ਮਾਨਸਾ ਦੀ ਟਿਕਟ ਨੂੰ ਲੈ ਕੇ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਹਾਈ ਕਮਾਂਡ ਨੂੰ ਲਿੱਖੀ ਚਿੱਠੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਸਿੱਧੂ ਮੂਸੇਵਾਲੇ ਨੂੰ ਟਿਕਟ ਦਿੱਤੀ ਤਾਂ ਮੇਰੇ ਕੋਲ ਖੁੱਲ੍ਹੇ ਬਦਲ

Nazar Singh Manshahia

ਚੰਡੀਗੜ੍ਹ : ਜਿਵੇਂ ਜਿਵੇਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸੀ ਸਰਗਰਮੀਆਂ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਕਿਸੇ ਦੀਆਂ ਟਿਕਟਾਂ ਕੱਟੀਆਂ ਜਾ ਰਹੀਆਂ ਹਨ ਅਤੇ ਕਿਸੇ ਨੂੰ ਟਿਕਟ ਦੇ ਕੇ ਨਿਵਾਜਿਆ ਜਾ ਰਿਹਾ ਹੈ। ਇਸ ਸਭ ਦੇ ਚਲਦਿਆਂ ਭਾਵੇਂ ਕਿ ਕਾਂਗਰਸ ਪਾਰਟੀ ਵਲੋਂ ਅਜੇ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਨਹੀਂ ਕੀਤੀ ਗਈ ਹੈ ਪਰ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਹਲਕਾ ਮਾਨਸਾ ਤੋਂ ਸਿੱਧੂ ਮੂਸੇਵਾਲਾ ਨੂੰ ਪਾਰਟੀ ਵਲੋਂ ਟਿਕਟ ਦਿਤੀ ਜਾਵੇਗੀ।

ਜਿਸ ਤੋਂ ਬਾਅਦ ਹੁਣ ਉਥੋਂ ਕਾਂਗਰਸ ਪਾਰਟੀ ਦੇ ਮੌਜੂਦਾ ਉਮੀਦਵਾਰ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਆਪਣੀ ਟਿਕਟ ਬਚਾਉਣ ਲਈ ਹੈ ਕਮਾਂਡ ਨੂੰ ਇੱਕ ਪੱਥਰ ਲਿਖਿਆ ਹੈ ਅਤੇ ਕਿਹਾ ਹੈ ਕਿ ਉਹ ਪਾਰਟੀ ਲਈ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਇਸ ਤਰ੍ਹਾਂ ਉਨ੍ਹਾਂ ਦੀ ਟਿਕਟ ਨਹੀਂ ਕੱਟੀ ਜਾ ਸਕਦੀ। ਦੱਸ ਦੇਈਏ ਕਿ ਮਾਨਸ਼ਾਹੀਆ ਨੇ ਇਹ ਚਿੱਠੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ, ਆਲ ਇੰਡੀਆ ਕਾਂਗਰਸ ਕਮੇਟੀ ਦੇ ਨਾਮ ਲਿਖੀ ਹੈ। 

ਇਸ ਵਿਚ ਉਨ੍ਹਾਂ ਲਿਖਿਆ ਕਿ ਮੈਂ ਹਲਕਾ ਮਾਨਸਾ ਤੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਿਆ ਸੀ ਅਤੇ 20469 ਵਟਾ ਦੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ ਸੀ। ਮੇਰੇ ਪਰਿਵਾਰ ਦੇ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹੋਣ ਕਾਰਨ ਮੈਂ ਸਾਲ 2019 ਵਿਚ ਹੋਈਆਂ ਲੋਕ ਸਭਾ ਦੀਆਂ ਚੋਣਾ ਦੌਰਾਨ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਿਆ ਸੀ।

