ਕਸ਼ਮੀਰ ਦੇ ਪੁੰਛ ਖੇਤਰ 'ਚ ਅਤਿਵਾਦੀਆਂ ਨਾਲ ਲੋਹਾ ਲੈਂਦਿਆਂ ਪੰਜਾਬ ਦਾ ਪੁੱਤ ਗੁਰਜੀਤ ਸਿੰਘ ਹੋਇਆ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

24 ਸਿੱਖ ਫ਼ੀਲਡ ਰੈਜੀਮੈਂਟ ਵਿਚ ਬਤੌਰ ਹੌਲ਼ਦਾਰ ਸੇਵਾ ਨਿਭਾ ਰਿਹਾ ਸੀ ਗੁਰਜੀਤ ਸਿੰਘ

Shaheed Gurjet Singh

11 ਜਨਵਰੀ ਨੂੰ ਹੋਏ ਮੁਕਾਬਲੇ ਦੌਰਾਨ 3 ਅਤਿਵਾਦੀਆਂ ਨੂੰ ਕੀਤਾ ਸੀ ਢੇਰ 

ਤਰਨ ਤਾਰਨ (ਰਵੀ ਖਹਿਰਾ) : ਬੀਤੀ 11 ਜਨਵਰੀ  ਨੂੰ ਜੰਮੂ ਕਸ਼ਮੀਰ ਦੇ ਪੁੰਛ ਇਲਾਕੇ ਵਿਚ ਹੋਏ ਮੁਕਾਬਲੇ ਦੌਰਾਨ ਪੰਜਾਬ ਦਾ ਪੁੱਤਰ ਗੁਰਜੀਤ ਸਿੰਘ ਸ਼ਹੀਦ ਹੋ ਗਿਆ। ਜਾਣਕਾਰੀ ਅਨੁਸਾਰ ਸ਼ਹੀਦ ਗੁਰਜੀਤ ਸਿੰਘ ਪੁੱਤਰ ਮੰਗਲ ਸਿੰਘ ਸਥਾਨਕ ਪਿੰਡ ਕੋਟ ਧਰਮਚੰਦ ਕਲਾਂ ਦਾ ਰਹਿਣ ਵਾਲਾ ਸੀ ਅਤੇ ਕਸ਼ਮੀਰ ਦੇ ਪੁੰਛ ਖੇਤਰ ਵਿਚ 24 ਸਿੱਖ ਫ਼ੀਲਡ ਰੈਜੀਮੈਂਟ ਵਿਚ ਬਤੌਰ ਹੌਲ਼ਦਾਰ ਸੇਵਾ ਨਿਭਾਅ ਰਿਹਾ ਸੀ।

11 ਜਨਵਰੀ ਮੰਗਲਵਾਰ ਨੂੰ ਪਾਕਿਸਤਾਨੀ ਵਾਲੇ ਪਾਸਿਓਂ ਆਏ ਅਤਿਵਾਦੀਆਂ ਨਾਲ ਹੋਏ ਇਕ ਜ਼ਬਰਦਸਤ ਮੁਕਾਬਲੇ ਵਿਚ 3 ਅਤਿਵਾਦੀਆਂ ਨੂੰ ਢੇਰ ਕਰਦਿਆਂ ਅਖੀਰ ਆਪ ਵੀ ਸ਼ਹੀਦੀ ਜਾਮ ਪੀ ਗਿਆ। ਸ਼ਹੀਦ ਦੀ ਦੇਹ ਨੂੰ ਉਸ ਦੇ ਜੱਦੀ ਪਿੰਡ ਕੋਟ ਧਰਮਚੰਦਕਲਾਂ ਵਿਖੇ ਭਾਰਤੀ ਫ਼ੌਜ ਵਲੋਂ ਲਿਆਂਦੀ ਜਾ ਰਹੀ ਹੈ। ਪੱਤਰਕਾਰਾ ਦੀ ਟੀਮ ਜਦੋਂ ਜਵਾਨ ਗੁਰਜੀਤਸਿੰਘ ਪੁੱਤਰ ਮੰਗਲ ਸਿੰਘ ਦੇ ਘਰ ਪਹੁੰਚੀ ਤਾਂ ਸਾਰਾ ਪਿੰਡ ਗਮਗੀਨ ਮਹੌਲ ਵਿਚ ਸ਼ਹੀਦ ਦੇ ਘਰ ਇਕੱਠਾ ਹੋਇਆ ਸੀ।

ਉਸ ਦੀ ਦੇਹ ਦੀ ਉਡੀਕ ਕਰ ਰਿਹਾ ਸੀ। ਸ਼ਹੀਦ ਜਾਵਾਨ ਆਪਣੇ ਪਿੱਛੇ ਬਜ਼ੁਰਗ ਮਾਤਾ ਸੁਰਜੀਤ ਕੌਰ, ਪਤਨੀ ਸੰਦੀਪ ਕੌਰ ਅਤੇ ਦੋ ਛੋਟੇ ਬੱਚੇ ਦਿਲਸ਼ਾਦ ਸਿੰਘ (13) ਅਤੇ ਅੰਸ਼ਦੀਪ ਸਿੰਘ (10) ਨੂੰ ਪਿੱਛੇ ਛੱਡ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਸ਼ਹੀਦ ਗੁਰਜੀਤ ਸਿੰਘ ਦਾ ਚਾਚਾ ਅਜੀਤ ਸਿੰਘ ਵੀ 2003 ਵਿਚ ਪੁੱਛ ਖੇਤਰ ਵਿਚ ਅਤਿਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਸ਼ਹੀਦੀ ਜਾਮ ਪੀ ਗਿਆ ਸੀ ਜਿਸ ਦੀ ਯਾਦ ਵਿਚ ਪਿੰਡ ਵਿਚ ਗੇਟ ਬਣਿਆ ਹੈ।

ਸ਼ਹੀਦ ਗੁਰਜੀਤ ਸਿੰਘ ਦੀ ਪਤਨੀ ਸੰਦੀਪ ਕੌਰ ਨੇ ਦੱਸਿਆ ਕਿ ਸ਼ਹੀਦ ਹੋਣ ਤੋਂ ਥੋੜਾ ਚਿਰ ਪਹਿਲਾ ਹੀ ਉਸ ਦਾ ਫ਼ੋਨ ਆਇਆ ਸੀ ਕਿ ਕੋਈ ਚਿੰਤਾ ਨਹੀਂ ਕਰਨੀ ਮੈਂ ਹੁਣ ਛੁੱਟੀ ਆਉਣਾ ਹੈ ਅਤੇ ਆ ਕੇ ਮਕਾਨ ਦੀ ਰਜਿਸਟਰੀ ਕਰਵਾ ਲਵਾਂਗੇ ਪਰ ਰਾਤ ਨੂੰ ਹੀ ਉਸ ਦੀ ਸ਼ਹੀਦੀ ਦੀ ਖ਼ਬਰ ਆ ਗਈ। ਉਸ ਨੇ ਦੱਸਿਆ ਕਿ ਉਹ 5 ਮਹੀਨੇ ਪਹਿਲਾਂ ਛੁੱਟੀ ਆਇਆ ਸੀ ਅਤੇ ਹੁਣ ਫਿਰ ਛੁੱਟੀ ਆਉਣ ਦੀ ਤਿਆਰੀ ਵਿਚ ਸੀ ਕਿ ਆ ਭਾਣਾ ਵਾਪਰ ਗਿਆ।