ਵਿਧਾਨ ਸਭਾ ਚੋਣਾਂ 2022 : ਗੋਆ ’ਚ ਹੋਈ ਰਿਕਾਰਡ 75.29 ਫ਼ੀ ਸਦੀ ਵੋਟਿੰਗ

ਏਜੰਸੀ

ਖ਼ਬਰਾਂ, ਪੰਜਾਬ

ਵਿਧਾਨ ਸਭਾ ਚੋਣਾਂ 2022 : ਗੋਆ ’ਚ ਹੋਈ ਰਿਕਾਰਡ 75.29 ਫ਼ੀ ਸਦੀ ਵੋਟਿੰਗ

image

ਉਤਰ ਪ੍ਰਦੇਸ਼ ’ਚ ਦੂਜੇ ਗੇੜ ਦੀਆਂ ਚੋਣਾਂ ਵਿਚ 61 ਫ਼ੀ ਸਦੀ ਵੋਟਿੰਗ, ਉਤਰਾਖੰਡ ’ਚ 59.51 ਫ਼ੀ ਸਦੀ

ਪਣਜੀ/ਲਖਨਊ/ਦੇਹਰਾਦੂਨ, 14 ਫ਼ਰਵਰੀ : ਗੋਆ ਵਿਧਾਨਸਭਾ ਚੋਣਾਂ ਲਈ ਸੂਬੇ ’ਚ ਦੋ ਜ਼ਿਲ੍ਹਿਆਂ ਦੀਆਂ 40 ਸੀਟਾਂ ’ਤੇ ਸੋਮਵਾਰ ਨੂੰ ਸ਼ਾਂਤੀ ਨਾਲ ਵੋਟਿੰਗ ਹੋਈ। ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ ਜਦਕਿ ਸ਼ਾਮ 6.00 ਵਜੇ ਤਕ ਚਲੀ। ਗੋਆ ਵਿਚ ਰਿਕਾਰਡ ਵੋਟਿੰਗ ਹੋਈ ਹੈ। ਚੋਣ ਕਮਿਸ਼ਨ ਦੀ ਵੈੱਬਾਸਾਈਟ ਦੇ ਮੁਤਾਬਕ ਗੋਆ ’ਚ ਸ਼ਾਮ 5 ਵਜੇ ਤਕ 75.29 ਫ਼ੀ ਸਦੀ ਵੋਟਿੰਗ ਹੋਈ। ਸੋਮਵਾਰ ਨੂੰ ਗੋਆ, ਉਤਰਾਖੰਡ ਤੇ ਉਤਰ ਪ੍ਰਦੇਸ਼ ’ਚ ਵਿਧਾਨਸਭਾ ਚੋਣਾਂ ਲਈ ਵੋਟਿੰਗ ਹੋਈ। ਵੋਟਿੰਗ ਦੇ ਮਾਮਲੇ ’ਚ ਗੋਆ ਉਤਰਾਖੰਡ ਤੇ ਉਤਰ ਪ੍ਰਦੇਸ਼ ਤੋਂ ਅੱਗੇ ਰਿਹਾ। ਸੂਬੇ ਦੇ ਕੁਲ 11.6 ਲੱਖ ਵੋਟਰਾਂ ਨੇ 301 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਈ.ਵੀ.ਐਮ. ਮਸ਼ੀਨ ’ਚ ਕੈਦ ਕਰ ਦਿਤਾ, ਹੁਣ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।
