸਾਬਕਾ ਨੇਤਾ ਨੇ ਮੰਗ ਕੀਤੀ

ਕਿ ''ਜੋਰਾ ਸਿੰਘ ਪੰਜਾਬੀਆਂ ਨੂੰ ਗੁਮਰਾਹ ਕਰਨ ਬਦਲੇ ਨਾ ਸਿਰਫ਼ ਮੁਆਫ਼ੀ ਮੰਗਣ, ਬਲਕਿ ਕਮਿਸ਼ਨ ਦੇ ਨਾਂ 'ਤੇ ਪੰਜਾਬ ਦੇ ਲੋਕਾਂ ਦੇ ਟੈਕਸਾਂ ਦਾ ਲੱਖਾਂ ਰੁਪਇਆ ਬਰਬਾਦ ਕਰਨ ਦੇ ਬਦਲੇ ਇਹ ਰਾਸ਼ੀ ਮੁੜ ਸਰਕਾਰੀ ਖ਼ਜਾਨੇ ਵਿਚ ਜਮ੍ਹਾਂ ਕਰਵਾਉਣ।'' ਖਹਿਰਾ ਨੇ ਕਿਹਾ ਕਿ ਉਹ ਬੀਤੇ ਦਿਨੀਂ ਇਸ ਮੁੱਦੇ ਦੀ ਪੜਤਾਲ ਕਰਨ ਲਈ ਗਏ ਸਨ ਤੇ ਜਿੰਨ੍ਹਾਂ ਕੋਲੋ ਜੋਰਾ ਸਿੰਘ ਨੇ ਪੁਛਗਿਛ ਨਾ ਕਰਨ ਦਾ ਦਾਅਵਾ ਕੀਤਾ ਹੈ,

ਉਨ੍ਹਾਂ ਪੀੜਤਾਂ ਨੇ ਦਸਿਆ ਹੈ ਕਿ ਪੁਲਿਸ ਨੇ ਉਨ੍ਹਾਂ ਨੂੰ ਨਜਾਇਜ਼ ਹਿਰਾਸਤ ਵਿਚ ਰੱਖ ਕੇ ਉਨ੍ਹਾਂ ਉਪਰ 'ਥਰਡ ਡਿਗਰੀ' ਟਾਰਚਰ ਕੀਤਾ ਹੈ। ਖਹਿਰਾ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਉਹ ਜਲਦੀ ਹੀ ਇਸ ਮੁੱਦੇ 'ਤੇ ਇਕ ਜਨਹਿਤ ਪਟੀਸ਼ਨ ਦਾਇਰ ਕਰ ਕੇ ਉਕਤ ਪੀੜਤਾਂ ਨੂੰ ਇਨਸਾਫ਼ ਦਿਵਾਉਣ ਅਤੇ 25-25 ਲੱਖ ਦਾ ਮੁਆਵਜ਼ਾ ਦਿਵਾਉਣ ਦੀ ਮੰਗ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਦੀਪਕ ਬਾਂਸਲ ਸਹਿਤ ਕਈ ਅਹੁੱਦੇਦਾਰ ਹਾਜ਼ਰ ਸਨ।