ਚੋਣਾਂ ਲਈ ਵੋਟਰਾਂ 'ਚ ਭਾਰੀ ਉਤਸ਼ਾਹ ਵਿਚਾਲੇ ਪੰਜਾਬ 'ਚ ਕਈ ਥਾਈਂ 'ਤੇ ਖ਼ਰਾਬ ਹੋਈਆਂ ਮਸ਼ੀਨਾਂ
ਕਈ ਥਾਵਾਂ 'ਤੇ ਵੋਟਿੰਗ ਮਸ਼ੀਨਾਂ ਖਰਾਬ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ।
ਚੰਡੀਗੜ੍ਹ: ਅੱਜ 14 ਫ਼ਰਵਰੀ ਨੂੰ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਵੋਟਾਂ ਪੈਣ ਰਹੀਆਂ ਹਨ। ਇਸ ਦੌਰਾਨ ਕੁੱਲ 39,15,280 ਵੋਟਰ ਅਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਵੋਟਿੰਗ ਐਤਵਾਰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਵੋਟਾਂ ਦੀ ਗਿਣਤੀ 17 ਫ਼ਰਵਰੀ ਨੂੰ ਕੀਤੀ ਜਾਵੇਗੀ। ਅੱਜ ਹੋ ਰਹੀਆਂ ਚੋਣਾਂ ਲਈ ਵੋਟਰਾਂ ‘ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਪਰ ਇਸ ਵਿਚਕਾਰ ਕਈ ਥਾਵਾਂ 'ਤੇ ਵੋਟਿੰਗ ਮਸ਼ੀਨਾਂ ਖਰਾਬ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ।
ਕਈ ਬੂਥਾਂ ਉੱਪਰ ਮਸ਼ੀਨਾਂ ਖਰਾਬ ਹੋਣ ਦੀ ਸੂਚਨਾ ਮਿਲੀ ਹੈ ਪਰ ਹੁਣ ਸਭ ਥਾਈਂ ਸ਼ਾਂਤਮਈ ਤਰੀਕੇ ਨਾਲ ਵੋਟਿੰਗ ਹੋ ਰਹੀ ਹੈ। ਦੱਸਣਯੋਗ ਹੈ ਕਿ ਖੰਨਾ 'ਚ ਵਾਰਡ ਨੰਬਰ 20 ਦੇ ਵਿਚ ਬੂਥ ਨੰਬਰ 67 ਦੀ ਮਸ਼ੀਨ ਵਿਚ ਆਈ ਖ਼ਰਾਬੀ ਲੋਕਾਂ ਨੂੰ ਵੋਟ ਪਾਉਣ ਲਈ ਇੰਤਜ਼ਾਰ ਕਰਨਾ ਪੈ ਰਿਹਾ ਹੈ। ਡੀਐੱਸਪੀ ਹਰਵਿੰਦਰ ਸਿੰਘ ਖਹਿਰਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਗੁਰਦਾਸਪੁਰ ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਵਾਰਡ ਨੰਬਰ 25 ਵਿਚ ਥੋੜ੍ਹੀ ਤਲਖੀ ਦੇਖਣ ਨੂੰ ਮਿਲੀ ਜਿੱਥੇ ਭਾਜਪਾ ਦੇ ਪੋਲਿੰਗ ਏਜੰਟ ਕਾਂਗਰਸੀ ਵਰਕਰਾਂ ਤੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਣ ਦੇ ਦੋਸ਼ ਲਗਾਉਂਦੇ ਦਿਖਾਈ ਦਿੱਤੇ। ਜਿਸ ਤੋਂ ਬਾਅਦ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਵੱਲੋਂ ਇੱਕ ਦੂਜੇ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।