  ਮੁੱਖ ਮੰਤਰੀ ਪ੍ਰਮੋਦ ਸਾਵੰਤ (ਸਾਂਖਲੀ), ਉਪ ਮੁੱਖ ਮੰਤਰੀ ਬਾਬੂ ਕਾਵਲੇਕਰ (ਕਿਊਪੇਮਾ), ਮਨੋਹਰ ਅਜਗਾਂਵਕਰ (ਮਡਗਾਂਵ), ਮੌਵਿਨ ਗੋਡਿਨਹੋ (ਡਾਬੋਲਿਮ), ਵਿਸ਼ਵਜੀਤ ਰਾਣੇ (ਵਾਲਪੋਈ), ਨੀਲੇਸ਼ ਕੈਬਰਾਲ (ਕਰਚੋਰਮ) ਤੇ ਜੇਨੀਫ਼ਰ ਮੋਨਸੇਰੇਟ ਦੀ ਕਿਸਮਤ ਦਾਅ ’ਤੇ ਲੱਗੀ ਹੈ। ਗੋਆ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਮਨੋਹਰ ਪਾਰਿਰਕਰ ਦੇ ਪੁੱਤਰ ਉਤਪਲ ਪਾਰਿਕਰ ਪਣਜੀ ਤੋਂ ਚੋਣ ਮੈਦਾਨ ਵਿਚ ਹਨ।
  ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਦੂਜੇ ਗੇੜ ਵਿਚ 9 ਜ਼ਿਲ੍ਹਿਆਂ ਦੀਆਂ 55 ਵਿਧਾਨ ਸਭਾ ਸੀਟਾਂ ਲਈ ਸੋਮਵਾਰ ਨੂੰ 60.44 ਫ਼ੀ ਸਦੀ ਵੋਟਿੰਗ ਹੋਈ। ਦੂਜੇ ਗੇੜ ਵਿਚ ਸੂਬੇ ਦੇ 9 ਜ਼ਿਲ੍ਹਿਆਂ : ਸਹਾਰਨਪੁਰ, ਬਿਜਨੌਰ, ਮੁਰਾਦਾਬਾਦ, ਸੰਭਲ, ਰਾਮਪੁਰ, ਅਮਰੋਹਾ, ਬਦਾਯੂ, ਬਰੇਲੀ ਅਤੇ ਸ਼ਾਹਜਹਾਂਪੁਰ ਦੀਆਂ 55 ਸੀਟਾਂ ਉਤੇ 586 ਉਮੀਦਵਾਰ ਚੋਣ ਮੈਦਾਨ ਵਿਚ ਹਨ। ਚੋਣ ਕਮਿਸ਼ਨ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਕ, ਦੂਜੇ ਗੇੜ ਦੀਆਂ ਚੋਣਾਂ ਲਈ ਵੋਟਿੰਗ ਸਵੇਰੇ ਸੱਤ ਵਜੇ ਸ਼ੁਰੂ ਹੋ ਗਈ ਸੀ ਜੋ ਸ਼ਾਮ ਛੇ ਵਜੇ ਤਕ ਚਲੀ। ਸ਼ਾਮ ਪੰਜ ਵਜੇ ਤਕ ਔਸਤਨ 60.44 ਫ਼ੀ ਸਦੀ ਵੋਟਾਂ ਪੈ ਚੁਕੀਆਂ ਸਨ। ਚੋਣ ਕਮਿਸ਼ਨ ਨੇ ਦਸਿਆ ਕਿ ਹਾਲੇ ਤਕ ਵੋਟਾਂ ਸ਼ਾਂਤੀਪੂਰਨ ਪੈਣ ਦੀਆਂ ਖ਼ਬਰਾਂ ਆ ਰਹੀਆਂ ਹਨ। ਸਮਾਜਵਾਦੀ ਪਾਰਟੀ ਨੇ ਪੁਲਿਸ ’ਤੇ ਅਪਣੇ ਵਰਕਰਾਂ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ। ਪਾਰਟੀ ਨੇ ਟਵੀਟ ਕੀਤਾ,‘‘ਬਰੇਲੀ ਜ਼ਿਲ੍ਹੇ ਦੀ ਆਂਵਲਾ ਵਿਧਾਨ ਸਭਾ 126, ਗ੍ਰਾਮ ਪੰਚਾਇਤ ਧਨੌਰਾ ਗੌਰੀ ਵਿਚ ਸਮਾਜਵਾਦੀ ਪਾਰਟੀ ਦੇ ਵਰਕਰਾਂ ਬਲਬੀਰ ਯਾਦਵ ਦੇ ਘਰ ਵਿਚ ਦਾਖ਼ਲ ਹੋ ਕੇ ਪੁਲਿਸ ਨੇ ਗਾਲ੍ਹਾਂ ਕੱਢੀਆਂ। ਸਪਾ ਦੇ ਵੋਟਰਾਂ ਨੂੰ ਖੁਲ੍ਹੇਆਮ ਧਮਕੀ ਦੇ ਰਿਹਾ ਹੈ ਪ੍ਰਸ਼ਾਸਨ। ਚੋਣ ਕਮਿਸ਼ਨ ਇਸ ਦਾ ਨੋਟਿਸ ਲੈਂਦਿਆਂ ਕਾਰਵਾਈ ਯਕੀਨੀ ਕਰੇ।’’
  ਉਤਰਾਖੰਡ ਵਿਚ ਸਾਰੀਆਂ 70 ਵਿਧਾਨ ਸਭਾ ਸੀਟਾਂ ’ਤੇ ਸ਼ਾਮ ਪੰਜ ਵਜੇ ਤਕ 59.51 ਫ਼ੀ ਸਦੀ ਵੋਟਰਾਂ ਨੇ ਅਪਣੇ ਅਧਿਕਾਰ ਦਾ ਇਸਤੇਮਾਲ ਕੀਤਾ। ਸੂਬੇ ਦੇ ਚੋਣ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਸਵੇਰੇ ਅੱਠ ਵਜੇ ਤੋਂ ਸ਼ੁਰੂ ਹੋਈ ਵੋਟਿੰਗ ਸ਼ਾਮ ਛੇ ਵਜੇ ਤਕ ਜਾਰੀ ਰਹੀ, ਜਿਸ ਵਿਚ 59.51 ਫ਼ੀ ਸਦੀ ਵੋਟਿੰਗ ਹੋਈ। ਸ਼ਾਮ ਤਕ ਸੱਭ ਤੋਂ ਵੱਧ ਵੋਟਿੰਗ 67.58 ਫ਼ੀ ਸਦੀ ਨਾਲ ਹਰਦਵਾਰ ਪਹਿਲੇ ਨੰਬਰ ’ਤੇ ਰਿਹਾ, ਜਦੋਂਕਿ ਉੱਤਰਕਾਸ਼ੀ ਜ਼ਿਲ੍ਹੇ ਵਿਚ 65.55 ਫ਼ੀ ਸਦੀ, ਉਧਮਪੁਰ ਨਗਰ ਜ਼ਿਲ੍ਹੇ ਵਿਚ 65.13 ਫ਼ੀ ਸਦੀ ਅਤੇ ਨੈਨੀਤਾਲ ਵਿਚ 63.12 ਫ਼ੀ ਸਦੀ ਵੋਟਾਂ ਪਈਆਂ। ਸੱਭ ਤੋਂ ਘੱਟ 50.65 ਫ਼ੀ ਸਦੀ ਅਲਮੋੜਾ ਵਿਚ ਪਈਆਂ। ਕਪਕੋਟ ਵਿਧਾਨ ਸਭਾ ਖੇਤਰ ਦੇ ਇਕ ਵੋਟਿੰਗ ਕੇਂਦਰ ਵਿਚ 100 ਸਾਲਾ ਨਾਰਾਇਦ ਸਿੰਘ ਕਪਕੋਟੀ ਨੇ ਵੀ ਵੋਟ ਪਾਈ, ਜਿਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਾਲ ਭੇਂਟ ਕਰ ਕੇ ਉਨ੍ਹਾਂ ਨੂੰ ਸਨਮਾਨਤ ਕੀਤਾ। ਇਸ ਤੋਂ ਇਲਾਵਾ ਕਈ ਥਾਵਾਂ ’ਤੇ ਗਰਭਵਤੀ ਔਰਤਾਂ ਅਤੇ ਅਪਾਹਜ ਡੋਲੀ ਵਿਚ ਬੈਠ ਕੇ ਵੋਟਾਂ ਪਾਉਣ ਆਏ। ਪੁਲਿਸ ਅਨੁਸਾਰ ਵੋਟਾਂ ਸ਼ਾਂਤੀਪੂਰਨ ਤਰੀਕੇ ਨਾ ਸਮਾਪਤ ਹੋਈਆਂ। (ਪੀਟੀਆਈ)