ਕਿਸਾਨਾਂ ਨਾਲ ਗੱਲਬਾਤ ਲਈ ਸਰਕਾਰ ਸਕਾਰਾਤਮਕ ਮਾਹੌਲ ਬਣਾਏ : ਕਿਸਾਨ ਆਗੂ ਸਰਵਣ ਸਿੰਘ ਪੰਧੇਰ 

ਏਜੰਸੀ

ਖ਼ਬਰਾਂ, ਪੰਜਾਬ

ਕਿਹਾ, ਅਸੀਂ ਕਿਸੇ ਪਾਰਟੀ ਨਾਲ ਨਹੀਂ, ਅਸੀਂ ਦੇਸ਼ ਦੇ ਕਿਸਾਨ ਅਤੇ ਖੇਤ ਮਜ਼ਦੂਰ ਹਾਂ ਜੋ ਅਪਣੇ ਹੱਕਾਂ ਲਈ ਲੜ ਰਹੇ ਹਾਂ

Sarwan Singh Pandher

ਚੰਡੀਗੜ੍ਹ: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਬੁਧਵਾਰ ਨੂੰ ਕਿਹਾ ਕਿ ਕਿਸਾਨ ਅਪਣੀਆਂ ਮੰਗਾਂ ’ਤੇ ਕੇਂਦਰ ਨਾਲ ਗੱਲਬਾਤ ਲਈ ਆਉਣ ਵਾਲੇ ਕਿਸੇ ਵੀ ਪੇਸ਼ਕਸ਼ ’ਤੇ ਵਿਚਾਰ ਕਰਨਗੇ ਪਰ ਗੱਲਬਾਤ ਲਈ ਸਕਾਰਾਤਮਕ ਮਾਹੌਲ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘‘ਕਿਹਾ ਜਾਂਦਾ ਹੈ ਕਿ ਤੁਹਾਡਾ (ਮੋਦੀ) ਦਿਲ ਵੱਡਾ ਹੈ। ਸਾਨੂੰ ਐਮ.ਐਸ.ਪੀ. ਦੀ ਗਰੰਟੀ ਦੇਣ ਵਾਲਾ ਕਾਨੂੰਨ ਦਿਉ।’’

ਇਹ ਪੁੱਛੇ ਜਾਣ ’ਤੇ ਕਿ ਕੀ ਕਿਸਾਨਾਂ ਨੂੰ ਗੱਲਬਾਤ ਲਈ ਕੋਈ ਸੱਦਾ ਮਿਲਿਆ ਹੈ, ਉਨ੍ਹਾਂ ਕਿਹਾ, ‘‘ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਨੂੰ ਗੱਲਬਾਤ ਲਈ ਸੱਦਾ ਦਿਤਾ ਗਿਆ ਹੈ।’’ ਉਨ੍ਹਾਂ ਨੇ ਅੰਬਾਲਾ ਨੇੜੇ ਸ਼ੰਭੂ ਸਰਹੱਦ ’ਤੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਸੱਦੇ ’ਤੇ ਵਿਚਾਰ ਕਰਾਂਗੇ।’’

ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਮੰਗਲਵਾਰ ਨੂੰ ਪੀ.ਟੀ.ਆਈ. ਨੂੰ ਦਸਿਆ ਸੀ ਕਿ ਐਮ.ਐਸ.ਪੀ. ਗਾਰੰਟੀ ਕਾਨੂੰਨ ਸਾਰੇ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰਾ ਕੀਤੇ ਬਿਨਾਂ ਜਲਦਬਾਜ਼ੀ ’ਚ ਨਹੀਂ ਲਿਆਂਦਾ ਜਾਵੇਗਾ। ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਇਸ ਮੁੱਦੇ ’ਤੇ ਸਰਕਾਰ ਨਾਲ ਵਿਸ਼ਾ-ਕੇਂਦਰਿਤ ਗੱਲਬਾਤ ਕਰਨ ਦਾ ਸੱਦਾ ਦਿਤਾ ਸੀ।

