Lawrence Bishnoi ਇੰਟਰਵਿਊ ਮਾਮਲੇ ’ਚ ਐਡਵੋਕੇਟ ਗੋਰਵ ਮਲਹੋਤਰਾ ਵਲੋਂ ਵੱਡੇ ਖ਼ੁਲਾਸੇ, ਜਾਣੋ DSP ਗੁਰਸ਼ੇਰ ਸੰਧੂ ਨੇ ਕਿੰਝ ਤਿਆਰ ਕੀਤੀ ਸੀ ਯੋਜਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਗੁਰਸ਼ੇਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਪਤਾ ਚੱਲੇਗਾ ਕਾਲੀਆਂ ਭੇਡਾਂ ਦੇ ਪਿੱਛੇ ਕੌਣ?

Advocate Gaurav Malhotra makes big revelations in Lawrence Bishnoi interview case, know how DSP Gursher Sandhu prepared the plan

ਲਾਰੈਂਸ ਬਿਸ਼ਨੋਈ ਇਕ ਭਾਰਤੀ ਗੈਂਗਸਟਰ ਹੈ ਜੋ 2014 ਤੋਂ ਜੇਲ੍ਹ ਵਿਚ ਹੈ। ਉਸ ’ਤੇ ਕਈ ਅਪਰਾਧਕ ਦੋਸ਼ ਹਨ, ਜਿਨ੍ਹਾਂ ਵਿਚ ਜ਼ਬਰੀ ਵਸੂਲੀ ਤੇ ਕਤਲ ’ਚ ਸ਼ਾਮਲ ਹਨ, ਹਾਲਾਂਕਿ, ਉਸ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕਥਿਤ ਤੌਰ ’ਤੇ ਉਸ ਦਾ ਗਿਰੋਹ ਦੁਨੀਆ ਭਰ ਵਿਚ ਸਰਗਰਮ 700 ਤੋਂ ਵੱਧ ਨਿਸ਼ਾਨੇਬਾਜ਼ਾਂ ਨਾਲ ਜੁੜਿਆ ਹੋਇਆ ਹੈ।

ਲਾਰੈਂਸ ਬਿਸ਼ਨੋਈ ਦਾ ਨਾਮ ਸਿੱਧੂ ਮੂਸੇਵਾਲਾ ਦੇ ਕਤਲ, ਸੁਖਦੇਵ ਗੋਗਾਮੇਦੀ ਅਤੇ ਬਾਬਾ ਸਿੱਦੀਕੀ ਦਾ ਕਤਲ ਆਦਿ ਨਾਲ ਜੁੜਿਆ ਹੋਇਆ ਹੈ। ਲਾਰੈਂਸ ਬਿਸ਼ਨੋਈ ’ਤੇ ਵੱਖ-ਵੱਖ ਤਰ੍ਹਾਂ ਦੇ ਅਪਰਾਧਕ ਮਾਮਲਿਆਂ ’ਚ ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਮਾਮਲੇ ਦਰਜ ਹਨ ਤੇ ਕਈ ਮਾਮਲਿਆਂ ਦੀ ਸੁਣਵਾਈ ਅਦਾਲਤ ਵਿਚ ਹੋ ਰਹੀ ਹੈ। ਲਾਰੈਂਸ ਬਿਸ਼ਨੋਈ ਦੇ ਇੰਟਰਵਿਊ ਮਾਮਲੇ ਵਿਚ ਹਾਈਕੋਰਟ ’ਚ ਸੁਣਵਾਈ ਲਗਾਤਾਰ ਚੱਲ ਰਹੀ ਹੈ ਜਿਸ ਵਿਚ ਕੁੱਝ ਪੁਲਿਸ ਮੁਲਾਜ਼ਮਾਂ ਦਾ ਨਾਂ ਵੀ ਸਾਹਮਣੇ ਆਇਆ ਹੈ ਤੇ ਕੁੱਝ ਪੁਲਿਸ ਅਫ਼ਸਰਾਂ ਨੂੰ ਸਸਪੈਂਡ ਵੀ ਕੀਤਾ ਗਿਆ ਸੀ ਤੇ ਹੁਣ 16 ਤਰੀਕ ਨੂੰ ਫਿਰ ਸੁਣਵਾਈ ਹੈ।

