ਮੇਰੀ ਸਰਕਾਰ ਸਮੇਂ ਅਮਨ ਕਾਨੂੰਨ ਸੱਭ ਤੋਂ ਬੇਹਤਰ : ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਧਾਨ ਸਭਾ ਵਿਚ ਸਿਫ਼ਰ ਕਾਲ ਸਮੇਂ ਜਦ ਲੋਕ ਇਨਸਾਫ਼ ਪਾਰਟੀ ਦੇ ਮੈਂਬਰ ਸਿਮਰਜੀਤ ਸਿੰਘ ਬੈਂਸ ਨੇ ਅਮਨ ਕਾਨੂੰਨ ਦੀ ਵਿਗੜ ਰਹੀ ਹਾਲਤ ਦਾ ਮੁੱਦਾ ਉਠਾਇਆ ਤਾਂ....

Captain Amarinder Singh

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਸਿਫ਼ਰ ਕਾਲ ਸਮੇਂ ਜਦ ਲੋਕ ਇਨਸਾਫ਼ ਪਾਰਟੀ ਦੇ ਮੈਂਬਰ ਸਿਮਰਜੀਤ ਸਿੰਘ ਬੈਂਸ ਨੇ ਅਮਨ ਕਾਨੂੰਨ ਦੀ ਵਿਗੜ ਰਹੀ ਹਾਲਤ ਦਾ ਮੁੱਦਾ ਉਠਾਇਆ ਤਾਂ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਉਨ੍ਹਾਂ ਨੂੰ ਚੁਨੌਤੀ ਦਿਤੀ ਕਿ ਉਹ ਅਮਨ ਕਾਨੂੰਨ ਦੀ ਹਾਲਤ 'ਤੇ ਬਹਿਸ ਲਈ ਤਿਆਰ ਹਨ। ਇਸ ਮੁੱਦੇ 'ਤੇ ਬਹਿਸ ਕਰਵਾ ਲਈ ਜਾਵੇ। ਸ. ਬੈਂਸ ਨੇ ਦੋਸ਼ ਲਗਾਏ ਸਨ ਕਿ ਮੁੱਖ ਮੰਤਰੀ ਹੀ ਗ੍ਰਹਿ ਮੰਤਰੀ ਹਨ।

ਉਨ੍ਹਾਂ ਕੋਲ ਸਮਾਂ ਨਹੀਂ ਹੈ। ਇਸ ਲਈ ਅਮਨ ਕਾਨੂੰਨ ਦੀ ਹਾਲਤ ਵਿਗੜ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਵਿਚ ਅਮਨ ਕਾਨੂੰਨ ਦੀ ਹਾਲਤ ਸੱਭ ਤੋਂ ਬੇਹਤਰ ਰਹੀ। ਖ਼ਤਰਨਾਕ ਬਦਮਾਸ਼ਾਂ ਦੇ ਗਰੁਪ ਖ਼ਤਮ ਕੀਤੇ। ਬਾਕੀਆਂ ਨੂੰ ਫੜ ਕੇ ਜੇਲਾਂ ਅੰਦਰ ਡੱਕਿਆ। ਅੱਜ ਪੰਜਾਬ ਵਿਚ ਕਿਤੇ ਵੀ ਬਦਮਾਸ਼ਾਂ ਦੇ ਗਰੁਪ ਨਹੀਂ ਬਚੇ। ਮੁੱਖ ਮੰਤਰੀ ਨੇ ਕਿਹਾ ਕਿ ਜਿਥੋਂ ਤਕ ਲੁਧਿਆਣਾ ਵਿਚ ਇਕ ਲੜਕੀ ਨਾਲ ਸਮੂਹਕ ਜਬਰ ਜਨਾਹ ਦਾ ਮਾਮਲਾ ਹੈ ਉਸ ਦੇ 5 ਦੋਸ਼ੀ ਪਹਿਲਾਂ ਹੀ ਫੜੇ ਗਏ ਅਤੇ ਇਕ ਹੋਰ ਗ੍ਰਿਫ਼ਤਾਰ ਕੀਤਾ ਹੈ।

ਉਨ੍ਹਾਂ ਕਿਹਾ ਕਿ ਜਬਰ ਜਨਾਹ ਦੇ ਦੋਸ਼ੀਆਂ ਨੂੰ ਛੇਤੀ ਸਜ਼ਾ ਦੇਣ ਲਈ ਉਹ ਖ਼ੁਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਮਿਲ ਕੇ ਬੇਨਤੀ ਕਰਨਗੇ ਕਿ ਇਸ ਤਰ੍ਹਾਂ ਦੇ ਮਾਮਲਿਆਂ ਲਈ ਵਖਰੀਆਂ ਅਦਾਲਤਾਂ ਬਣਨ। ਆਮ ਆਦਮੀ ਪਾਰਟੀ ਦੇ ਕੁਲਤਾਰ ਸਿੰਘ ਨੇ ਬੜੇ ਜ਼ੋਰਦਾਰ ਢੰਗ ਨਾਲ ਅਧਿਆਪਕਾਂ ਵੁਪਰ ਹੋਏ ਲਾਠੀਚਾਰਜ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਸਾਡੀਆਂ ਭੈਣਾਂ ਅਤੇ ਬੇਟੀਆਂ ਨੂੰ ਪੁਲਿਸ ਤੋਂ ਡਾਂਗਾਂ ਨਾਲ ਕੁਟਵਾਇਆ ਜਾ ਰਿਹਾ ਹੈ। ਇਹ ਉਨ੍ਹਾਂ ਦੀ ਪਾਰਟੀ ਨੂੰ ਮੰਜ਼ੂਰ ਨਹੀਂ।

ਦੋਸ਼ੀ ਪੁਲਿਸ ਕਰਮੀਆਂ ਵਿਰੁਧ ਕੇਸ ਦਰਜ ਕੀਤਾ ਜਾਵੇ। 'ਆਪ' ਦੇ ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ਸਾਹਮਣੇ ਜਾ ਕੇ ਨਾਹਰੇਬਾਜ਼ੀ ਵੀ ਕੀਤੀ ਪ੍ਰੰਤੂ ਬਾਗ਼ੀ ਸੁਰ ਵਾਲੇ 5 ਵਿਧਾਇਕ ਅਪਣੀਆਂ ਸੀਟਾਂ 'ਤੇ ਬੈਠੇ ਰਹੇ ਅਤੇ ਉਨ੍ਹਾਂ ਨੇ ਪਾਰਟੀ ਮੈਂਬਰਾਂ ਦਾ ਸਾਥ ਨਾ ਦਿਤਾ।