ਮੈਂ ਐਮ.ਐਲ.ਏ., ਬਨਣ ਤੋਂ ਲੈ ਕੇ ਹੁਣ ਤੱਕ ਲੋਕਾਂ ਦੀ ਸਹੂਲਤ ਲਈ ਦਫ਼ਤਰ ਖੋਲ੍ਹਿਆ ਹੋਇਆ ਹੈ ਅਤੇ ਮੈਂ ਲਗਾਤਾਰ ਆਪਣੇ ਹਲਕੇ ਦੇ ਲੋਕਾਂ ਨਾਲ ਜੁੜਿਆ ਹੋਇਆ ਹਾਂ। ਮੇਰੇ ਪੜ੍ਹੇ-ਲਿਖੇ ਹੋਣ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿੱਚ ਬਤੌਰ SDO, XEN, ਅਤੇ SE ਦਾ ਤਜ਼ਰਬਾ ਰੱਖਦੇ ਹੋਏ ਦਫ਼ਤਰੀ ਕੰਮ ਲੋਕਾਂ ਦੇ ਹਿੱਤ ਵਿੱਚ ਕਰਦਾ ਹੋਣ ਕਾਰਨ ਮੈਂ ਲੋਕਾਂ ਵਿੱਚ ਹਰਮਨ ਪਿਆਰਤਾ ਹਾਸਲ ਕੀਤੀ ਹੈ। ਮੇਰਾ ਭਰਾ ਐਡਵੋਕੇਟ ਸਿਮਰਜੀਤ ਸਿੰਘ ਮਾਨਸ਼ਾਹੀਆ , ਰਣਦੀਪ ਸਿੰਘ ਸੁਰਜੇਵਾਲਾ ਦੀ ਅਗਵਾਈ ਵਿੱਚ ਮਾਨਸਾ ਤੋਂ ਲਗਾਤਾਰ 3 ਸਾਲ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਹੇ ਹਨ ਅਤੇ ਹਲਕੇ ਵਿੱਚ ਪਰਿਵਾਰ ਨੂੰ ਆਦਰ-ਮਾਣ ਪ੍ਰਾਪਤ ਹੈ।

ਮਾਨਸ਼ਾਹੀਆ ਨੇ ਲਿਖਿਆ ਕਿ ਹੁਣ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇ ਵਾਲਾ) ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਉਸ ਨੂੰ ਮਾਨਸਾ ਹਲਕੇ ਤੋਂ ਟਿਕਟ ਦੇਣ ਦੀ ਸਿਆਸਤ ਖੇਡੀ ਜਾ ਰਹੀ ਹੈ, ਜਿਸਦੀ ਮਾਨਸਾ ਦੇ ਲੋਕਾਂ ਵਲੋਂ ਚਾਰ-ਚੁਫੇਰਿਓਂ ਨਿੰਦਾ ਕੀਤੀ ਜਾ ਰਹੀ ਹੈ ਅਤੇ ਮੇਰੀ ਵਿਧਾਨ ਸਭਾ ਹਲਕਾ ਮਾਨਸਾ ਤੋਂ ਟਿਕਟ ਕੱਟਣ ਦੀਆਂ ਵਿਉਂਤਾਂ ਘੜੀਆਂ ਜਾ ਰਹੀਆ ਹਨ ਜੋ ਕਿ ਬਹੁਤ ਮੰਦਭਾਗੀ ਗੱਲ ਹੈ।

ਉਨ੍ਹਾਂ ਕਿਹਾ ਕਿ ਹਲਕਾ ਮਾਨਸਾ ਤੋਂ ਸਿੱਧੂ ਮੂਸੇਵਾਲਾ ਨੂੰ ਟਿਕਟ ਨਾਂ ਦੇ ਕੇ ਮੈਨੂੰ ਟਿਕਟ ਦਿੱਤੀ ਜਾਵੇ। ਮਾਨਸ਼ਾਹੀਆ ਨੇ ਹਾਈ ਕਮਾਂਡ ਨੂੰ ਲਿੱਖੀ ਚਿੱਠੀ ਵਿਚ ਇਹ ਵਿਸ਼ਵਾਸ ਦਿਵਾਇਆ ਕਿ ਜੇਕਰ ਉਨ੍ਹਾਂ ਨੂੰ ਮਾਨਸਾ ਹਲਕੇ ਤੋਂ ਟਿਕਟ ਮਿਲਦੀ ਹੈ ਤਾਂ ਉਹ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਲੀਡ ਨਾਲ ਜਿੱਤ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਉਨ੍ਹਾਂ ਕਿਹਾ ਕਿ ਬਤੌਰ ਵਿਧਾਇਕ ਮੈਂ ਜ਼ਿੰਮੇਵਾਰੀ ਨਾਲ ਡਿਊਟੀ ਨਿਭਾਈ ਹੈ ਪਰ ਜੇਕਰ ਗਾਇਕ ਸਿੱਧੂ ਮੂਸੇਵਾਲਾ ਨੂੰ ਟਿਕਟ ਦਿੱਤੀ ਤਾਂ ਮੇਰੇ ਕੋਲ ਖੁੱਲ੍ਹੇ ਬਦਲ ਹਨ।