ਇਸ ਮਾਮਲੇ ’ਚ ਦੂਜੀ ਧਿਰ ਵਲੋਂ ਆਪਣੇ ਪੱਖ ’ਚ ਕੀ ਕੁੱਝ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਤੇ ਉਹ ਇਨ੍ਹਾਂ ਲਈ ਕਿੰਨਾ ਕੁ ਸਹੀ ਹੋ ਸਕਦਾ ਹੈ ਇਸ ਬਾਰੇ ਰੋਜ਼ਾਨਾ ਸਪੋਸਕਮੈਨ ਟੀਮ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਗੋਰਵ ਮਲਹੋਤਰਾ ਨੇ ਦਸਿਆ ਕਿ ਹੋਈਕੋਰਟ ਦੀ ਵਜ੍ਹਾ ਕਰ ਕੇ ਹੀ ਪੰਜਾਬ ਸਰਕਾਰ ਨੂੰ ਪਤਾ ਲਗਿਆ ਹੈ ਕਿ ਸਾਡੇ ਮਹਿਕਮੇ ਵਿਚ ਕਾਲੀਆਂ ਭੇਡਾਂ ਕਿਹੜੀਆਂ ਹਨ ਤੇ ਕਿਹੜੇ ਉਹ ਲੋਕ ਨੇ ਜਿਹੜੇ ਲਾਰੈਂਸ ਬਿਸ਼ਨੋਈ ਨੂੰ ਲਾਰੈਂਸ ਬਿਸ਼ਨੋਈ ਬਣਾਉਂਦੇ ਹਨ।

ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਆਪ ਤਾਂ ਜੇਲ ਵਿਚ ਬੈਠਿਆ ਹੋਇਆ ਹੈ ਪਰ ਬਾਹਰ ਉਸ ਦਾ ਕਾਰੋਬਾਰ ਚੱਲ ਰਿਹਾ ਹੈ, ਪਰ ਉਸ ਦੀ ਕਾਰੋਬਾਰ ਚਲਾਉਣ ’ਚ ਮਦਦ ਕੌਣ ਕਰ ਰਿਹਾ ਹੈ, ਜੋ ਸਿਸਟਮ ਵਿਚ ਬੈਠੇ ਲੋਕ ਹੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਿਸਟਮ ਨੂੰ ਤੋੜਨਾ ਬਹੁਤ ਜ਼ਰੂਰੀ ਸੀ ਜੋ ਹਾਈਕੋਰਟ ਨੇ ਐਸਆਈਟੀ ਦਾ ਨਿਰਮਾਣ ਕਰ ਕੇ ਸਾਫ਼ ਕਰ ਦਿਤਾ ਤੇ ਸੱਤ ਅਫ਼ਸਰਾਂ ਦੇ ਨਾਮ ਪੰਜਾਬ ਸਰਕਾਰ ਅੱਗੇ ਆ ਗਏ ਤੇ ਹੁਣ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਇਨ੍ਹਾਂ ਸੱਤੇ ਅਫ਼ਸਰਾਂ ਨੂੰ ਜੇਲ ਅੰਦਰ ਪਾਉਣ ਤੇ ਪਤਾ ਕਰਨ ਕਿ ਇਨ੍ਹਾਂ ਦੇ ਹੋਰ ਕਿਹੜੇ ਕਿਹੜੇ ਸਾਥੀ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਡੀ.ਐਸ.ਪੀ. ਗੁਰਸ਼ੇਰ ਸਿੰਘ ਨੂੰ ਸਸਪੈਂਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਖੇਤ ਦੀ ਕੌਣ ਰਖਵਾਲੀ ਕਰੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਅਫ਼ਸਰਾਂ ਨੇ ਲਾਰੈਂਸ ਬਿਸ਼ਨੋਈ ਮੈਨਟੇਨ ਕਰ ਕੇ ਰੱਖਣਾ ਸੀ ਉਹੀ ਅਫ਼ਸਰ ਉਸ ਨੂੰ ਆਪਣੇ ਦਫ਼ਤਰ ਵਿਚ ਇੰਟਰਵਿਊ ਲਈ ਕਮਰਾ ਬਣਾ ਕੇ ਦੇ ਰਿਹੈ, ਉਸ ਨੂੰ ਸਟੂਡੀਓ, ਮਾਈਕ ਤੇ ਇੰਟਰਨੈੱਟ ਵਰਤਣ ਲਈ ਆਪਣਾ ਡੋਗਲ ਵਰਤਣ ਲਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਆਨਲਾਈਨ ਗੱਲਾਂ ਹਨ ਪਰ ਫਿਰ ਵੀ ਇਨ੍ਹਾਂ ਅਫ਼ਸਰਾਂ ’ਤੇ ਹੁਣ ਤਕ ਕੋਈ ਕਾਰਵਾਈ ਨਹੀਂ ਹੋਈ।

