ਬਹੁਚਰਚਿਤ ਨੰਨ ਬਲਾਤਕਾਰ ਮਾਮਲੇ 'ਚ ਤਿੰਨ ਸਾਲ ਬਾਅਦ ਬਿਸ਼ਪ ਮੁਲੱਕਲ ਫ੍ਰੈਂਕੋ ਹੋਏ ਬਰੀ

ਏਜੰਸੀ

ਖ਼ਬਰਾਂ, ਪੰਜਾਬ

ਸਾਲ 2018 'ਚ ਬਿਸ਼ਪ ਫ੍ਰੈਂਕੋ 'ਤੇ ਬਲਾਤਕਾਰ ਦਾ ਮਾਮਲਾ ਹੋਇਆ ਸੀ ਦਰਜ

Franco Mulakka

 

ਜਲੰਧਰ -ਜਲੰਧਰ ਦੇ ਸਾਬਕਾ ਬਿਸ਼ਪ ਫਰੈਂਕੋ ਮੁਲੱਕਲ ਨੂੰ ਨੰਨ ਬਲਤਾਕਾਰ ਮਾਮਲੇ 'ਚ ਕੇਰਲਾ ਦੀ ਅਦਾਲਤ ਨੇ ਬਰੀ ਕਰ ਦਿੱਤਾ ਹੈ। ਕੇਰਲ ਦੇ ਕੋਟਾਯਮ ਵਿਚ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਦੇ ਜੱਜ ਜੀ ਗੋਪਕੁਮਾਰ ਨੇ ਇਹ ਫੈਸਲਾ ਸੁਣਾਇਆ। ਇਸ ਦੌਰਾਨ ਅਦਾਲਤ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਫਰੈਂਕੋ ਮੁਲੱਕਲ 'ਤੇ ਨੰਨ ਨੇ ਬਲਾਤਕਾਰ ਦੇ ਨਾਲ ਗੈਰ-ਕੁਦਰਤੀ ਸਬੰਧ ਬਾਉਣ ਦੇ ਦੋਸ਼ ਲਗਾਏ ਸਨ। 

ਮੁਲੱਕਲ ਦੇ ਖਿਲਾਫ਼ 83 ਗਵਾਹ ਸਨ। ਇਸ ਮਾਮਲੇ ਵਿਚ 2019 ਵਿਚ ਅਦਾਲਤ ਵਿਚ 2,000 ਪੰਨਿਆਂ ਦੀ ਚਾਰਜਸ਼ੀਟ ਦਾਖਲ ਕੀਤੀ ਗਈ ਸੀ, ਜਿਸ ਵਿਚ ਲੈਪਟਾਪ, ਮੋਬਾਈਲ ਅਤੇ ਮੈਡੀਕਲ ਟੈਸਟਾਂ ਸਮੇਤ 30 ਸਬੂਤ ਬਰਾਮਦ ਕੀਤੇ ਗਏ ਸਨ। ਬਰੀ ਹੋਣ ਤੋਂ ਬਾਅਦ ਮੁਲੱਕਲ ਨੇ ਇਸ ਨੂੰ ਰੱਬ ਦੀ ਬਢੱਪਨ ਕਿਹਾ। ਦੂਜੇ ਪਾਸੇ ਨੰਨ ਪੱਖ ਨੇ ਕਿਹਾ ਹੈ ਕਿ ਉਹ ਹਾਈਕੋਰਟ ਜਾਣਗੇ। ਮੁਲੱਕਲ ਦੇ ਬਰੀ ਹੋਣ ਦੀ ਖ਼ਬਰ ਮਿਲਦਿਆਂ ਹੀ ਜਲੰਧਰ ਦੇ ਬਿਸ਼ਪ ਹਾਊਸ ਵਿਚ ਤਿਉਹਾਰ ਦਾ ਮਾਹੌਲ ਬਣ ਗਿਆ। ਲੱਡੂ ਵੰਡੇ ਗਏ ਅਤੇ ਢੋਲ ਦੀ ਗੂੰਜ 'ਤੇ ਭੰਗੜਾ ਪਾਇਆ ਗਿਆ। ਬਿਸ਼ਪ ਦੇ ਪੈਰੋਕਾਰ ਬਹੁਤ ਖੁਸ਼ ਸਨ। ਉਨ੍ਹਾਂ ਦੇ ਵਕੀਲ ਮਨਦੀਪ ਸਚਦੇਵਾ ਵੀ ਬਿਸ਼ਪ ਦੇ ਘਰ ਪਹੁੰਚੇ। 

 

ਬਿਸ਼ਪ ਦੇ ਵਕੀਲ ਮਨਦੀਪ ਸਚਦੇਵਾ ਨੇ ਦੱਸਿਆ ਕਿ ਰਾਤ 11.30 ਵਜੇ ਕੇਰਲ ਦੀ ਸੈਸ਼ਨ ਕੋਰਟ ਨੇ ਬਿਸ਼ਪ ਦੇ ਹੱਕ ਵਿਚ ਫੈਸਲਾ ਸੁਣਾਇਆ। ਬਿਸ਼ਪ ਮਾਨਸਿਕ ਦਬਾਅ ਵਿੱਚ ਸੀ ਕਿਉਂਕਿ ਉਸ ਦੀ ਸਾਲਾਂ ਦੀ ਕਮਾਈ ਦਾਅ 'ਤੇ ਲੱਗੀ ਹੋਈ ਸੀ ਪਰ ਅੱਜ ਉਹ ਰਾਹਤ ਮਹਿਸੂਸ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਜੂਨ 2018 ਵਿਚ, ਕੇਰਲ ਦੀ ਇੱਕ ਨੰਨ ਨੇ ਰੋਮਨ ਕੈਥੋਲਿਕ ਧਰਮ ਦੇ ਜਲੰਧਰ ਡਾਇਓਸਿਸ ਦੇ ਉਸ ਸਮੇਂ ਦੇ ਬਿਸ਼ਪ ਫ੍ਰੈਂਕੋ ਮੁਲੱਕਲ 'ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ।

ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਗਿਆ ਹੈ ਕਿ ਮੁਲੱਕਲ ਨੇ ਕੁਰਾਵਿਲੰਗੜ ਦੇ ਇੱਕ ਗੈਸਟ ਹਾਊਸ ਵਿਚ ਨੰਨ ਨਾਲ ਬਲਾਤਕਾਰ ਕੀਤਾ, ਫਿਰ ਉਸ ਨੂੰ ਕਈ ਹੋਰ ਰਾਜਾਂ ਵਿਚ ਗੈਸਟ ਹਾਊਸਾਂ ਵਿਚ ਲੈ ਗਿਆ ਤੇ ਲਗਾਤਾਰ ਸੋਸ਼ਣ ਕਰਦਾ ਰਿਹਾ। ਮਈ 2014 ਤੋਂ ਸਤੰਬਰ 2018 ਦਰਮਿਆਨ ਉਸ ਨਾਲ 13 ਵਾਰ ਬਲਾਤਕਾਰ ਹੋਇਆ। ਨੰਨ ਨੇ ਚਰਚ ਪ੍ਰਸ਼ਾਸਨ ਨੂੰ ਕਈ ਵਾਰ ਸ਼ਿਕਾਇਤ ਕੀਤੀ ਪਰ ਕੋਈ ਕਾਰਵਾਈ ਨਾ ਹੋਣ 'ਤੇ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਜਾਂਚ ਤੋਂ ਬਾਅਦ ਮੁਲੱਕਲ ਖਿਲਾਫ਼ 28 ਜੂਨ 2018 ਨੂੰ ਮਾਮਲਾ ਦਰਜ ਕੀਤਾ ਗਿਆ ਸੀ।

ਫਿਰ ਕੇਰਲ ਪੁਲਿਸ ਨੇ ਫਰੈਂਕੋ ਮੁਲੱਕਲ ਨੂੰ ਜਾਂਚ ਲਈ ਕੇਰਲ ਬੁਲਾਇਆ। ਸਖ਼ਤ ਪੁੱਛਗਿੱਛ ਤੋਂ ਬਾਅਦ ਮੁਲੱਕਲ ਨੂੰ 21 ਸਤੰਬਰ 2018 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇੱਕ ਮਹੀਨਾ ਜੇਲ੍ਹ ਵਿਚ ਬਿਤਾਉਣ ਤੋਂ ਬਾਅਦ, ਮੁਲੱਕਲ ਨੂੰ ਕੇਰਲ ਹਾਈ ਕੋਰਟ ਨੇ ਕੁਝ ਸ਼ਰਤਾਂ ਨਾਲ ਜ਼ਮਾਨਤ ਦਿੱਤੀ ਸੀ। ਜਿਸ ਵਿਚ ਪਾਸਪੋਰਟ ਜਮ੍ਹਾਂ ਕਰਵਾਉਣ ਤੋਂ ਲੈ ਕੇ ਕੇਰਲ ਤੋਂ ਬਾਹਰ ਰਹਿਣ ਤੱਕ ਕਈ ਸ਼ਰਤਾਂ ਲਗਾਈਆਂ ਗਈਆਂ ਸਨ।