Punjab News: ਸਿੱਖ ਅਤੇ ਮੁਸਲਿਮ ਭਾਈਚਾਰੇ ਦੀ ਅਨੋਖੀ ਮਿਸਾਲ, ਸਿੱਖ ਪ੍ਰਵਾਰ ਵਲੋਂ ਦਾਨ ਕੀਤੀ ਜ਼ਮੀਨ ’ਤੇ ਬਣੇਗੀ ਪਿੰਡ ਦੀ ਪਹਿਲੀ ਮਸਜਿਦ

ਏਜੰਸੀ

ਖ਼ਬਰਾਂ, ਪੰਜਾਬ

ਪਿੰਡ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਤੇ ਉਨ੍ਹਾਂ ਨੇ ਭਰਾ ਅਵਨਿੰਦਰ ਸਿੰਘ ਨੇ ਕਰੀਬ 6 ਵਿਸਵੇ ਜਗ੍ਹਾ ਕੀਤੀ ਦਾਨ

Malerkotla the first mosque of the village will be built on the land donated by the Sikh family

 

Punjab News: ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਉਮਰਪੁਰਾ ਵਿਖੇ ਪਿੰਡ ਦੇ ਵਸਨੀਕ ਮੁਸਲਮਾਨ ਭਾਈਚਾਰੇ ਨੂੰ ਪਿੰਡ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਨੋਨੀ ਅਤੇ ਉਨ੍ਹਾਂ ਦੇ ਭਰਾ ਅਵਨਿਦਰ ਸਿੰਘ ਨੇ ਪਿੰਡ ’ਚ ਤਕਰੀਬਨ 6 ਵਿਸਵੇ ਜਗ੍ਹਾ ਜੋ ਕਿ ਮੇਨ ਰੋਡ ਦੇ ਨਾਲ ਲੱਗਦੀ ਹੈ ਮਸਜਿਦ ਬਣਾਉਣ ਲਈ ਦਾਨ ਦਿਤੀ। 

ਇਸ ਮੌਕੇ ਤੇ ਪਿੰਡ ਦੇ ਮੁਸਲਿਮ ਭਾਈਚਾਰੇ ਨੇ ਮਸਜਿਦ ਦਾ ਨੀਂਹ ਪੱਥਰ ਰੱਖਣ ਲਈ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੂੰ ਸੱਦਾ ਦਿਤਾ। ਨੀਹ ਪੱਥਰ ਮੌਕੇ ਸ਼ਾਹੀ ਇਮਾਮ ਨੇ ਕਿਹਾ ਕਿ ਇਸ ਮਸਜਿਦ ’ਚ ਨਮਾਜ਼ ਤਾਂ ਮੁਸਲਿਮ ਭਾਈਚਾਰੇ ਦੇ ਲੋਕ ਅਦਾ ਕਰਨਗੇ ਪਰ ਉਨ੍ਹਾਂ ਦੀਆਂ ਨਮਾਜ਼ਾਂ ਦਾ ਸਵਾਬ ਸਿੱਖ ਭਾਈਚਾਰੇ ਦੇ ਇਸ ਪਰਵਾਰ ਨੂੰ ਮਿਲੇਗਾ ਜਿਸਨੇ ਅਪਣੇ ਹਿੱਸੇ ਦੀ ਜ਼ਮੀਨ ’ਚੋਂ ਮਸਜਿਦ ਲਈ ਜਗ੍ਹਾ ਦਾਨ ਕੀਤੀ ਹੈ। 

ਇਸ ਮੌਕੇ ਪਿੰਡ ਉਮਰਪੁਰਾ ਦੇ ਪੰਚ ਤੇਜਵੰਤ ਸਿੰਘ ਵਲੋਂ 2 ਲੱਖ ਰੁਪਏ ਮਸਜਿਦ ਨੂੰ ਰਾਸ਼ੀ ਦਾਨ ਕੀਤੀ ਗਈ ਤੇ ਇਨ੍ਹਾਂ ਦੇ ਇਲਾਵਾ ਰਵਿੰਦਰ ਸਿੰਘ ਗਰੇਵਾਲ ਨੇ ਵੀ 1 ਲੱਖ ਰੁਪਏ ਮਸਜਿਦ ਨੂੰ ਦਾਨ ਰਾਸ਼ੀ ਭੇਟ ਕੀਤੀ। ਜ਼ਿਕਰਯੋਗ ਹੈ ਕਿ 1947 ਤੋਂ ਬਾਅਦ ਹੁਣ ਤਕ ਇਸ ਪਿੰਡ ਵਿਚ ਕੋਈ ਮਸਜਿਦ ਮੌਜੂਦ ਨਹੀਂ ਸੀ ਤੇ ਪਿੰਡ ਦੇ ਵਸਨੀਕ ਮੁਸਲਮਾਨ ਭਾਈਚਾਰੇ ਨੂੰ ਨਮਾਜ਼ ਪੜ੍ਹਨ ਲਈ ਨਾਲ ਲੱਗਦੇ ਪਿੰਡਾਂ ’ਚ ਜਾਣਾ ਪੈਂਦਾ ਸੀ।

ਪਿੰਡ ਉਮਰਪੁਰਾ ਵਿਖੇ ਮਸਜਿਦ ਦਾ ਨੀਹ ਪੱਥਰ ਰੱਖਣ ਸਮੇਂ ਮੁਸਲਮਾਨ ਭਾਈਚਾਰਾ ਖ਼ੁਸ਼ ਤੇ ਭਾਵੁਕ ਨਜ਼ਰ ਆ ਰਿਹਾ ਸੀ।