20 ਲੱਖ ਤੋਂ ਵੱਧ ਬਜ਼ੁਰਗਾਂ-ਵਿਧਵਾਵਾਂ ਨੂੰ 750 ਰੁਪਏ ਪੈਨਸ਼ਨ
ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਵਲੋਂ ਵਿਧਾਨ ਸਭਾ ਵਿਚ ਉਠਾਏ ਗਏ ਧਿਆਨ ਦੁਆਊ ਮਤੇ ਦਾ ਜਵਾਬ ਦਿੰਦਿਆਂ ਸਮਾਜਕ ਸੁਰੱਖਿਆ.....
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਵਲੋਂ ਵਿਧਾਨ ਸਭਾ ਵਿਚ ਉਠਾਏ ਗਏ ਧਿਆਨ ਦੁਆਊ ਮਤੇ ਦਾ ਜਵਾਬ ਦਿੰਦਿਆਂ ਸਮਾਜਕ ਸੁਰੱਖਿਆ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਪੰਜਾਬ ਵਿਚ 20,67,000 ਤੋਂ ਵੱਧ ਬਜ਼ੁਰਗਾਂ, ਵਿਧਵਾਵਾਂ, ਅਪਾਹਜਾਂ, ਆਸ਼ਰਿਤ ਬੱਚਿਆਂ ਨੂੰ 750 ਰੁਪਏ ਮਹੀਨਾ ਦੇ ਰੇਟ ਨਾਲ ਪੈਨਸ਼ਨ ਦਿਤੀ ਜਾ ਰਹੀ ਹੈ ਪਰ ਪਿਛਲਾ ਬਕਾਇਆ, ਸਰਕਾਰ ਦੀ ਵਿੱਤੀ ਹਾਲਤ ਵਿਚ ਸੁਧਾਰ ਆਉਣ ਤੋਂ ਬਾਅਦ ਹੀ ਦਿਤਾ ਜਾਵੇਗਾ। ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਵਿਚ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ
ਇਹ ਪੈਨਸ਼ਨ 500 ਰੁਪਏ ਤੋਂ ਵਧਾ ਕੇ 750 ਰੁਪਏ ਮਹੀਨਾ ਕੀਤੀ ਹੈ। ਧਿਆਨ ਦੁਆਊ ਮਤਾ ਪੜ੍ਹਦਿਆਂ ਅਤੇ ਹੋਰ ਸਵਾਲ ਕਰਦਿਆਂ ਅਕਾਲੀ ਵਿਧਾਇਕ ਪਵਨ ਟੀਨੂੰ ਨੇ ਹਾਊਸ ਵਿਚ ਕਿਹਾ ਕਿ ਲਾਭਪਾਤਰੀ ਪਿਛਲੇ 7 ਮਹੀਨੇ ਤੋਂ ਨਿਰਾਸ਼ ਹਨ ਕਿਉਂਕਿ ਪੈਨਸ਼ਨ ਨਹੀਂ ਮਿਲੀ ਅਤੇ ਪਿਛਲਾ ਬਕਾਇਆ ਵੀ 740 ਕਰੋੜ ਦੇ ਕਰੀਬ ਬਣਦਾ ਹੈ। ਜ਼ਿਕਰਯੋਗ ਹੈ ਕਿ ਨਵੰਬਰ 2017 ਤੋਂ ਨਵੰਬਰ 2018 ਤਕ ਦੀ ਵਧੀ ਹੋਈ ਪੈਨਸ਼ਨ ਦਾ ਬਕਾਇਆ ਵੀ ਅਜੇ ਭੁਗਤਾਨ ਕਰਨ ਵਾਲਾ ਹੈ।