ਅੰਮ੍ਰਿਤਸਰ ਦੇ ਸਰਹੱਦੀ ਪਿੰਡ ਧਨੋਆ ਕਲਾਂ ਤੋਂ ਪੰਜ ਕਿੱਲੋ ਆਰਡੀਐਕਸ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤਸਰ ਤੋਂ ਕਰੀਬ 17 ਕਿਲੋਮੀਟਰ 'ਤੇ ਸਥਿਤ ਹੈ ਅਤੇ ਸਰਹੱਦ ਦੇ ਬਿਲਕੁਲ ਨਾਲ ਲਗਦਾ ਹੈ ਧਨੋਆ ਕਲਾਂ

Five kg RDX recovered from border village Dhanoa Kalan in Amritsar

ਅੰਮ੍ਰਿਤਸਰ (ਸਰਵਣ ਰੰਧਾਵਾ) : ਸਥਾਨਕ ਸਰਹੱਦ ਦੇ ਨਾਲ ਲੱਗਦੇ ਪਿੰਡ ਧਨੋਆ ਕਲਾਂ ਦੇ ਇਲਾਕੇ ਵਿਚੋਂ ਬੀਐਸਐਫ ਵੱਲੋਂ ਪੰਜ ਕਿਲੋ ਤੋਂ ਵੱਧ ਆਰਡੀਐਕਸ ਬਰਾਮਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦੋ ਹੈਂਡ ਗ੍ਰਨੇਡ ਫੜ੍ਹੇ ਜਾਣ ਦੀ ਖਬਰ ਹੈ ਹਾਲਾਂਕਿ ਇਸ ਦੀ ਕੋਈ ਅਧਿਕਾਰਿਤ ਤੌਰ 'ਤੇ ਪੁਸ਼ਟੀ ਨਹੀਂ ਹੋਈ ਹੈ।

ਜਾਣਕਾਰੀ ਅਨੁਸਾਰ ਧਨੋਆ ਕਲਾਂ ਅੰਮ੍ਰਿਤਸਰ ਤੋਂ ਕਰੀਬ 17 ਕਿਲੋਮੀਟਰ 'ਤੇ ਸਥਿਤ ਹੈ ਅਤੇ ਸਰਹੱਦ ਦੇ ਬਿਲਕੁਲ ਨਾਲ ਲਗਦਾ ਹੈ। ਪੰਜਾਬ ਦੇ ਵਿੱਚ ਚੋਣਾਂ ਦੇ ਚਲਦਿਆਂ ਮਾਹੌਲ ਖ਼ਰਾਬ ਕਰਨ ਲਈ ਪਾਕਿਸਤਾਨ ਦੀ ਖੂਫ਼ੀਆ ਏਜੰਸੀ ਆਈਐਸਆਈ ਅਤੇ ਹੋਰ ਸਮਰਥਕਾਂ ਵੱਲੋਂ ਇਹ ਆਰਡੀਐਕਸ ਦੀ ਖੇਪ ਭਾਰਤ ਭੇਜੀ ਦੱਸੀ ਜਾ ਰਹੀ ਹੈ।

ਦੱਸ ਦੇਈਏ ਕਿ ਪਿੰਡ ਦੇ ਬਾਹਰਵਾਰ ਬਣੀ ਇੱਕ ਦਰਗਾਹ ਤੋਂ ਇੱਕ ਅਟੈਚੀ ਵਿਚੋਂ ਇਹ ਅਰਡੀਐਕਸ ਬਰਾਮਦ ਕੀਤੀ ਗਈ ਹੈ। ਬੀਐਸਐਫ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਆਰਡੀਐਕਸ ਪੰਜ ਕਿੱਲੋ ਤੋਂ ਵੱਧ ਦੱਸਿਆ ਜਾ ਰਿਹਾ ਹੈ। ਫਿਲਹਾਲ ਪੰਜਾਬ ਪੁਲੀਸ ਅਤੇ ਬੀਐਸਐਫ ਦੇ ਜਵਾਨਾਂ ਵੱਲੋਂ ਸਾਂਝੇ ਤੌਰ ਤੇ ਇਲਾਕੇ ਵਿਚ ਸਰਚ ਆਪ੍ਰੇਸ਼ਨ ਕੀਤਾ ਜਾ ਰਿਹਾ ਹੈ ਕਿਉਂਕਿ ਖ਼ਦਸ਼ਾ ਜਾ ਰਹੀ ਹੈ ਕਿ ਆਰਡੀਐਕਸ ਦੇ ਨਾਲ ਕੁਝ ਘੁਸਪੈਠੀਏ ਵੀ ਸਰਹੱਦ ਰਾਹੀਂ ਦਾਖ਼ਲ ਹੋਏ ਹੋ ਸਕਦੇ ਹਨ ਜਿਸ ਦੇ ਚੱਲਦਿਆਂ ਪੰਜਾਬ ਪੁਲੀਸ ਤੇ ਬੀਐਸਐਫ ਦੇ ਜਵਾਨਾਂ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ।

ਇਸ ਦੇ ਨਾਲ ਹੀ ਮੌਕੇ 'ਤੇ ਬੰਬ ਨੂੰ ਨਕਾਰਾ ਕਰਨ ਲਈ ਵਿਸ਼ੇਸ਼ ਦਸਤੇ ਵੀ ਬੁਲਾਏ ਗਏ ਸਨ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਹਨ  ਜਿਸ ਦੇ ਚੱਲਦਿਆਂ ਪੰਜਾਬ ਦੇ ਵਿੱਚ ਗੜਬੜੀ ਫੈਲਾਉਣ ਦੇ ਮਕਸਦ ਦੇ ਨਾਲ ਇਸ ਆਰਡੀਐਕਸ ਦੀ ਖੇਪ ਨੂੰ ਪੰਜਾਬ ਭੇਜਿਆ ਗਿਆ ਹੈ। ਐਸਟੀਐਫ ਅਤੇ ਬੀ.ਐਸ.ਐਫ. ਵਲੋਂ ਸਾਂਝੇ ਤੌਰ 'ਤੇ ਇਲਾਕੇ ਦੇ ਚੱਪੇ ਚੱਪੇ ਦੀ ਤਲਾਸ਼ੀ ਲਈ ਜਾ ਰਹੀ ਹੈ।