ਪਰਮਿੰਦਰ ਢੀਂਡਸਾ ਦੀ ਫੂੰਕਾਰ : ਕਿਹਾ, ਪਾਰਟੀ ਅੰਦਰ 'ਸਿਧਾਂਤਕਵਾਦੀ ਕ੍ਰਾਂਤੀ' ਦਾ ਆਉਣਾ ਤਹਿ!

ਏਜੰਸੀ

ਖ਼ਬਰਾਂ, ਪੰਜਾਬ

ਇਤਿਹਾਸਕ ਹੋਵੇਗੀ 23 ਨੂੰ ਹੋਣ ਵਾਲੀ ਸੰਗਰੂਰ ਰੈਲੀ

file photo

ਭਵਾਈਗੜ੍ਹ : ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਖਿਲਾਫ਼ ਸਿਧਾਂਤਕਵਾਦੀ ਲਹਿਰ ਚਲਾਉਣ ਵਾਲੇ ਢੀਂਡਸਾ ਪਰਵਾਰ ਦੀਆਂ ਸਰਗਰਮੀਆਂ ਦਿਨੋਂ ਦਿਨ ਵਧਦੀਆਂ ਜਾ ਰਹੀਆਂ ਹਨ। ਰੈਲੀ ਦੇ ਜਵਾਬ 'ਚ ਰੈਲੀ ਦੇ ਸਿਧਾਂਤ 'ਤੇ ਚਲਦਿਆਂ ਢੀਂਡਸਾ ਪਰਵਾਰ ਨੇ ਵੀ ਸੰਗਰੂਰ ਵਿਖੇ ਰੈਲੀ ਕਰਨ ਦਾ ਐਲਾਨ ਕੀਤਾ ਹੋਇਆ ਹੈ। 23 ਫ਼ਰਵਰੀ ਨੂੰ ਹੋਣ ਵਾਲੀ ਇਸ ਰੈਲੀ ਵਿਚ ਵੱਧ ਤੋਂ ਵੱਧ ਇਕੱਠ ਕਰਨ ਦੇ ਮਕਸਦ ਨਾਲ ਢੀਂਡਸਾ ਪਰਵਾਰ ਵਲੋਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਸੇ ਤਹਿਤ ਪਰਮਿੰਦਰ ਸਿੰਘ ਢੀਂਡਸਾ ਬਲਾਕ ਦੇ ਪਿੰਡ ਭੱਟੀਵਾਲ ਕਲਾਂ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਲੋਕਾਂ ਨੂੰ ਰੈਲੀ 'ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਸੰਬੋਧਨ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਪਾਰਟੀ ਦੇ ਮੁਢਲੇ ਸਿਧਾਂਤਾਂ ਨਾਲ ਹੋ ਰਹੇ ਖਿਲਵਾੜ ਤੋਂ ਹੁਣ ਪੰਜਾਬ ਦੇ ਲੋਕ ਦੇ ਨਾਲ ਨਾਲ ਪਾਰਟੀ ਵਰਕਰ ਵੀ ਦੁਖੀ ਹਨ। ਇਹੀ ਕਾਰਨ ਹੈ ਕਿ ਹੁਣ ਵੱਡੀ ਗਿਣਤੀ ਲੋਕ ਅਕਾਲੀ ਦਲ ਦੀ ਸੋਚ ਅਤੇ ਅਗਵਾਈ ਵਿਚ ਬਦਲਾਅ ਚਾਹੁੰਦੇ ਹਨ। ਉਨ੍ਹਾਂ ਸੁਖਬੀਰ ਬਾਦਲ ਦਾ ਨਾਮ ਲਏ ਬਿਨਾਂ ਕਿਹਾ ਕਿ ਪਾਰਟੀ 'ਤੇ ਕਾਬਜ਼ ਪੁਰਾਣੀ ਲੀਡਰਸ਼ਿਪ ਤੋਂ ਲੋਕ ਉਕਤਾਅ ਚੁੱਕੇ ਹਨ। ਲੋਕਾਂ ਦੀ ਸੋਚ ਵਿਚ ਆਏ ਬਦਲਾਅ ਦੀ ਬਦੌਲਤ ਇਕ ਨਾ ਇਕ ਦਿਨ ਪਾਰਟੀ ਅੰਦਰ ਸਿਧਾਂਤਕਵਾਦੀ ਕ੍ਰਾਂਤੀ ਆਉਣਾ ਤਹਿ ਹੈ ਜਿਸ ਤੋਂ ਬਾਅਦ ਪਾਰਟੀ 'ਚ ਤਾਨਾਸ਼ਾਹੀ ਰਵੱਈਆ ਅਪਨਾਉਣ ਵਾਲਿਆਂ ਨੂੰ ਲਾਂਭੇ ਹੋਣ ਲਈ ਮਜਬੂਰ ਹੋਣਾ ਹੀ ਪਵੇਗਾ।

