ਨਿਰਮਲਾ ਸੀਤਾਰਮਨ ਦੇਸ਼ ਦੀ ਆਰਥਕਤਾ ਲਈ ਨੁਕਸਾਨਦੇਹ: ਰੰਜਨ ਚੌਧਰੀ

ਏਜੰਸੀ

ਖ਼ਬਰਾਂ, ਪੰਜਾਬ

ਨਿਰਮਲਾ ਸੀਤਾਰਮਨ ਦੇਸ਼ ਦੀ ਆਰਥਕਤਾ ਲਈ ਨੁਕਸਾਨਦੇਹ: ਰੰਜਨ ਚੌਧਰੀ

image

ਨਵੀਂ ਦਿੱਲੀ, 13 ਫ਼ਰਵਰੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ ਵਿਚ ਰਾਹੁਲ ਗਾਂਧੀ ’ਤੇ ਕੀਤੇ ਸ਼ਬਦੀ ਹਮਲੇ ਤੋਂ ਬਾਅਦ ਕਾਂਗਰਸ ਨੇ ਜਵਾਬੀ ਕਾਰਵਾਈ ਕੀਤੀ ਅਤੇ ਦੋਸ਼ ਲਾਇਆ ਕਿ ਸੀਤਾਰਮਨ ਭਾਰਤ ਦੀ ਅਰਥ ਵਿਵਸਥਾ ਨੂੰ ‘ਨੁਕਸਾਨ ਪਹੁੰਚਾ ਰਹੇ ਹਨ’ ਅਤੇ ਉਨ੍ਹਾਂ ਦਾ ਇਕੋ ਮਨੋਰਥ ‘ਹਮ ਦੋ, ਹਮਾਰੇ ਦੋ’ ਹੈ। 
ਲੋਕ ਸਭਾ ਵਿਚ ਪਾਰਟੀ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਇਹ ਵੀ ਦਾਅਵਾ ਕੀਤਾ ਕਿ ਜਦੋਂ ਸਰਕਾਰ ਅਤੇ ਉਸ ਦੇ ਮੰਤਰੀ ਦੇਸ਼ ਦੀ ਸਥਿਤੀ ਅਤੇ ਆਰਥਕਤਾ ਨੂੰ ਸੰਭਾਲਣ ਵਿਚ ਅਸਮਰੱਥ ਹੁੰਦੇ ਹਨ, ਤਾਂ ਉਹ ਕਾਂਗਰਸੀ ਆਗੂਆਂ  ’ਤੇ ‘ਅਪਮਾਨਜਨਕ’ ਟਿਪਣੀਆਂ ਕਰਦੇ ਹਨ।
ਸੰਸਦ ਕੰਪਲੈਕਸ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ, ਉਨ੍ਹਾਂ ਨੇ ਦੋਸ਼ ਲਾਇਆ ਕਿ ਸੀਤਾਰਮਨ ਵਿੱਤ ਮੰਤਰੀ ਨਹੀਂ, ਇਕ ਨਾਰਾਜ਼ ਮੰਤਰੀ ਹਨ। ਇਹ ਦੇਸ਼ ਦੀ ਆਰਥਕਤਾ ਲਈ ਨੁਕਸਾਨਦੇਹ ਹਨ। ਉਹ ਪ੍ਰਧਾਨ ਮੰਤਰੀ ਦੇ ਨਾਲ ਦੇਸ਼ ਨੂੰ ਹੇਠਲੇ ਪੱਧਰ ਉੱਤੇ ਲੈ ਜਾਣਗੇ। 
ਉਨ੍ਹਾਂ ਕਿਹਾ ਕਿ ਆਕਸਫ਼ੈੈਮ ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਤਾਲਾਬੰਦੀ ਕਾਰਨ ਭਾਰਤ ਦੇ ਅਰਬਪਤੀ 35 ਫ਼ੀ ਸਦੀ ਅਮੀਰ ਹੋ ਗਏ ਹਨ ਜਦਕਿ ਕਰੋੜਾਂ ਆਮ ਲੋਕਾਂ ਦੀ ਆਮਦਨ ਵਿਚ ਗਿਰਾਵਟ ਆਈ ਹੈ। ਅਸੀਂ ਵਿੱਤ ਮੰਤਰੀ ਨੂੰ ਪੁਛਣਾ ਚਾਹੁੰਦੇ ਹਾਂ ਕਿ ਅਜਿਹਾ ਕਿਉਂ ਹੋਇਆ? ਉਨ੍ਹਾਂ ਦੋਸ਼ ਲਾਇਆ ਕਿ ਇਸ ਸਰਕਾਰ ਨੇ ਪੂੰਜੀਪਤੀਆਂ ਉੱਤੇ ਲੱਖਾਂ-ਕਰੋੜਾਂ ਰੁਪਏ ਦਾ ਕਰਜ਼ਾ ਮੁਆਫ਼ ਕਰ ਦਿਤਾ ਸੀ, ਪਰ ਕਿਸਾਨਾਂ ਲਈ ਬਜਟ ਘਟਾ ਰਿਹਾ ਹੈ।ਚੌਧਰੀ ਨੇ ਕਿਹਾ ਕਿ ਮਨਰੇਗਾ ਅਤੇ ਹੋਰ ਸਮਾਜਕ ਯੋਜਨਾਵਾਂ ਲਈ ਵੰਡ ਵਿਚ ਕਟੌਤੀ ਕਰ ਦਿਤੀ ਗਈ ਹੈ।                     (ਪੀਟੀਆਈ)