ਸੱਤ ਮਹੀਨਿਆਂ ਤੋਂ ਰੋਕੀ ਤਨਖ਼ਾਹ ਦੀ ਲੋਹੜੀ ਮੰਗੀ ਅਧਿਆਪਕਾਂ ਨੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਿਥੇ ਸਾਰਾ ਦੇਸ਼ ਲੋਹੜੀ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਖੁਸ਼ੀਆਂ ਮਾਣ ਰਿਹਾ ਸੀ, ਉਥੇ ਪੰਜਾਬ ਦੇ ਐੱਸ. ਐਸ. ਏ/ਰਮਸਾ ਅਧਿਆਪਕਾਂ...........

Teachers Protest

ਪਟਿਆਲਾ  : ਜਿਥੇ ਸਾਰਾ ਦੇਸ਼ ਲੋਹੜੀ ਅਤੇ ਮਾਘੀ ਦੇ ਪਵਿੱਤਰ ਦਿਹਾੜੇ ਦੀਆਂ ਖੁਸ਼ੀਆਂ ਮਾਣ ਰਿਹਾ ਸੀ, ਉਥੇ ਪੰਜਾਬ ਦੇ ਐੱਸ. ਐਸ. ਏ/ਰਮਸਾ ਅਧਿਆਪਕਾਂ ਨਾਲ ਹੋ ਰਿਹਾ ਸਰਕਾਰੀ ਵਾਅਦਾਖਿਲਾਫੀ ਅਤੇ ਬੇਰੁਖੀ ਕਾਰਨ ਤਿਉਹਾਰਾਂ ਵਾਲੇ ਦਿਨ ਵੀ ਇਹ ਅਧਿਆਪਕ ਸੜਕਾਂ 'ਤੇ ਰੁਲਣ ਲਈ ਮਜਬੂਰ ਰਹੇ। ਸਾਂਝਾ ਅਧਿਆਪਕ ਮੋਰਚੇ ਵਲੋਂ 1 ਦਸੰਬਰ ਨੂੰ ਅਧਿਆਪਕਾਂ ਦੇ ਪੱਕੇ ਧਰਨੇ ਵਿਚ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਕੀਤੇ ਜਨਤਕ ਐਲਾਨਾਂ ਨੂੰ ਲਾਗੂ ਨਾ ਕਰਨ ਦੇ ਰੋਸ ਵਜੋਂ ਪੁਤਲੇ ਫੂਕਣ ਦੇ ਦਿਤੇ ਸੱਦੇ ਤਹਿਤ ਜਿਥੇ ਸੂਬੇ ਭਰ ਵਿਚ ਵੱਖ ਵੱਖ ਥਾਵਾਂ 'ਤੇ ਕੈਬਨਿਟ ਮੰਤਰੀਆਂ ਅਤੇ ਕਾਂਗਰਸੀ ਵਿਧਾਇਕਾਂ ਦੇ ਘਰਾਂ ਅੱਗੇ ਰੋਸ

ਪ੍ਰਦਰਸ਼ਨ ਹੋਏ, ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸੱਤ ਮਹੀਨਿਆਂ ਤੋਂ ਰੋਕੀ ਤਨਖਾਹ ਦੀ ਲੋਹੜੀ ਮੰਗਣ ਆਏ ਅਧਿਆਪਕਾਂ ਨੂੰ ਤਨਖਾਹ ਦੀ ਬਜਾਏ ਪੁਲਿਸ ਵਲੋਂ ਕੀਤੀ ਧੂਹ-ਘੜੀਸ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਅਧਿਆਪਕਾਂ ਨੂੰ ਹਲਕੀਆਂ ਸੱਟਾਂ ਵੀ ਲੱਗੀਆਂ। ਮਹਿਲਾ ਅਧਿਆਪਕਾਵਾਂ ਨੇ ਪਟਿਆਲਾ ਪੁਲਿਸ ਪ੍ਰਸ਼ਾਸ਼ਨ 'ਤੇ ਵਾਲ ਪੁੱਟਣ ਅਤੇ ਖਿੱਚ ਧੂਹ ਕਰਨ ਦੇ ਦੋਸ਼ ਵੀ ਲਗਾਏ। ਅਧਿਆਪਕਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਸੰਘਰਸ਼ੀ ਲੋਹੜੀ ਬਾਲਦਿਆਂ ਸਰਕਾਰ ਵਿਰੁਧ ਨਾਹਰੇਬਾਜ਼ੀ ਕੀਤੀ।