ਉਨ੍ਹਾਂ ਕਿਹਾ ਕਿ ਕਿਸੇ ਵੀ ਸੰਸਥਾ ਜਾਂ ਪਾਰਟੀ ਦੀ ਹੋਂਦ ਉਸ ਦੇ ਮੁਢਲੇ ਸਿਧਾਂਤਾਂ ਅਤੇ ਵਿਚਾਰਾਂ 'ਤੇ ਨਿਰਭਰ ਕਰਦੀ ਹੈ। ਜਦਕਿ ਅਕਾਲੀ ਦਲ ਅਪਣੇ ਬੁਨਿਆਦੀ ਸਿਧਾਂਤਾਂ ਅਤੇ ਮੂਲ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਚੁੱਕਾ ਹੈ। ਇਸ ਲਈ ਢੀਂਡਸਾ ਪਰਵਾਰ ਨੂੰ ਮਜਬੂਰਨ ਇਸ ਵਿਰੁਧ ਸੰਘਰਸ਼ ਲਈ ਮਜ਼ਬੂਰ ਹੋਣਾ ਪਿਆ ਹੈ ਜਿਸ ਦੇ ਤਹਿਤ ਜਾਗਦੀ ਜਮੀਰ ਵਾਲੇ ਜੁਝਾਰੂ ਲੋਕਾਂ ਦੀ ਮਦਦ ਨਾਲ ਅਕਾਲੀ ਦਲ ਦੀ ਆਤਮਾ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਗਦੀ ਜ਼ਮੀਰ ਵਾਲੇ ਲੋਕਾਂ ਦੀ ਮਿਹਨਤ ਇਕ ਦਿਨ ਜ਼ਰੂਰ ਰੰਗ ਲਿਆਵੇਗੀ ਤੇ ਸ਼੍ਰੋਮਣੀ ਅਕਾਲੀ ਦਲ ਮੁੜ ਅਪਣੀਆਂ ਪੁਰਾਣੀਆਂ ਇਤਿਹਾਸਕ ਸਿਧਾਂਤਕਵਾਦੀ ਲੀਂਹਾਂ 'ਤੇ ਤੁਰਨ ਲੱਗ ਪਵੇਗਾ।

ਟਕਸਾਲੀ ਆਗੂ ਰਤਨ ਸਿੰਘ ਅਜਨਾਲਾ ਦੇ ਮੁੜ ਅਕਾਲੀ ਦਲ 'ਚ ਜਾਣ ਬਾਰੇ ਪੁਛੇ ਸਵਾਲ ਦੇ ਜਵਾਬ ਵਿਚ ਉੁਨ੍ਹਾਂ ਕਿਹਾ ਕਿ ਕਿਸੇ ਲਾਲਚ ਜਾਂ ਕਿਸੇ ਅਹੁਦੇ ਲਾਲਸਾਵੱਸ ਅਸੀਂ ਕਦੇ ਵੀ ਅਪਣੀ ਸਿਧਾਂਤਕ ਸੋਚ ਨਾਲ ਸਮਝੌਤਾ ਨਹੀਂ ਕਰਾਂਗੇ। ਉਨ੍ਹਾਂ ਕਿਹਾ ਕਿ ਸਿਧਾਂਤਕਵਾਦ ਨੂੰ ਲੈ ਕੇ ਸ਼ੁਰੂ ਕੀਤੀ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ 23 ਫ਼ਰਵਰੀ ਨੂੰ ਹੋਣ ਵਾਲੀ ਇਤਿਹਾਸਕ ਰੈਲੀ ਤੋਂ ਬਾਅਦ ਦਮਗਜ਼ੇ ਮਾਰਨ ਵਾਲਿਆਂ ਨੂੰ ਉਨ੍ਹਾਂ ਦੇ ਹਰ ਸਵਾਲ ਦਾ ਜਵਾਬ ਮਿਲ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਰੈਲੀ ਸਬੰਧੀ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਗੁਰਬਚਨ ਸਿੰਘ ਬਚੀ ਸਾਬਕਾ ਏਐਮ ਪਾਵਰਕਾਮ, ਗੁਰਤੇਜ ਸਿੰਘ ਝਨੇੜੀ, ਨਿਹਾਲ ਸਿੰਘ ਨੰਬਰਦਾਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਕਾਲੀ ਆਗੂ ਤੇ ਵਰਕਰ ਹਾਜ਼ਰ ਸਨ।