ਉਨ੍ਹਾਂ ਕਿਹਾ ਕਿ ਐਸਐਸਪੀ ਸੋਨੀ ਮਨਾ ਕਰ ਰਹੇ ਨੇ ਕਿ ਮੈਨੂੰ ਗੁਰਸ਼ੇਰ ਸਿੰਘ ਬਾਰੇ ਕੁੱਝ ਨਹੀਂ ਪਤਾ ਸੀ ਕਿ ਉਹ ਮੈਨੂੰ ਬਿਨਾ ਪੁੱਛੇ ਕੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰਸ਼ੇਰ ਸਿੰਘ ਹੀ ਦੱਸ ਸਕਦਾ ਹੈ ਕਿ ਉਹ ਕਿਸ ਦੇ ਕਹਿਣ ’ਤੇ ਜਾਂ ਫਿਰ ਕਿਸ ਦੇ ਅਧੀਨ ਕੰਮ ਕਰ ਰਿਹਾ ਸੀ, ਪਰ ਗੁਰਸ਼ੇਰ ਸਿੰਘ ਤਾਂ ਪੰਜਾਬ ਪੁਲਿਸ ਜਾਂ ਸਰਕਾਰ ਦੇ ਕਾਬੂ ਹੀ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਆਪਣਾ ਹੀ ਮੁਲਾਜ਼ਮ ਕਾਬੂ ਨਹੀਂ ਆ ਰਿਹਾ ਤਾਂ ਹੋਰ ਮੁਲਜ਼ਮਾਂ ਨੂੰ ਕਿਵੇਂ ਨੱਥ ਪਾਉਣਗੇ। ਉਨ੍ਹਾਂ ਕਿਹਾ ਕਿ ਗੁਰਸ਼ੇਰ ਸਿੰਘ ਜਦੋਂ ਗ੍ਰਿਫ਼ਤਾਰ ਹੋਵੇਗਾ ਤਾਂ ਹੀ ਸੱਚ ਸਾਹਮਣੇ ਆਏਗਾ।

ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਤੇ ਹੋਰ ਰਾਜਨੀਤਕ ਪਾਰਟੀਆਂ ਵੀ ਲਾਰੈਂਸ ਬਿਸ਼ਨੋਈ ਤੋਂ ਡਰਦੀਆਂ ਹਨ। ਉਨ੍ਹਾਂ ਕਿਹਾ ਕਿ ਜੇ ਇਹ ਰਾਜਨੀਤਕ ਪਾਰਟੀਆਂ ਬਿਸ਼ਨੋਈ ਤੋਂ ਨਹੀਂ ਡਰਦੀਆਂ ਤਾਂ ਸਾਹਮਣੇ ਆ ਕੇ ਪੰਜਾਬ ਸਰਕਾਰ ਨੂੰ ਕਹਿਣ ਕਿ ਜਿਹੜੇ ਲੋਕਾਂ ਨੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਨ ਵਿਚ ਮਦਦ ਕੀਤੀ ਹੈ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਕਤਲ ਹੁੰਦੈ ਫ਼ਿਰ ਸਲਮਾਨ ਖ਼ਾਨ ਨੂੰ ਧਮਕੀਆਂ ਦਿਤੀਆਂ ਜਾਂਦੀਆਂ ਤੇ ਉਸ ਦੇ ਘਰ ’ਤੇ ਗੋਲੀਆਂ ਚਲਾਈਆਂ ਜਾਂਦੀਆਂ ਹਨ ਤੇ ਬਾਬਾ ਸਿੱਦੀਕੀ ਦਾ ਕਤਲ ਆਦਿ ਕਰਨ ਵਾਲੇ ਲਾਰੈਂਸ ਬਿਸਨੋਈ ਨੂੰ ਅਸੀਂ ਪਨਾਹ ਦੇ ਰਹੇ ਹਨ।

ਉਨ੍ਹਾਂ ਕਿਹਾ ਕਿ ਲਾਰੈਂਸ ਬਿਸ਼ਨੋਈ ਤੇ ਗੁਰਸ਼ੇਰ ਸਿੰਘ ਜਾਂ ਇਸ ਮਾਮਲੇ ਨਾਲ ਜੁੜੇ ਹੋਰ ਲੋਕਾਂ ’ਤੇ ਛੇਤੀ ਤੋਂ ਛੇਤੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਸਟਿਸ ਰਾਜੀਵ ਨਰੈਣ ਰੈਨਾ ਜਿਹੜੇ ਕਿ ਇਕ ਬਹਤ ਹੀ ਇਮਾਨਦਾਰ ਜੱਜ ਰਹੇ ਹਨ ਜੋ ਕੇ ਹੁਣ ਸੇਵਾਮੁਕਤ ਹੋ ਚੁੱਕੇ ਹਨ ਉਨ੍ਹਾਂ ਦੀ ਨਿਗਰਾਨੀ ਹੇਠ ਡੀਪਾਰਟਮੈਂਟਲ ਐਕਸ਼ਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ 16 ਤਰੀਕ ਨੂੰ ਕੀ ਫ਼ੈਸਲਾ ਆਉਂਦਾ ਹੈ ਜਾਂ ਫਿਰ ਅੱਗੇ ਹੋਰ ਤਰੀਕ ਮਿਲੇਗੀ ਇਸ ਬਾਰੇ ਕੁੱਝ ਨਹੀਂ ਕਹਿ ਸਕਦੇ।