ਪੰਧੇਰ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਰੁਧ ਪੁਲਿਸ ਕਾਰਵਾਈ ਨੂੰ ਲੈ ਕੇ ਵੀ ਕੇਂਦਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਈ ਕਿਸਾਨ ਜ਼ਖਮੀ ਹੋਏ ਹਨ। ਕਿਸਾਨ ਆਗੂ ਨੇ ਕਿਹਾ, ‘‘ਇਸ ਦੇ ਬਾਵਜੂਦ ਅਸੀਂ ਇਹ ਨਹੀਂ ਕਹਾਂਗੇ ਕਿ ਅਸੀਂ ਗੱਲਬਾਤ ਨਹੀਂ ਕਰਨਾ ਚਾਹੁੰਦੇ ਪਰ ਸਰਕਾਰ ਨੂੰ ਅਪੀਲ ਕਰਾਂਗੇ ਕਿ ਉਹ ਸਕਾਰਾਤਮਕ ਮਾਹੌਲ ਬਣਾਉਣ ਲਈ ਇਹ ਸੱਭ ਬੰਦ ਕਰੇ। ਅਸੀਂ ਕੱਲ੍ਹ ਗੱਲਬਾਤ ਕਰਨ ਲਈ ਤਿਆਰ ਸੀ ਅਤੇ ਅੱਜ ਤਿਆਰ ਹਾਂ।’’

ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਪੁਲਿਸ ਨੇ ਬੁਧਵਾਰ ਸਵੇਰੇ ਅੰਬਾਲਾ ਨੇੜੇ ਸ਼ੰਭੂ ਬਾਰਡਰ ਨੇੜੇ ਇਕੱਠੇ ਹੋਏ ਕਿਸਾਨਾਂ ’ਤੇ ਅੱਥਰੂ ਗੈਸ ਦੇ ਗੋਲੇ ਛੱਡੇ। ਹਰਿਆਣਾ ’ਚ ਮੰਗਲਵਾਰ ਨੂੰ ਦੋ ਸਰਹੱਦੀ ਚੌਕੀਆਂ ’ਤੇ ਕਿਸਾਨਾਂ ਦੀ ਰਾਜ ਪੁਲਿਸ ਨਾਲ ਝੜਪ ਹੋ ਗਈ ਸੀ ਅਤੇ ਬੈਰੀਕੇਡ ਤੋੜਨ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਨੂੰ ਕੌਮੀ ਰਾਜਧਾਨੀ ਵਲ ਮਾਰਚ ਕਰਨ ਤੋਂ ਰੋਕਣ ਲਈ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਤੋਪਾਂ ਦਾ ਇਸਤੇਮਾਲ ਕੀਤਾ ਗਿਆ ਸੀ।

ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਵੱਧ ਰਹੀਆਂ ਹਨ। ਇਸ ਬਾਰੇ ਪੁੱਛੇ ਜਾਣ ’ਤੇ ਪੰਧੇਰ ਨੇ ਕਿਹਾ ਕਿ ਕਿਸਾਨਾਂ ਦੀ ਸਿਰਫ ਇਕ ਹੀ ਮੰਗ ਹੈ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਨਾ ਤਾਂ ਉਨ੍ਹਾਂ ਦੀ ਮੰਗ ਮੰਨ ਰਹੀ ਹੈ ਅਤੇ ਨਾ ਹੀ ਉਨ੍ਹਾਂ ਨੂੰ ਅਪਣੀ ਮੰਗ ਰੱਖਣ ਲਈ ਦਿੱਲੀ ਵਲ ਮਾਰਚ ਕਰਨ ਦੀ ਇਜਾਜ਼ਤ ਦੇ ਰਹੀ ਹੈ।

ਠਾਕੁਰ ਨੇ ਮੰਗਲਵਾਰ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਅਪਣੀਆਂ ਮੰਗਾਂ ’ਤੇ ਸਰਕਾਰ ਨਾਲ ਮੁੜ ਗੱਲਬਾਤ ਕਰਨ ਅਤੇ ਕਿਹਾ ਕਿ ਹਿੰਸਾ ਅਤੇ ਬੇਰਹਿਮੀ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੈ। ਕਿਸਾਨ ਆਗੂ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਦਾ ਮਕਸਦ ਉਨ੍ਹਾਂ ਦੀਆਂ ਮੰਗਾਂ ਮੰਨਵਾਉਣਾ ਹੈ। ਪੰਧੇਰ ਨੇ ਕਿਹਾ ਕਿ ਉਨ੍ਹਾਂ ਨੂੰ ਖੱਬੇਪੱਖੀ ਪੱਖੀ, ਕਾਂਗਰਸ ਪੱਖੀ ਅਤੇ ਪੰਜਾਬ ਸਰਕਾਰ ਕਿਹਾ ਜਾ ਰਿਹਾ ਹੈ ਪਰ ਅਜਿਹਾ ਕੁੱਝ ਨਹੀਂ ਹੈ, ਅਸੀਂ ਦੇਸ਼ ਦੇ ਕਿਸਾਨ ਅਤੇ ਖੇਤ ਮਜ਼ਦੂਰ ਹਾਂ ਜੋ ਅਪਣੇ ਹੱਕਾਂ ਲਈ ਲੜ ਰਹੇ ਹਾਂ।