ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਕੋਲੋਂ ਸੁਰੱਖਿਆ ਕਵਚ ਤੋਂ ਬਾਅਦ ਐਂਬੂਲੈਂਸ-ਜੈਮਰ ਵੀ ਲਏ ਵਾਪਸ

ਏਜੰਸੀ

ਖ਼ਬਰਾਂ, ਪੰਜਾਬ

ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀਆਂ ਕੋਲੋਂ ਸੁਰੱਖਿਆ ਕਵਚ ਤੋਂ ਬਾਅਦ ਐਂਬੂਲੈਂਸ-ਜੈਮਰ ਵੀ ਲਏ ਵਾਪਸ

image

ਸ਼੍ਰੀਨਗਰ/ਨਵੀਂ ਦਿੱਲੀ, 14 ਫ਼ਰਵਰੀ : ਜੰਮੂ-ਕਸ਼ਮੀਰ ਦੇ 4 ਸਾਬਕਾ ਮੁੱਖ ਮੰਤਰੀਆਂ ਨੂੰ ਮਿਲੀ ਸੁਰੱਖਿਆ ਇਕ ਵਾਰ ਫਿਰ ਘਟਾ ਦਿਤੀ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਕੇਂਦਰ ਸ਼ਾਸਤ ਸੂਬੇ ਦੇ ਪ੍ਰਸ਼ਾਸਨ ਨੇ ਸ਼੍ਰੀਨਗਰ ਜ਼ਿਲ੍ਹੇ ਦੇ ਅੰਦਰ ਆਵਾਜਾਈ ਦੌਰਾਨ ਹੁਣ ਸਾਬਕਾ ਮੁੱਖ ਮੰਤਰੀਆਂ ਨੂੰ ਮਿਲੀ ਜੈਮਰ ਅਤੇ ਐਂਬੁਲੈਂਸ ਦੀ ਸਹੂਲਤ ਨੂੰ ਹਟਾਉਣ ਦਾ ਫ਼ੈਸਲਾ ਲਿਆ ਹੈ। ਇਸ ਤੋਂ ਪਹਿਲਾਂ ਫਾਰੂਕ ਅਬਦੁੱਲਾ, ਗੁਲਾਮ ਨਬੀ ਆਜ਼ਾਦ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਨੂੰ ਮਿਲੇ ਵਿਸ਼ੇਸ਼ ਸੁਰੱਖਿਆ ਸਮੂਹ (ਐਸ.ਐਸ.ਜੀ.) ਦੇ ਸੁਰੱਖਿਆ ਕਵਚ ਨੂੰ ਵਾਪਸ ਲੈ ਲਿਆ ਗਿਆ ਸੀ। ਅਧਿਕਾਰੀਆਂ ਨੇ ਕਿਹਾ ਕਿ ਅੰਤਰ ਜ਼ਿਲ੍ਹਾ ਆਵਾਜਾਈ ਦੌਰਾਨ ਚਾਰੇ ਸਾਬਕਾ ਮੁੱਖ ਮੰਤਰੀਆਂ ਨੂੰ ਜੈਮਰ ਅਤੇ ਐਂਬੁਲੈਂਸ ਦੀ ਸਹੂਲਤ ਮਿਲਦੀ ਰਹੇਗੀ।
ਤਜ਼ਰਬੇਕਾਰ ਆਗੂ ਅਤੇ ਲੋਕ ਸਭਾ ਸੰਸਦ ਮੈਂਬਰ ਫ਼ਾਰੂਕ ਅਬਦੁੱਲਾ ਨੇ ਸਨਿਚਰਵਾਰ ਨੂੰ ਸ਼੍ਰੀਨਗਰ ਦੀ ਮਸ਼ਹੂਰ ਹਜਰਤਬਲ ਦਰਗਾਹ ਅਤੇ ਦਸਗੀਰ ਸਾਬ ’ਚ ਪ੍ਰਾਰਥਨਾ ਕੀਤੀ ਪਰ ਉੱਥੇ ਕੋਈ ਐਂਬੂਲੈਂਸ ਜਾਂ ਜੈਮਰ ਨਹੀਂ ਦਿਸਿਆ। ਜੈਮਰ ਸਿਗਨਲ ਨੂੰ ਰੋਕਣ ਦਾ ਕੰਮ ਕਰਦਾ ਹੈ ਤਾਂ ਕਿ ਅਤਿਵਾਦ ਪ੍ਰਭਾਵਤ ਖੇਤਰਾਂ ਵਿਚ ਆਈ.