Amritsar Lohri Fire News: ਲੋਹੜੀ ਦੀ ਧੂਣੀ ਤੋਂ ਘਰ ਵਿਚ ਲੱਗੀ ਅੱਗ, ਪਿਤਾ ਤੇ ਅਪਾਹਜ ਧੀ ਦੀ ਜ਼ਿੰਦਾ ਸੜਨ ਨਾਲ ਮੌਤ
ਪਰਿਵਾਰ ਦੇ 3 ਮੈਂਬਰਾਂ ਨੂੰ ਸੁਰੱਖਿਅਤ ਕੱਢਿਆ ਬਾਹਰ
Amritsar lohri fire accident News: ਅੰਮ੍ਰਿਤਸਰ ਦੇ ਮਾਨਾ ਸਿੰਘ ਚੌਕ 'ਤੇ ਸਥਿਤ ਇੱਕ ਘਰ ਵਿੱਚ ਬੀਤੀ ਦੇਰ ਰਾਤ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਨਾਲ ਪਿਤਾ ਤੇ ਅਪਾਹਜ ਧੀ ਦੀ ਜ਼ਿੰਦਾ ਸੜਨ ਨਾਲ ਮੌਤ ਹੋ ਗਈ ਹੈ। ਮੁੱਢਲੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਲੋਹੜੀ ਦੇ ਤਿਉਹਾਰ ਮੌਕੇ ਜਗਾਈ ਗਈ ਧੂਣੀ ਵਿਚੋਂ ਨਿਕਲੀ ਚੰਗਿਆੜੀ ਦੱਸੀ ਜਾ ਰਹੀ ਹੈ।
ਅੱਗ ਲੱਗਣ ਸਮੇਂ ਘਰ ਦੇ ਅੰਦਰ ਕੁੱਲ ਪੰਜ ਲੋਕ ਸਨ। ਗੁਆਂਢੀਆਂ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਤਿੰਨ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਗੰਭੀਰ ਹੈ। ਲੋਕਾਂ ਅਨੁਸਾਰ ਘਰ ਵਿੱਚ ਵੱਡੀ ਮਾਤਰਾ ਵਿੱਚ ਰੁਮਾਲਾ ਸਾਹਿਬ ਰੱਖੇ ਹੋਏ ਸਨ, ਜਿਸ ਕਾਰਨ ਅੱਗ ਨੇ ਕੁਝ ਸਕਿੰਟਾਂ ਵਿੱਚ ਹੀ ਭਿਆਨਕ ਰੂਪ ਧਾਰਨ ਕਰ ਲਿਆ।
ਘਰ ਦੇ ਮਾਲਕ ਨੇ ਦੱਸਿਆ ਕਿ ਲੋਹੜੀ ਦੀ ਅੱਗ ਦੀ ਇੱਕ ਚੰਗਿਆੜੀ ਘਰ ਦੇ ਅੰਦਰ ਰੱਖੇ ਕੱਪੜਿਆਂ 'ਤੇ ਡਿੱਗੀ, ਜਿਸ ਨਾਲ ਅੱਗ ਲੱਗ ਗਈ। ਗੁਆਂਢੀਆਂ ਨੇ ਪਰਿਵਾਰ ਦੇ ਮੈਂਬਰਾਂ ਨੂੰ ਬਾਹਰ ਕੱਢਣ ਲਈ ਬਹੁਤ ਜੱਦੋ-ਜਹਿਦ ਕੀਤੀ, ਪਰ ਬਜ਼ੁਰਗ ਪਿਤਾ ਤੇ ਧੀ ਬਾਹਰ ਨਹੀਂ ਆ ਸਕੇ। ਦੇਰ ਰਾਤ ਲਗਭਗ 1 ਵਜੇ ਤੱਕ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ।
ਬੀ-ਡਵੀਜ਼ਨ ਪੁਲਿਸ ਸਟੇਸ਼ਨ ਦੇ ਸਟੇਸ਼ਨ ਹਾਊਸ ਅਫ਼ਸਰ (ਐਸਐਚਓ) ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਇੱਕ ਅਪਾਹਜ ਲੜਕੀ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੂਰੀ ਜਾਂਚ ਕੀਤੀ ਜਾ ਰਹੀ ਹੈ। ਤੰਗ ਗਲੀ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਲਗਭਗ 100 ਮੀਟਰ ਦੂਰ ਖੜ੍ਹਾ ਕਰਨਾ ਪਿਆ, ਜਿਸ ਤੋਂ ਬਾਅਦ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ।