ਪੰਜਾਬ ਆੜ੍ਹਤੀਆ ਫੈਡਰੇਸ਼ਨ ਦੇ ਜਨਰਲ ਸਕੱਤਰ ਪੰਜਾਬ ਲੋਕ ਕਾਂਗਰਸ 'ਚ ਹੋਏ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਦਾ ਬੁਲਾਰਾ ਵੀ ਸਾਥੀਆਂ ਸਮੇਤ ਹੋਇਆ ਪੰਜਾਬ ਲੋਕ ਕਾਂਗਰਸ ਵਿੱਚ ਸ਼ਾਮਲ

General Secretary of Punjab Arhatya Federation joins Punjab Lok Congress

 

ਚੰਡੀਗੜ੍ਹ : ਦਿੜ੍ਹਬਾ ਤੋਂ ਪੰਜਾਬ ਆੜ੍ਹਤੀਆ ਫੈਡਰੇਸ਼ਨ ਦੇ ਜਨਰਲ ਸਕੱਤਰ ਸੁਨੀਲ ਕੁਮਾਰ ਦਿੜ੍ਹਬਾ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਆਪਣੇ ਦੋ ਸਾਥੀਆਂ ਅਵਤਾਰ ਸਿੰਘ ਤੇ ਗੁਰਜੰਟ ਸਿੰਘ ਸਣੇ ਪੰਜਾਬ ਲੋਕ ਕਾਂਗਰਸ 'ਚ ਸ਼ਾਮਲ ਹੋ ਗਏ। ਪਾਰਟੀ 'ਚ ਸ਼ਾਮਲ ਹੋਣ ਮੌਕੇ ਦਿੜ੍ਹਬਾ ਨੇ ਕਿਹਾ ਕਿ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਵਲੋਂ ਖਾਸ ਤੌਰ 'ਤੇ ਆਪਣੇ ਸ਼ਾਸਨਕਾਲ ਦੌਰਾਨ ਕਿਸਾਨੀ ਭਾਈਚਾਰੇ ਲਈ ਚੁੱਕੇ ਗਏ ਕਦਮਾਂ ਲਈ ਧੰਨਵਾਦੀ ਹਨ।

ਕੈਪਟਨ ਅਮਰਿੰਦਰ ਵੱਲੋਂ ਸੂਬੇ ਦੇ ਹਜ਼ਾਰਾਂ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦਿੱਤੀ ਗਈ। ਤਿੱਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਸੰਘਰਸ਼ ਨੂੰ ਕੈਪਟਨ ਅਮਰਿੰਦਰ ਵੱਲੋਂ ਸਮਰਥਨ ਦਿੱਤਾ ਗਿਆ ਅਤੇ ਜੇਕਰ ਉਨ੍ਹਾਂ ਦੀ ਮਦਦ ਨਾ ਮਿਲਦੀ ਤਾਂ ਇਹ ਤਿੰਨੇ ਕਾਨੂੰਨ ਵਾਪਸ ਨਾ ਹੁੰਦੇ। ਫੈਡਰੇਸ਼ਨ ਦੇ ਜਨਰਲ ਸਕੱਤਰ ਨੇ ਕਿਹਾ ਕਿ ਪੰਜਾਬ ਚਾਹੁੰਦਾ ਹੈ ਕਿ ਕੈਪਟਨ ਅਮਰਿੰਦਰ ਸੂਬਾ ਸਰਕਾਰ ਦੀ ਅਗਵਾਈ ਕਰਨ, ਕਿਉਂਕਿ ਪੰਜਾਬ ਨੂੰ ਇਸ ਵੇਲੇ ਉਨ੍ਹਾਂ ਦੀ ਬਹੁਤ ਲੋੜ ਹੈ। ਸਮਾਜ ਦੇ ਸਾਰੇ ਵਰਗ, ਭਾਵੇਂ ਉਹ ਕਿਸਾਨ ਹੋਣ ਜਾਂ ਫਿਰ ਵਪਾਰੀ, ਹਰ ਕੋਈ ਕੈਪਟਨ ਅਮਰਿੰਦਰ ਦਾ ਸਮਰਥਨ ਕਰਦਾ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਬੁਲਾਰੇ ਅਮਨਦੀਪ ਸਿੰਘ ‘ਗੋਰਾ’ ਗਿੱਲ ਅੱਜ ਭੁਲੱਥ ਵਿਧਾਨ ਸਭਾ ਹਲਕੇ ਦੇ ਸਰਪੰਚ ਅਤੇ ਪੰਚਾਂ ਤੇ ਹੋਰ ਕਈ ਸਮਰਥਕਾਂ ਸਮੇਤ ਪੰਜਾਬ ਲੋਕ ਕਾਂਗਰਸ ਵਿਚ ਸ਼ਾਮਲ ਹੋਏ ਹਨ। ਗਿੱਲ ਦੇ ਨਾਲ ਅੱਜ ਪੀਐਲਸੀ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਭੁਲੱਥ ਦੇ ਚਾਰ ਮੌਜੂਦਾ ਸਰਪੰਚ ਵੀ ਸ਼ਾਮਲ ਹਨ। ਇਨ੍ਹਾਂ ਵਿਚ ਨਿਰਮਲ ਸਿੰਘ, ਸਰਪੰਚ ਪਿੰਡ ਰਾਮਗੜ੍ਹ, ਮਾਸਟਰ ਬਲਕਾਰ ਸਿੰਘ, ਸਰਪੰਚ ਪਿੰਡ ਮੰਡ ਕੁਲਾ, ਗੁਰਭੇਜ ਸਿੰਘ, ਸਰਪੰਚ ਪਿੰਡ ਪੰਡੋਰੀ ਅਰਾਈਆਂ, ਕੁਲਵੰਤ ਸਿੰਘ ਸਰਪੰਚ ਪਿੰਡ ਮੰਡ ਤਲਵੰਡੀ ਕੂਕਾ ਆਦਿ ਸ਼ਾਮਲ ਹਨ।

ਇਸ ਮੌਕੇ ਗਿੱਲ ਨੇ ਕਿਹਾ ਕਿ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਜਿਸ ਤਰ੍ਹਾਂ ਦਾ ਵਿਵਹਾਰ ਕੀਤਾ ਗਿਆ ਹੈ, ਉਸ ਤੋਂ ਕਾਂਗਰਸੀ ਵਰਕਰਾਂ ਵਿਚ ਭਾਰੀ ਰੋਸ ਹੈ।  ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਚੱਲ ਰਹੀ ਅੰਦਰੂਨੀ ਲੜਾਈ ਤੋਂ ਪਾਰਟੀ ਵਰਕਰ ਅਤੇ ਇੱਥੋਂ ਤੱਕ ਕਿ ਆਗੂ ਤੇ ਵਿਧਾਇਕ ਵੀ ਦੁਖੀ  ਹਨ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰਲੀ ਧੜੇਬੰਦੀ ਨੂੰ ਦੇਖਦੇ ਹੋਏ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇੰਝ ਲੱਗ ਰਿਹਾ ਹੈ ਕਿ ਸ਼ਾਇਦ ਪਾਰਟੀ ਤੀਹ ਸੀਟਾਂ ਵੀ ਨਾ ਜਿੱਤ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਤੋਂ ਹੀ ਉਮੀਦ ਨਜ਼ਰ ਆਉਂਦੀ ਹੈ ਅਤੇ ਉਹ ਚਾਹੁੰਦੇ ਹਨ ਕਿ ਕੈਪਟਨ ਅਮਰਿੰਦਰ ਮੁੜ ਤੋਂ ਮੁੱਖ ਮੰਤਰੀ ਬਣਨ।