ਈ.ਡੀ. ਵਰਗੇ ਵਿਸਫ਼ੋਟਕ ਪਦਾਰਥਾਂ ਵਿਚ ਰਿਮੋਟ ਰਾਹੀਂ ਦੂਰ ਤੋਂ ਵਿਸਫ਼ੋਟ ਨਾ ਕੀਤਾ ਜਾ ਸਕੇ। ਐਂਬੂਲੈਂਸ ਦੀ ਸਹੂਲਤ ਯਾਤਰਾ ਦੌਰਾਨ ਕਿਸੇ ਐਮਰਜੈਂਸੀ ਮੈਡੀਕਲ ਸਬੰਧਤ ਲੋੜਾਂ ਨੂੰ ਪੂਰਾ ਕਰਨ ਲਈ ਦਿਤੀ ਜਾਂਦੀ ਹੈ। ਜੰਮੂ ਕਸ਼ਮੀਰ ਵਿਧਾਨ ਸਭਾ ਵਲੋਂ ਸਾਲ 2020 ਵਿਚ ਕਾਨੂੰਨ ਬਣਾ ਕੇ ਐਸ.ਐਸ.ਜੀ. ਦਾ ਪ੍ਰਬੰਧ ਕੀਤਾ ਗਿਆ ਸੀ। ਇਸ ਦੇ ਅਧੀਨ ਮੁੱਖ ਮੰਤਰੀਆਂ ਅਤੇ ਸਾਬਕਾ ਮੁੱਖ ਮੰਤਰੀਆਂ ਨੂੰ ਐਸ.ਐਸ.ਜੀ. ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਸੀ ਪਰ ਹੁਣ ਕੇਂਦਰ ਸ਼ਾਸਤ ਪ੍ਰਦੇਸ਼ ਦਾ ਸਾਰੇ ਚਾਰ ਸਾਬਕਾ ਮੁੱਖ ਮੰਤਰੀਆਂ ਦੀ ਐਸ.ਐਸ.ਜੀ. ਸੁਰੱਖਿਆ ਕਵਚ ਵਾਪਸ ਲੈ ਕੇ ਉਨ੍ਹਾਂ ਦੀ ਸੁਰੱਖਿਆ ਜੰਮੂ ਕਸ਼ਮੀਰ ਪੁਲਿਸ ਦੀ ਸੁਰੱਖਿਆ ਬਰਾਂਚ ਨੂੰ ਸੌਂਪੀ ਗਈ ਹੈ, ਜਿਸ ਵਿਚ ਕੇਂਦਰੀ ਹਥਿਆਰਬੰਦ ਨੀਮ ਫ਼ੌਜੀ ਬਲ ਮਦਦ ਕਰਨਗੇ। ਇਹ ਕਦਮ ਅਜਿਹੇ ਸਮੇਂ ਚੁਕਿਆ ਗਿਆ ਹੈ, ਜਦੋਂ ਸ਼੍ਰੀਨਗਰ ਵਿਚ ਪਿਛਲੇ ਸਾਲ ਤੋਂ ਅਤਿਵਾਦ ਨਾਲ ਸਬੰਧਤ ਹਿੰਸਾ ਦੇਖੀ ਜਾ ਰਹੀ ਹੈ। 
ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ਦਿ ਰੈਜੀਸਟੈਂਸ ਫ਼ਰੰਟ ਵਲੋਂ ਨਾਗਰਿਕਾਂ ਦੇ ਕਤਲ ਤੋਂ ਇਲਾਵਾ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਮੁਕਾਬਲੇ ਦੇ ਮਾਮਲੇ ਵਧੇ ਹਨ। ਐਸ.ਐਸ.ਜੀ. ਸੁਰੱਖਿਆ ਕਰਮੀਆਂ ਨੂੰ ਬਲੈਕ ਕੈਟ ਕਮਾਂਡੋ ਕਹਿੰਦੇ ਹਨ। ਜੰਮੂ ਕਸ਼ਮੀਰ ਵਿਚ ਉਮਰ ਅਬਦੁੱਲਾ ਅਤੇ ਮਹਿਬੂਬਾ ਨੂੰ ਵੀ ਜ਼ੈੱਡ ਪਲੱਸ ਸੁਰੱਖਿਆ ਮਿਲਦੀ ਰਹੇਗੀ ਪਰ ਕੇਂਦਰ ਸ਼ਾਸਤ ਪ੍ਰਦੇਸ਼ ਤੋਂ ਬਾਹਰ ਇਨ੍ਹਾਂ ਦੀ ਸੁਰੱਖਿਆ ਵਿਵਸਥਾ ’ਚ ਕਮੀ ਕੀਤੇ ਜਾਣ ਦੀ ਸੰਭਾਵਨਾ ਹੈ। (ਏਜੰਸੀ)