ਸੁਨੀਲ ਜਾਖੜ ਨੇ ਸਾਧੇ ਵਿਰੋਧੀਆਂ 'ਤੇ ਨਿਸ਼ਾਨੇ, ਪੀਐੱਮ ਮੋਦੀ ਨੂੰ ਕੀਤੇ ਸਵਾਲ
ਸੁਨੀਲ ਜਾਖੜ ਨੇ ਕਿਹਾ ਹੈ ਕਿ ਇਹ ਪਾਰਟੀਆਂ ਅੰਦਰੋਂ ਮਿਲੀਆਂ ਹੋਈਆਂ ਹਨ ਪਰ ਬਾਹਰ ਇਕ ਦੂਜੇ ਵਿਰੁੱਧ ਬੋਲ ਕੇ ਦਿਖਾਵਾ ਕਰਦੀਆਂ ਹਨ।
ਹੁਸ਼ਿਆਰਪੁਰ - ਅੱਜ ਰਾਹੁਲ ਗਾਂਧੀ ਹੁਸ਼ਿਆਰਪੁਰ ਪਹੁੰਚੇ ਸਨ ਜਿੱਥੇ ਉਹਨਾਂ ਨੇ ਹੁਸ਼ਿਆਰਪੁਰ ਤੋਂ ਕਾਂਗਰਸੀ ਉਮੀਦਵਾਰ ਬਰਿੰਦਰਜੀਤ ਸਿੰਘ ਪਾਹੜਾ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ ਤੇ ਚੋਣ ਰੈਲੀ ਨੂੰ ਵੀ ਸੰਬੋਧਨ ਕੀਤਾ। ਇਸ ਰੈਲੀ ਦੌਰਾਨ ਪੰਜਾਬ ਕਾਂਗਰਸ ਪ੍ਰਚਾਰ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਸ ਰੌਲੀ ਨੂੰ ਸੰਬੋਧਨ ਕੀਤਾ ਤੇ ਵਿਰੋਧੀਆਂ ਨੂੰ ਨਿਸਾਨੇ 'ਤੇ ਲਿਆ। ਸੁਨੀਲ ਜਾਖੜ ਨੇ ਆਪਣੇ ਸੰਬੋਧਨ ’ਚ ਸ਼੍ਰੋਮਣੀ ਅਕਾਲੀ ਦਲ, ਭਾਜਪਾ ’ਤੇ ਤਿੱਖੇ ਹਮਲੇ ਕੀਤੇ। ਸੁਨੀਲ ਜਾਖੜ ਨੇ ਕਿਹਾ ਹੈ ਕਿ ਇਹ ਪਾਰਟੀਆਂ ਅੰਦਰੋਂ ਮਿਲੀਆਂ ਹੋਈਆਂ ਹਨ ਪਰ ਬਾਹਰ ਇਕ ਦੂਜੇ ਵਿਰੁੱਧ ਬੋਲ ਕੇ ਦਿਖਾਵਾ ਕਰਦੀਆਂ ਹਨ।
ਉਹਨਾਂ ਨੇ ਇਹ ਗੱਲ ਇਕ ਵਾਰ ਫਿਰ ਦੁਹਰਾਈ ਕਿ ਲੋਕ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣ ਜਾਂ ਕੇਜਰੀਵਾਲ ਨੂੰ ਪਰ ਇਹ ਵੋਟ ਭਾਜਪਾ ਨੂੰ ਹੀ ਜਾਵੇਗੀ, ਕਿਉਂਕਿ ਇਹ ਭਾਜਪਾ ਦੇ ਏਜੰਟ ਹਨ। ਸੁਨੀਲ ਜਾਖੜ ਨੇ ਕਿਹਾ ਕਿ ਅੱਜ 14 ਫਰਵਰੀ ਹੈ ਤੇ ਅੱਜ ਦੇ ਦਿਨ ਭਾਜਪਾ ਵਾਲੇ ਵੈਲੇਨਟਾਇਨ ਡੇਅ ਮਨਾਉਣਗੇ। ਅੱਜ ਦੇ ਦਿਨ ਹੀ ਸੀ.ਆਰ.ਪੀ ਦੇ ਜਵਾਨਾਂ ਨੇ ਦੇਸ਼ ਲਈ ਸ਼ਹਾਦਤ ਦਿੱਤੀ ਸੀ, ਪੁਲਵਾਮਾ ਹਮਲਾ ਹੋਇਆ ਸੀ ਤੇ ਇਸ ਦਾ ਜ਼ਿੰਮੇਵਾਰ ਕੌਣ ਹੈ? ਸੁਨੀਲ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੀ ਸੁਰੱਖਿਆਂ ਦੀ ਫ਼ਿਕਰ ਪਈ ਹੋਈ ਹੈ, ਜਿਸ ਦੀ ਜਾਂਚ ਲਈ ਕਈ ਤਰ੍ਹਾਂ ਦੀਆਂ ਕਮੇਟੀਆਂ ਬਣਾਈਆਂ ਗਈਆਂ ਹਨ।
ਜਾਖੜ ਨੇ ਕਿਹਾ ਕਿ ਪੀਐੱਮ ਮੋਦੀ ਇਸ ਗੱਲ ਦਾ ਜਵਾਬ ਦੇਣ ਕਿ ਅੱਜ ਦੇ ਦਿਨ ਸੀ.ਆਰ.ਪੀ ਦੇ ਸ਼ਹੀਦ ਹੋਏ ਜਵਾਨਾਂ ਲਈ ਜੋ ਕਮੇਟੀ ਬਣਾਈ ਗਈ ਸੀ, ਉਸ ਦਾ ਕੀ ਹੋਇਆ? ਇਹ ਜਵਾਨ ਕਿਵੇਂ ਸ਼ਹੀਦ ਹੋਏ, ਇਸ ਬਾਰੇ ਹੋਈ ਜਾਂਚ ਦੀ ਰਿਪੋਰਟ ਕਿੱਥੇ ਹੈ? ਜਵਾਨਾਂ ਦੀ ਸ਼ਹਾਦਤ ਦਾ ਜ਼ਿੰਮੇਵਾਰ ਕੌਣ ਹੈ? ਸੁਨੀਲ ਜਾਖੜ ਨੇ ਕਿਹਾ ਕਿ ਵਿਰੋਧੀਆਂ ਵਲੋਂ ਇਸ ਰੈਲੀ ’ਚ ਸ਼ਾਮਲ ਹੋਣ ਲਈ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ। ਲੋਕਾਂ ਦੇ ਨਾਲ-ਨਾਲ ਮੁੱਖ ਮੰਤਰੀ ਚੰਨੀ ਨੂੰ ਵੀ ਹੁਸ਼ਿਆਰਪੁਰ ਆਉਣ ਤੋਂ ਰੋਕਿਆ ਗਿਆ।