ਅਧਿਆਪਕ ਆਗੂਆਂ ਨੇ ਕਿਹਾ ਕਿ 56 ਦਿਨ ਚੱਲੇ ਸਾਂਝੇ ਅਧਿਆਪਕ ਮੋਰਚੇ ਦੇ ਪੱਕੇ ਧਰਨੇ ਵਿੱਚ ਆ ਕੇ ਅਧਿਆਪਕਾਂ ਦੀਆਂ ਕੀਤੀਆਂ ਵਿਕਟੇਮਾਈਜੇਸ਼ਨਾਂ ਤੁਰੰਤ ਰੱਦ ਕਰਨ, 5178 ਅਧਿਆਪਕਾਂ ਨੂੰ 1 ਜਨਵਰੀ 2019 ਤੋਂ ਪੂਰੀ ਤਨਖਾਹ ਤੇ ਰੈਗੂਲਰ ਕਰਨ ਅਤੇ 8886 ਐੱਸ.ਐੱਸ. ਏ/ਰਮਸਾ ਅਧਿਆਪਕ ਅਦਰਸ਼ ਤੇ ਮਾਡਲ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਦੀਆਂ ਤਨਖਾਹਾਂ 'ਤੇ ਕੀਤੀ ਕਟੌਤੀ ਦਾ ਮਾਮਲਾ ਮੁੜ ਵਿਚਾਰਨ ਲਈ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾ ਕੇ ਹੱਲ ਕਰਵਾਉਣ ਦਾ ਭਰਵੇਂ ਇਕੱਠ ਅਤੇ ਮੀਡੀਆ ਸਾਹਮਣੇ ਕੀਤੇ ਸਿਖਿਆ ਮੰਤਰੀ ਦੇ ਐਲਾਨ ਅਜੇ ਤਕ ਵਫ਼ਾ ਨਹੀਂ ਹੋਏ,

ਉਲਟਾ ਸਰਕਾਰ ਤਨਖਾਹ ਕਟੌਤੀ ਦਾ ਫੈਸਲਾ ਥੋਪਣ ਲਈ ਵਾਰ-ਵਾਰ ਕਲਿੱਕ ਦੀ ਆਪਸ਼ਨ ਖੋਲ੍ਹ ਕੇ ਆਪਣੇ ਸਿੱਖਿਆ ਤੇ ਅਧਿਆਪਕ ਮਾਰੂ ਮਨਸੂਬੇ ਨੂੰ ਪੂਰਾ ਕਰਨ ਤੇ ਲੱਗੀ ਹੋਈ ਹੈ। ਜਿਸ ਨੂੰ ਲੈ ਕੇ ਅਧਿਆਪਕਾਂ ਵੱਲੋਂ ਮੁੜ ਸੰਘਰਸ਼ ਦੀ ਸ਼ੁਰੂਆਤ ਕਰਨੀ ਪਈ। ਆਗੂਆਂ ਨੇ ਚੇਤਾਵਨੀ ਦਿਤੀ ਕਿ ਮਸਲਿਆਂ ਦਾ ਵਾਜਿਬ ਹੱਲ ਨਾ ਹੋਣ 'ਤੇ 3 ਫਰਵਰੀ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲੇ ਵਿੱਚ ਸੂਬਾ ਪੱਧਰੀ ਰੈਲੀ ਕਰ ਕੇ ਕਾਂਗਰਸ ਸਰਕਾਰ ਨੂੰ ਕੀਤੇ ਵਾਅਦੇ

ਪੂਰੇ ਕਰਵਾਉਣ ਲਈ ਮਜਬੂਰ ਕੀਤਾ ਜਾਵੇਗਾ ਅਤੇ ਮੰਗਾਂ ਦੀ ਪੂਰਤੀ ਤਕ ਸੰਘਰਸ਼ ਨੂੰ ਹੋਰ ਭਖਾਇਆ ਜਾਵੇਗਾ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਦੇ ਓ.ਐਸ.ਡੀ. ਬਲਬੀਰ ਸਿੰਘ ਨੇ ਅਧਿਆਪਕਾਂ ਨਾਲ ਗੱਲਬਾਤ ਕਰ ਕੇ ਕਲ ਦੁਪਹਿਰ 2 ਵਜੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿਤਾ, ਜਿਸ ਉਪਰੰਤ ਅਧਿਆਪਕਾਂ ਨੇ ਅਪਣਾ ਧਰਨਾ ਪ੍ਰਦਰਸ਼ਨ ਖ਼ਤਮ ਕੀਤਾ।