ਕੈਨੇਡਾ ਦਾ ਭਾਰਤ ਉਤੇ ਇਲਜ਼ਾਮ, ਗੁਜਰਾਤ ਜੇਲ੍ਹ 'ਚੋਂ ਗੈਂਗ ਚਲਾ ਰਿਹੈ ਲਾਰੈਂਸ ਬਿਸ਼ਨੋਈ
ਕੈਨੇਡੀਅਨ ਏਜੰਸੀਆਂ ਦੀ ਗੁਪਤ ਰੀਪੋਰਟ ਵਿਚ ਕੀਤਾ ਗਿਆ ਦਆਵਾ
ਨਵੀਂ ਦਿੱਲੀ : ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐੱਮ.ਪੀ.) ਦੀ ਇਕ ਗੁਪਤ ਰੀਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਬਿਸ਼ਨੋਈ ਗਿਰੋਹ ਦਾ ਆਗੂ ਲਾਰੈਂਸ ਬਿਸ਼ਨੋਈ ਸਲਾਖਾਂ ਦੇ ਪਿੱਛੇ ਰਹਿ ਕੇ ਵੀ ਜਬਰੀ ਵਸੂਲੀ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਠੇਕੇ ਉਤੇ ਕਤਲ ਕਰ ਰਿਹਾ ਹੈ।
‘ਗਲੋਬਲ ਨਿਊਜ਼’ ਵਲੋਂ ਰੀਪੋਰਟ ਕੀਤੇ ਗਏ ਦਸਤਾਵੇਜ਼ ਵਿਚ ਦੋਸ਼ ਲਾਇਆ ਗਿਆ ਹੈ ਕਿ ਬਿਸ਼ਨੋਈ ਗਿਰੋਹ ਨਾ ਸਿਰਫ ਕੈਨੇਡਾ ਵਿਚ ਅਪਣੀਆਂ ਹਿੰਸਕ ਗਤੀਵਿਧੀਆਂ ਦਾ ਵਿਸਥਾਰ ਕਰ ਰਿਹਾ ਹੈ, ਬਲਕਿ ਸਿੱਖ ਵੱਖਵਾਦੀਆਂ ਅਤੇ ਹੋਰ ਕਥਿਤ ਧਮਕੀਆਂ ਨੂੰ ਨਿਸ਼ਾਨਾ ਬਣਾਉਣ ਲਈ ‘ਭਾਰਤ ਸਰਕਾਰ ਦੀ ਤਰਫੋਂ ਵੀ ਕੰਮ ਕਰ ਰਿਹਾ ਹੈ’।
ਇਹ ਗੁਪਤ ਰੀਪੋਰਟ ਅਜਿਹੇ ਸਮੇਂ ਲੀਕ ਹੋਈ ਹੈ ਜਦੋਂ ਭਾਰਤ ਅਤੇ ਕੈਨੇਡਾ ਵਿਚਾਲੇ ਵਪਾਰ ਗੱਲਬਾਤ ਮੁੜ ਸ਼ੁਰੂ ਹੋਣ ਵਾਲੀ ਹੈ। ਲਾਰੈਂਸ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ ਵਿਚ ਬੰਦ ਹੈ। ਭਾਰਤ ਸਰਕਾਰ, ਗੁਜਰਾਤ ਜੇਲ ਵਿਭਾਗ ਜਾਂ ਭਾਰਤੀ ਹਾਈ ਕਮਿਸ਼ਨ ਨੇ ਅਜੇ ਤਕ ਇਨ੍ਹਾਂ ਦਾਅਵਿਆਂ ਦਾ ਜਵਾਬ ਨਹੀਂ ਦਿਤਾ ਹੈ, ਜੋ ‘ਗਲੋਬਲ ਨਿਊਜ਼’ ਵਲੋਂ ਅੱਜ ਹੀ ਜਾਰੀ ਕੀਤੇ ਗਏ ਸਨ।
ਰੀਪੋਰਟ ਮੁਤਾਬਕ ਬਿਸ਼ਨੋਈ 2015 ਤੋਂ ਭਾਰਤ ਦੀ ਜੇਲ ’ਚ ਹੈ ਪਰ ਉਹ ਕਥਿਤ ਤੌਰ ਉਤੇ ਉੱਥੋਂ ਅਪਣਾ ਸੰਗਠਨ ਚਲਾ ਰਿਹਾ ਹੈ। ਉਹ ਗੋਲਡੀ ਬਰਾੜ (ਸਤਿੰਦਰਜੀਤ ਸਿੰਘ) ਵਰਗੇ ਸਹਿਯੋਗੀਆਂ ਦੇ ਨਾਲ, ਭਾਰਤ, ਉੱਤਰੀ ਅਮਰੀਕਾ ਅਤੇ ਯੂਰਪ ਵਿਚ ਫੈਲੇ ਲਗਭਗ 700 ਮੈਂਬਰਾਂ ਦੇ ਨੈਟਵਰਕ ਦੀ ਨਿਗਰਾਨੀ ਕਰਦਾ ਹੈ। ਰੀਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਦੇ ਅਧਿਕਾਰੀਆਂ ਨੇ ਗਰਮਖ਼ਿਆਲੀਆਂ ਉਤੇ ਹਮਲੇ ਕਰਨ ਲਈ ਬਿਸ਼ਨੋਈ ਸਿੰਡੀਕੇਟ ਵਰਗੇ ਸਮੂਹਾਂ ਦੀ ਵਰਤੋਂ ਕੀਤੀ ਹੈ। ਇਸ ਵਿਚ ਵਿਸ਼ੇਸ਼ ਤੌਰ ਉਤੇ 2023 ਵਿਚ ਸਰੀ, ਬੀ.ਸੀ. ਵਿਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਅਤੇ ਵਿਨੀਪੈਗ ਵਿਚ ਸੁਖਦੂਨ ਸਿੰਘ ਦੇ ਕਤਲ ਦਾ ਜ਼ਿਕਰ ਕੀਤਾ ਗਿਆ ਹੈ।