'ਆਪ' ਨੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ

ਏਜੰਸੀ

ਖ਼ਬਰਾਂ, ਪੰਜਾਬ

'ਆਪ' ਨੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਮਨਾਈ ਲੋਹੜੀ

image

ਚੰਡੀਗੜ੍ਹ, 13 ਜਨਵਰੀ (ਸੁਰਜੀਤ ਸਿੰਘ ਸੱਤੀ): ਆਮ ਆਦਮੀ ਪਾਰਟੀ ਵਲੋਂ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਨੂੰ ਸਮਰਪਤ ਲੋਹੜੀ ਦਾ ਤਿਉਹਾਰ ਪੰਜਾਬ ਭਰ ਵਿਚ ਮਨਾਉਾਦੇ ਹੋਏ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ | ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡਾ ਅੰਨਦਾਤਾ ਅਪਣੀ ਹੋਂਦ ਬਚਾਉਣ ਨੂੰ ਲੈ ਕੇ ਕੇਂਦਰ ਦੇ ਖੇਤੀ ਬਾਰੇ ਕਾਲੇ ਕਾਨੂੰਨਾਂ ਵਿਰੁਧ ਕੜਾਕੇ ਦੀ ਠੰਢ ਵਿਚ ਦਿੱਲੀ ਦੇ ਬਰਾਡਰ ਉੱਤੇ ਦਿਨ ਰਾਤ ਅੰਦੋਲਨ ਕਰਦਾ ਹੋਇਆ ਸ਼ਹੀਦੀਆਂ ਪਾ ਰਹੇ ਹਨ | ਹੁਣ ਤਕ ਅੰਦੋਲਨ ਵਿਚ ਡੱਟੇ ਹੋਏ 65 ਤੋਂ ਵੱਧ ਸਾਡੇ ਕਿਸਾਨ ਭਰਾ ਸ਼ਹੀਦੀਆਂ ਪਾ ਗਏ ਹਨ | 
ਉਨ੍ਹਾਂ ਕਿਹਾ ਕਿ ਕੇਂਦਰੀ ਦੀ ਮੋਦੀ ਸਰਕਾਰ ਵਲੋਂ ਪੈਦਾ ਕੀਤੇ ਗਏ ਅਜਿਹੇ ਡਰਾਉਣੇ ਮਾਹੌਲ ਵਿਚ ਸਾਡੇ ਤਿਉਹਾਰ ਵੀ ਉਨ੍ਹਾਂ ਕਿਸਾਨਾਂ ਨੂੰ ਸਮਰਪਤ ਹਨ | ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਵਲੋਂ ਪੰਜਾਬ ਭਰ ਵਿਚ ਸ਼ਹੀਦ ਕਿਸਾਨਾਂ ਨੂੰ ਸਮਰਪਤ ਲੋਹੜੀ ਮਨਾਉਾਦੇ ਹੋਏ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਦਿਤੀ ਗਈ | ਉਨ੍ਹਾਂ ਦਸਿਆ ਕਿ ਸੂਬੇ ਵਿਚ ਹਰ ਪਿੰਡ, ਮੁਹੱਲੇ ਅਤੇ ਗਲੀ ਵਿਚ ਕਾਲੇ ਕਾਨੂੰਨਾਂ ਵਿਰੁਧ ਅਵਾਜ਼ ਬੁਲੰਦ ਕਰਦੇ ਹੋਏ ਲੋਕਾਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਲੋਹੜੀ ਮਨਾਈ ਗਈ | ਇਸ ਦੌਰਾਨ 16 ਹਜ਼ਾਰ ਤੋਂ ਵਧ ਥਾਵਾਂ ਉੱਤੇ ਦਲਿੱਦਰ ਰੂਪੀ ਕੇਂਦਰੀ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ | ਸਾਡਾ ਅੰਨਦਾਤਾ ਜਿਨ੍ਹਾਂ ਕੇਂਦਰੀ ਕਾਲੇ ਕਾਨੂੰਨਾਂ ਨੂੰ ਅਪਣੇ ਲਈ ਮੌਤ ਦੇ ਵਰੰਟ ਦਸ ਰਿਹਾ ਹੈ, ਉਨ੍ਹਾਂ ਕਾਨੂੰਨਾਂ ਦੀਆਂ 8 ਲੱਖ ਤੋਂ ਜ਼ਿਆਦਾ ਕਾਪੀਆਂ ਲੋਹੜੀ ਦੀ ਅੱਗ ਵਿਚ ਫੂਕੀਆਂ ਗਈਆਂ |
ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਕਿਸਾਨ ਦਾ ਪੁੱਤ ਦੇਸ਼ ਦੀ ਸਰਹੱਦ ਉੱਤੇ ਦੁਸ਼ਮਣ ਦੇਸ਼ਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਰਿਹਾ ਹੈ, ਦੂਜੇ ਪਾਸੇ ਸਾਡੇ ਹੀ ਦੇਸ਼ ਦੇ ਹਾਕਮ ਵਿਰੁਧ ਲੋਕਤੰਤਰਿਕ ਢੰਗ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਸ਼ਹੀਦ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ਦਾ ਹਾਕਮ ਅੰਨਾ, ਬੋਲਾ ਅਤੇ ਗੂੰਗਾ ਹੋ ਚੁੱਕਿਆ ਹੈ ਜੋ ਕਿਸਾਨਾਂ ਦੀਆਂ ਹੱਕੀ ਉਤੇ ਜਾਇਜ਼ ਮੰਗਾਂ ਮੰਨਣ ਦੀ ਬਜਾਏ ਮੁੱਠੀਭਰ ਕਾਰਪੋਰੇਟ ਘਰਾਣਿਆਂ ਦੇ ਹੱਕ ਵਿਚ ਭੁਗਤ ਰਿਹਾ ਹੈ |