ਨੂੰਹ ਨਾਲ ਵਿਆਹ ਕਰਵਾਉਣ ਦੇ ਚੱਕਰ 'ਚ ਪਿਓ ਨੇ ਕੀਤੇ ਪੁੱਤਰ ਦੇ ਟੋਟੇ
ਅੱਜ-ਕੱਲ ਆਪਸੀ ਰਿਸ਼ਤਿਆਂ 'ਚ ਕੋਈ ਕਦਰ ਨਹੀਂ ਰਹੀ ਅਤੇ ਇਹ ਖੂਨ ਦੇ ਰਿਸ਼ਤੇ ਪਾਣੀ ਬਣਦੇ ਜਾ ਰਹੇ ਹਨ ਅਤੇ ਅੱਜ ਕੱਲ ਰਿਸ਼ਤਿਆਂ 'ਚ ਤਕਰਾਰ ਇਨੀ ਵੱਧਦੀ ....
ਫ਼ਰੀਦਕੋਟ: ਅੱਜ-ਕੱਲ ਆਪਸੀ ਰਿਸ਼ਤਿਆਂ 'ਚ ਕੋਈ ਕਦਰ ਨਹੀਂ ਰਹੀ ਅਤੇ ਇਹ ਖੂਨ ਦੇ ਰਿਸ਼ਤੇ ਪਾਣੀ ਬਣਦੇ ਜਾ ਰਹੇ ਹਨ ਅਤੇ ਅੱਜ ਕੱਲ ਰਿਸ਼ਤਿਆਂ 'ਚ ਤਕਰਾਰ ਇਨੀ ਵੱਧਦੀ ਜਾ ਰਹੀ ਹੈ ਲੋਕ ਇਕ ਦੂਜੇ ਦਾ ਕਤਲ ਕਰਨ 'ਤੇ ਬਿਲਕੁਲ ਵੀ ਗੁਰੇਜ਼ ਮਹਿਸੂਸ ਨਹੀਂ ਕਰਦੇ। ਅਜਿਹਾ ਹੀ ਮਾਮਲਾ ਜੈਤੋ ਵਿੱਖੇ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਡ ਦਬੜੀ ਖਾਨਾ ’ਚ 62 ਸਾਲਾਂ ਦੇ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਅਪਣੇ 40 ਸਾਲਾਂ ਦੇ ਪੁੱਤਰ ਦਾ ਬੇਰਹੀਮੀ ਨਾਲ ਕਤਲ ਕਰ ਦਿਤਾ।
ਦਰਅਸਲ 62 ਸਾਲਾਂ ਵਿਅਕਤੀ ਆਪਣੀ ਹੀ ਨੂੰਹ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਉਸ ਦਾ ਕਥਿਤ ਤੌਰ 'ਤੇ ਆਪਣੀ ਹੀ ਨੂੰਹ ਨਾਲ ਨਾਜਾਇਜ਼ ਰਿਸ਼ਤਾ ਕਾਇਮ ਹੋ ਗਿਆ ਸੀ। ਜਾਣਕਾਰੀ ਮੁਤਾਬਿਕ ਜਦੋਂ ਮ੍ਰਿਤਕ ਰਾਜਵਿੰਦਰ ਸਿੰਘ ਅਪਣੇ ਕਮਰੇ ਵਿਚ ਸੁੱਤਾ ਪਿਆ ਸੀ, ਉਦੋਂ ਉਸ ਦੇ ਪਿਤਾ ਛੋਟਾ ਸਿੰਘ ਨੇ ਇਕ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਹਮਲਾ ਕਰ ਕੇ ਉਸ ਦਾ ਕਤਲ ਕਰ ਦਿਤਾ। ਕਤਲ ਕਰਨ ਪਿੱਛੋਂ ਪਿਓ ਨੇ ਆਪਣੇ ਪੁੱਤਰ ਦੀ ਲਾਸ਼ ਦੇ ਕਈ ਛੋਟੇ–ਛੋਟੇ ਟੋਟੇ ਕੀਤੇ ਤੇ ਉਨ੍ਹਾਂ ਨੂੰ ਪਲਾਸਟਿਕ ਦੇ ਇੱਕ ਥੈਲੇ ਵਿੱਚ ਪਾ ਕੇ ਸੀਵਰੇਜ ਵਿਚ ਸੁੱਟ ਦਿਤੇ।
ਪੁਲਿਸ ਮੁਤਾਬਕ ‘ਜਦੋਂ ਮੁਲਜ਼ਮ ਲਾਸ਼ ਦੇ ਟੋਟੇ ਸੁੱਟਣ ਲਈ ਜਾ ਰਿਹਾ ਸੀ, ਤਾਂ ਉਸ ਦਾ ਭਤੀਜਾ ਗੁਰਚਰਨ ਸਿੰਘ ਜਾਗ ਪਿਆ ਤੇ ਉਸ ਨੇ ਘਰ ਵਿਚ ਖ਼ੂਨ ਦੀਆਂ ਬੂੰਦਾਂ ਵੇਖੀਆਂ। ਜਿਸ ਤੋਂ ਬਾਅਦ ਕਤਲ ਦਾ ਖੁਲਾਸਾ ਹੋਇਆ ਅਤੇ ਗੁਰਚਰਨ ਸਿੰਘ ਨੇ ਆਪਣੇ ਅੰਕਲ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿਤਾ। ਸੂਤਰਾਂ ਨੇ ਦੱਸਿਆ ਕਿ ‘ਮੁਲਜ਼ਮ ਦੇ ਅਪਣੀ ਨੂੰਹ ਨਾਲ ਪਿਛਲੇ ਦੋ ਸਾਲਾਂ ਤੋਂ ਨਾਜਾਇਜ਼ ਸਬੰਧ ਸਨ।‘
ਫਿਲਹਾਲ ਪੁਲਿਸ ਵਲੋਂ ਕੇਸ ਦਰਜ ਕਰ ਕੇ ਜਾਂਚ ਅਰੰਭ ਕਰ ਦਿਤੀ ਗਈ ਹੈ ਅਤੇ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਲਾਸ਼ ਦਾ ਪੋਸਟ–ਮਾਰਟਮ ਕਰ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਗਈ।