'ਹਰਚਰਨ ਸਿੰਘ ਵਿਰੋਧੀਆਂ ਦਾ ਹੱਥ ਠੋਕਾ ਬਣ ਕੇ ਸੰਸਥਾ ਵਿਰੁਧ ਕੂੜ ਪ੍ਰਚਾਰ ਕਰਨ ਤੋਂ ਗੁਰੇਜ਼ ਕਰੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਰਸਾ ਡੇਰਾ ਮੁਖੀ ਦੀ ਮੁਆਫ਼ੀ ਸਬੰਧੀ ਅੰਤ੍ਰਿੰਗ ਕਮੇਟੀ ਵਲੋਂ ਕੀਤੇ ਗਏ ਫ਼ੈਸਲੇ ਵਾਲੇ ਮਤੇ ਉਪਰ ਵੀ ਹਨ ਸਾਬਕਾ ਮੁੱਖ ਸਕੱਤਰ ਦੇ ਦਸਤਖ਼ਤ

Photo

ਅੰਮ੍ਰਿਤਸਰ: ਸਿੱਖਾਂ ਦੇ ਸਿਰਾਂ 'ਤੇ ਸਿਰਜੀ ਕੌਮੀ ਕੌਮਾਂਤਰੀ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ 100 ਸਾਲ ਪੂਰੇ ਹੋਣ ਜਾ ਰਹੇ ਹਨ, ਪਰੰਤੂ ਕੁੱਝ ਅਪਣੇ ਹੀ ਲੋਕਾਂ ਵਲੋਂ ਇਸ ਨੂੰ ਬਦਨਾਮ ਕਰਨ ਦੀ ਕੋਝੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਰਚਰਨ ਸਿੰਘ ਸਾਬਕਾ ਮੁੱਖ ਸਕੱਤਰ ਸ਼੍ਰੋਮਣੀ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ 'ਤੇ ਸਵਾਲ ਖੜੇ ਕਰਨੇ, ਉਸ ਦੇ ਦੋਗਲੇ ਚਿਹਰੇ ਦਾ ਪ੍ਰਗਟਾਵਾ ਹੈ।

ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸੀਨੀਅਰ ਮੀਤ ਪ੍ਰਧਾਨ ਭਾਈ ਰਾਜਿੰਦਰ ਸਿੰਘ ਮਹਿਤਾ ਅਤੇ ਜਨਰਲ ਸਕੱਤਰ ਹਰਜਿੰਦਰ ਸਿੰਘ ਧਾਮੀ ਨੇ ਸਾਂਝੇ ਰੂਪ ਵਿਚ ਇਥੋਂ ਜਾਰੀ ਪ੍ਰੈੱਸ ਬਿਆਨ ਵਿਚ ਕੀਤਾ। ਉਨ੍ਹਾਂ ਕਿਹਾ ਕਿ ਹਰਚਰਨ ਸਿੰਘ ਖੁਦ ਸ਼੍ਰੋਮਣੀ ਕਮੇਟੀ ਵਿਚ ਸਿਖ਼ਰਲੀ ਪ੍ਰਬੰਧਕੀ ਪਦਵੀ 'ਤੇ ਕਾਰਜਸ਼ੀਲ ਰਹੇ ਹਨ।

ਅਪਣੇ ਸਮੇਂ ਦੌਰਾਨ ਉਨ੍ਹਾਂ ਨੇ ਸੰਸਥਾ ਦੇ ਹਰ ਫ਼ੈਸਲੇ 'ਤੇ ਸਹਿਮਤੀ ਦਿੰਦਿਆਂ ਫ਼ਾਈਲਾਂ ਅੱਗੇ ਭੇਜੀਆਂ। ਬਿਆਨ ਵਿਚ ਉਨ੍ਹਾਂ ਅੱਗੇ ਕਿਹਾ ਕਿ ਹਰਚਰਨ ਸਿੰਘ ਵਲੋਂ ਲਾਏ ਗਏ ਦੋਸ਼ਾਂ ਵਿਚ ਜੇਕਰ ਕੋਈ ਵਜ਼ਨ ਹੈ ਤਾਂ ਉਹ ਫ਼ਾਈਲਾਂ 'ਤੇ ਦਸਤਖ਼ਤ ਕਿਉਂ ਕਰਦੇ ਰਹੇ ਸਨ। ਉਨ੍ਹਾਂ ਕਿਹਾ ਕਿ 2015 ਵਿਚ ਰਾਮ ਰਹੀਮ ਦੀ ਮੁਆਫ਼ੀ ਸਬੰਧੀ ਅੰਤ੍ਰਿੰਗ ਕਮੇਟੀ ਵਲੋਂ ਕੀਤੇ ਗਏ ਫ਼ੈਸਲੇ ਵਾਲੇ ਮਤੇ ਉਪਰ ਵੀ ਹਰਚਰਨ ਸਿੰਘ ਦੇ ਹੀ ਦਸਤਖ਼ਤ ਹਨ।

ਜੇਕਰ ਇਹ ਇਸ ਨਾਲ ਸਹਿਮਤ ਨਹੀਂ ਸੀ ਤਾਂ ਮਤਾ ਜਾਰੀ ਹੀ ਕਿਉਂ ਕੀਤਾ। ਉਹ ਸ਼੍ਰੋਮਣੀ ਕਮੇਟੀ ਵਲੋਂ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਕਰਦਾ ਰਿਹਾ ਅਤੇ ਅੱਜ ਜਾਣਬੁਝ ਕੇ ਸੰਸਥਾ ਨੂੰ ਬਦਨਾਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਸਕੱਤਰ ਨੇ ਸੰਸਥਾ ਵਿਚੋਂ 23 ਮਹੀਨਿਆਂ 'ਚ ਲਗਭਗ 84 ਲੱਖ ਰੁਪਏ ਤਨਖ਼ਾਹ ਤੇ ਹੋਰ ਭੱਤੇ ਤੇ ਸਹੂਲਤਾਂ ਦੇ ਰੂਪ ਵਿਚ ਵਸੂਲ ਕੀਤਾ ਹੈ।

ਉਨ੍ਹਾਂ ਕਿਹਾ ਕਿ ਹਰਚਰਨ ਸਿੰਘ ਨੇ ਅਪਣੀ ਨਿਯੁਕਤੀ ਵਿਰੁਧ ਹੋਏ ਅਦਾਲਤੀ ਕੇਸ ਸਬੰਧੀ ਵਕੀਲ ਦੀ ਫ਼ੀਸ 2 ਲੱਖ 50 ਹਜ਼ਾਰ ਰੁਪਏ ਅਦਾ ਕਰਨ ਦੇ ਬਹਾਨੇ ਅਪਣੇ ਨਿੱਜੀ ਖਾਤੇ ਵਿਚ ਪਵਾਏ ਜੋ ਕਿ ਸ਼੍ਰੋਮਣੀ ਕਮੇਟੀ ਵਲੋਂ ਦੇਣੇ ਬਣਦੇ ਹੀ ਨਹੀਂ ਸਨ। ਇਸ ਤਰ੍ਹਾਂ ਇਸ ਨੇ ਅਪਣੇ ਅਹੁਦੇ ਦੀ ਗ਼ਲਤ ਵਰਤੋਂ ਕੀਤੀ।

ਉਨ੍ਹਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਇਸ ਨੇ 2008-2009 ਵਿਚ ਸੰਸਥਾ ਦਾ ਕੰਪਿਊਟਰੀ ਕਰਨ ਲਈ 28 ਲੱਖ 98 ਹਜ਼ਾਰ 700 ਰੁਪਏ ਅਪਣੀ ਹੀ ਡੀ-ਲਾਈਟ ਕੰਪਨੀ ਦੇ ਨਾਂ 'ਤੇ ਵਸੂਲ ਕੀਤੇ ਸਨ, ਇਸ ਤਰ੍ਹਾਂ ਇਹ ਵਿਅਕਤੀ ਆਪ-ਹੁਦਰੀਆਂ ਕਰ ਕੇ ਸੰਸਥਾ ਦੀ ਲੁੱਟ-ਖਸੁੱਟ ਕਰਦਾ ਰਿਹਾ, ਇਸੇ ਕਰ ਕੇ ਹੀ ਇਸ ਨੂੰ ਸੰਸਥਾ ਵਿੱਚੋਂ ਬਾਹਰ ਦਾ ਰਸਤਾ ਦਿਖਾਇਆ ਗਿਆ ਅਤੇ ਇਹ ਹੁਣ ਵਿਰੋਧੀਆਂ ਦਾ ਹੱਥ ਠੋਕਾ ਬਣ ਕੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਦੇ ਮਾਣ-ਸਨਮਾਨ ਨੂੰ ਢਾਹ ਲਾਈ ਹੈ।

ਅਜਿਹੀਆਂ ਕਈ ਹੋਰ ਮਿਸਾਲਾਂ ਹਨ ਜੋ ਉਸ ਦੇ ਸ਼ੱਕੀ ਕਿਰਦਾਰ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕੀਤੀ ਕਿ ਅਜਿਹੇ ਵਿਅਕਤੀ ਦੀਆਂ ਗੱਲਾਂ ਵੱਲ ਧਿਆਨ ਨਾ ਦੇਣ। ਇਸੇ ਤਰ੍ਹਾਂ ਸੰਗਤਾਂ ਵਿਚ ਪਾਏ ਜਾ ਰਹੇ ਤਰ੍ਹਾਂ ਤਰ੍ਹਾਂ ਦੇ ਭਰਮ ਭੁਲੇਖਿਆਂ ਨੂੰ ਦੂਰ ਕਰਦਿਆਂ ਉਨ੍ਹਾਂ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਗਏ ੫੫੦ ਸਾਲਾ ਪ੍ਰਕਾਸ਼ ਪੁਰਬ ਮੌਕੇ ਅਖ਼ਬਾਰਾਂ ‘ਚ ਇਸ਼ਤਿਹਾਰ ਦੇ ਕੇ ਪੰਡਾਲ ਲਗਾਉਣ ਸਬੰਧੀ ਟੈਂਡਰ ਮੰਗੇ ਗਏ ਸਨ।

ਜਿਸ ਵਿਚ ਨੀਯਤ ਸਬ-ਕਮੇਟੀ ਵੱਲੋਂ ਪੁੱਜੇ ਟੈਂਡਰਾਂ ਵਿੱਚੋਂ ਸ਼ੌ ਕਰਾਫਟ ਪ੍ਰ: ਲਿਮਟਿਡ ਕੰਪਨੀ ਨਵੀਂ ਦਿੱਲੀ ਦਾ ਟੈਂਡਰ ਪ੍ਰਵਾਨ ਕੀਤਾ ਗਿਆ ਸੀ। ਪ੍ਰਵਾਨ ਕੀਤੇ ਇਸ ਟੈਂਡਰ ਅਨੁਸਾਰ ਮੇਨ ਪੰਡਾਲ ‘ਤੇ ੨ ਕਰੋੜ ੭੨ ਲੱਖ ੮੨ ਹਜ਼ਾਰ ੯੨੫ ਰੁਪਏ ਅਤੇ ਗੇਟ ‘ਤੇ ੩੨ ਲੱਖ ੩ ਹਜ਼ਾਰ ੪੭੮ ਰੁਪਏ ਇਸ ਕੰਪਨੀ ਨੂੰ ਸੰਸਥਾ ਵੱਲੋਂ ਅਦਾ ਕੀਤੇ ਗਏ ਸਨ। 

ਹਰਚਰਨ ਸਿੰਘ ਨੇ ਦੋਸ਼ਾਂ ਨੂੰ ਨਕਾਰਿਆ

ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਇਕ ਲਿਖਤੀ ਬਿਆਨ ਵੀ ਕਿਹਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਬੰਧੀ ਕਿਤਾਬ ਲਿਖਣ ਦਾ ਮੰਤਵ ਤਾਂ ਇਸ ਸੰਸਥਾ ਵਿਚ ਸੁਧਾਰ ਲਿਆਉਣ ਵਲ ਧਿਆਨ ਦੇਣਾ ਸੀ। ਸ਼੍ਰੋਮਣੀ ਕਮੇਟੀ ਨੇ ਪ੍ਰੈੱਸ ਨੋਟ ਰਾਹੀਂ ਬਿਲਕੁਲ ਫ਼ਜੂਲ ਇਲਜ਼ਾਮ ਲਗਾਏ ਹਨ।

