ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ‘ਤੇ ਨਵਜੋਤ ਸਿੱਧੂ ਦਾ ਸਵਾਲ, ਇਹ ਕਮੇਟੀ ਕਿਸ ਨੂੰ ਜਵਾਬਦੇਹ ਹੈ ?
ਨਵਜੋਤ ਸਿੱਧੂ ਨੇ ਕੀਤਾ ਟਵੀਟ
ਚੰਡੀਗੜ੍ਹ: ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਲਗਾਤਾਰ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ। ਉਹ ਸੋਸ਼ਲ ਮੀਡੀਆ ‘ਤੇ ਕਿਸਾਨਾਂ ਦੇ ਹੱਕ ਵਿਚ ਕਈ ਪੋਸਟਾਂ ਸਾਂਝੀਆਂ ਕਰਦੇ ਦਿਖਾਈ ਦੇ ਰਹੇ ਹਨ। ਹਾਲ ਹੀ ਵਿਚ ਨਵਜੋਤ ਸਿੱਧੂ ਨੇ ਸੁਪਰੀਮ ਕੋਰਟ ਵੱਲੋਂ ਬਣਾਈ ਚਾਰ ਮੈਂਬਰੀ ਕਮੇਟੀ ‘ਤੇ ਸਵਾਲ ਚੁੱਕੇ ਹਨ।
ਸਿੱਧੂ ਨੇ ਟਵੀਟ ਕੀਤਾ, ‘ਸੰਵਿਧਾਨ ਕਹਿੰਦਾ ਹੈ, " ਸਰਕਾਰਾਂ ਲੋਕਾਂ ਦੀਆਂ, ਲੋਕਾਂ ਦੁਆਰਾ ਅਤੇ ਲੋਕਾਂ ਲਈ ਹੁੰਦੀਆਂ ਹਨ “ ... ਜੇ ਕੋਈ ਕਮੇਟੀ ਬਣਦੀ ਹੈ ਤਾਂ ਉਸ ਦੀ ਜਵਾਬਦੇਹੀ ਸਿਰਫ਼ ਲੋਕਾਂ - ਕਿਸਾਨ, ਮਜ਼ਦੂਰ, ਵਪਾਰੀ ਆਦਿ ਪ੍ਰਤੀ ਹੋਣੀ ਚਾਹੀਦੀ ਹੈ ... ਇਹ ਕਮੇਟੀ ਕਿਸ ਨੂੰ ਜਵਾਬਦੇਹ ਹੈ ?
ਇਸ ਤੋਂ ਪਹਿਲਾਂ ਵੀ ਬੀਤੇ ਦਿਨ ਸਿੱਧੂ ਨੇ ਕਿਸਾਨਾਂ ਨੂੰ ਅਗਲੇ ਜਨਮ ਵਿਚ ਇਨਸਾਫ ਮਿਲਣ ਦੀ ਗੱਲ ਕਹੀ ਸੀ। ਉਹਨਾਂ ਨੇ ਟਵੀਟ 'ਚ ਲਿਖਿਆ," ਜਸਟਿਸ? ਤੁਹਾਨੂੰ ਅਗਲੇ ਜਨਮ ਵਿਚ ਹੀ ਇਨਸਾਫ ਮਿਲੇਗਾ, ਇਸ ਜਨਮ ਵਿਚ ਤਾਂ ਤੁਹਾਡੇ ਕੋਲ ਵੱਧ ਤੋਂ ਵੱਧ ਕਾਨੂੰਨ ਤੇ ਘੱਟ ਤੋਂ ਘੱਟ ਇਨਸਾਫ ਹੋਵੇਗਾ!"
ਦੱਸ ਦਈਏ ਕਿ ਕਿਸਾਨੀ ਮਸਲੇ ਦੇ ਹੱਲ ਲਈ ਸੁਪਰੀਮ ਕੋਰਟ ਨੇ ਚਾਰ ਮੈਂਬਰੀ ਕਮੇਟੀ ਬਣਾਈ ਹੈ ਪਰ ਇਸ ਕਮੇਟੀ ਦੇ ਮੈਂਬਰ ਪਹਿਲਾਂ ਤੋਂ ਹੀ ਖੇਤੀ ਕਾਨੂੰਨਾਂ ਦਾ ਸਮਰਥਨ ਕਰ ਚੁੱਕੇ ਹਨ। ਕਿਸਾਨ ਜਥੇਬੰਦੀਆਂ ਨੇ ਵੀ ਕਮੇਟੀ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਸੁਪਰੀਮ ਕੋਰਟ ਵੱਲੋਂ ਬਣਾਈ ਗਈ ਇਸ ਕਮੇਟੀ ਵਿਚ ਭੁਪਿੰਦਰ ਸਿੰਘ ਮਾਨ, ਡਾ. ਪ੍ਰਮੋਦ ਕੁਮਾਰ ਜੋਸ਼ੀ, ਅਸ਼ੋਕ ਗੁਲਾਟੀ ਤੇ ਅਨਿਲ ਸ਼ੇਤਕਰੀ ਸ਼ਾਮਲ ਹਨ।