ਸ਼੍ਰੋਮਣੀ ਕਮੇਟੀ ਵਿਚ ਲਿਆ ਹਰ ਫੈਸਲਾ ਅੰਤ੍ਰਿਗ ਕਮੇਟੀ ਕਰਦੀ ਹੈ ਤੇ ਮੁੱਖ ਸਕੱਤਰ ਤਾਂ ਸਿਰਫ਼ ਉਹ ਫ਼ੈਸਲੇ ਨੂੰ ਸੂਚਿਤ ਕਰਦਾ ਹੈ ਅਪਣੇ ਦਸਤਖ਼ਤਾਂ ਹੇਠ। ਮੁੱਖ ਸਕੱਤਰ ਨੇ 23 ਮਹੀਨਿਆਂ ਵਿਚ ਤਨਖ਼ਾਹ ਕੇਵਲ 42 ਲੱਖ ਰੁਪਏ ਲਈ ਹੈ ਨਾ ਕਿ 84 ਲੱਖ, ਜਿਵੇਂ ਪ੍ਰੈੱਸ ਨੋਟ ਵਿਚ ਦਸਿਆ ਗਿਆ ਹੈ। ਪੁਰਾਣੀ ਕਾਰ ਬਦਲਦੇ ਹੋਏ ਨਵੀਂ ਕਾਰ ਦੀ ਪ੍ਰਵਾਨਗੀ ਤੇ ਰਿਹਾਇਸ਼ੀ ਮਕਾਨ ਦੀ ਪ੍ਰਵਾਨਗੀ ਵੀ ਅੰਤ੍ਰਿਗ ਕਮੇਟੀ ਨੇ ਦਿਤੀ ਸੀ ਤੇ ਅਪਣੀ ਮਰਜ਼ੀ ਨਾਲ ਕੋਈ ਪੈਸਾ ਖਰਚ ਨਹੀਂ ਕੀਤਾ।

ਉਨ੍ਹਾਂ ਕਿਹਾ ਕਿ ਮੇਰੀ ਮੁੱਖ ਸਕੱਤਰੀ ਦੇ ਫ਼ੈਸਲੇ ਨੂੰ ਹਾਈ  ਕੋਰਟ ਵਿਚ ਚੁਣੌਤੀ ਦਿਤੀ ਗਈ ਹੈ ਤੇ ਮੈਂ ਇਕ ਵਕਲੀ ਜਿਸ ਨੂੰ ਤਿੰਨ ਲੱਖ 30 ਹਜ਼ਾਰ ਫੀਸ ਅਪਣੇ ਖਾਤੇ ਵਿਚੋਂ ਦਿਤੀ ਤੇ ਪ੍ਰਧਾਨ ਸ. ਮੱਕੜ ਨੇ ਉਸ ਵਿਚ ਦੋ ਲੱਖ ਪ੍ਰਵਾਨ ਕਰਦੇ ਹੋਏ ਪਾਸ ਕੀਤੇ ਤੇ ਅੰਤ੍ਰਿਗ ਕਮੇਟੀ ਨੇ ਵੀ ਇਸ ਦੀ ਪ੍ਰਵਾਨਗੀ ਦਿਤੀ।

ਡੀ-ਲਾਇਟ ਕਨਸਲਟੈਂਸੀ ਇਕ ਅੰਤਰ ਰਾਸ਼ਟਰੀ ਪੱਧਰ ਦੀ ਮਸ਼ਹੂਰ ਕੰਪਨੀ ਹੈ ਤੇ ਮੁੱਖ ਸਕੱਤਰ ਦਾ ਉਸ ਕੰਪਨੀ ਨਾਲ ਕੋਈ ਵਾਸਤਾ ਨਹੀਂ। ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਨੇ ਮੇਰੇ ਕੰਮ ਦੀ ਤਾਰੀਫ਼ ਲਿਖ ਕੇ ਕੀਤੀ ਹੈ ਜਿਹੜੀ ਕਿਤਾਬ ਵਿਚ ਦਰਜ ਹੈ। ਹੈਰਾਨੀ ਦੀ ਗੱਲ ਹੈ ਕਿ ਹੁਣ ਢਾਈ ਸਾਲ ਦਾ ਸਮਾਂ ਬੀਤਣ ਤੋਂ ਬਾਅਦ ਇਹ ਨਾਜਾਇਜ਼ ਤੇ ਬੇਬੁਨਿਆਦ ਇਲਾਜ਼ਮ ਲਗਾ ਰਹੇ ਹਨ।