Punjab Weather Update: ਪੰਜਾਬ-ਚੰਡੀਗੜ੍ਹ 'ਚ ਤਾਪਮਾਨ 'ਚ ਆਈ ਗਿਰਾਵਟ, ਚੱਲ ਰਹੀਆਂ ਤੇਜ਼ ਹਵਾਵਾਂ, ਬੱਦਲ ਛਾਏ ਰਹਿਣ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Punjab Weather Update: 20 ਫ਼ਰਵਰੀ ਤੱਕ ਮੌਸਮ ਰਹੇਗਾ ਖੁਸ਼ਕ

Punjab Weather Update News in punjabi

ਪੰਜਾਬ-ਚੰਡੀਗੜ੍ਹ ਵਿੱਚ ਤਾਪਮਾਨ ਵਿਚ ਲਗਾਤਾਰ ਗਿਰਾਵਟ ਆ ਰਹੀ ਹੈ। ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ 1.4 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਇਹ ਆਮ ਨਾਲੋਂ 2.1 ਡਿਗਰੀ ਵੱਧ ਰਿਹਾ ਹੈ। 

ਪੱਛਮੀ ਗੜਬੜੀ ਕਾਰਨ ਤੇਜ਼ ਹਵਾਵਾਂ ਚੱਲ ਰਹੀਆਂ ਹਨ, ਇਹ ਸਥਿਤੀ ਅਗਲੇ ਦੋ ਦਿਨਾਂ ਤੱਕ ਬਣੀ ਰਹੇਗੀ। ਹਾਲਾਂਕਿ 14 ਫ਼ਰਵਰੀ ਤੋਂ 20 ਫ਼ਰਵਰੀ ਤੱਕ ਮੌਸਮ ਖੁਸ਼ਕ ਰਹੇਗਾ। ਇਸ ਦੇ ਨਾਲ ਹੀ ਪੂਰੇ ਹਫ਼ਤੇ ਦੌਰਾਨ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ। ਪੂਰਬੀ ਅਤੇ ਉੱਤਰੀ ਹਿੱਸਿਆਂ ਵਿੱਚ ਤਾਪਮਾਨ 20 ਤੋਂ 22 ਡਿਗਰੀ ਅਤੇ ਬਾਕੀ ਹਿੱਸਿਆਂ ਵਿੱਚ 24 ਡਿਗਰੀ ਰਹੇਗਾ।

ਹਾਲਾਂਕਿ ਪੰਜਾਬ ਦੇ ਘੱਟੋ-ਘੱਟ ਤਾਪਮਾਨ 'ਚ ਕੋਈ ਖ਼ਾਸ ਫ਼ਰਕ ਨਹੀਂ ਪਿਆ ਹੈ। ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ ਛੇ ਡਿਗਰੀ ਤੋਂ ਉਪਰ ਦਰਜ ਕੀਤਾ ਗਿਆ ਹੈ। ਹੁਸ਼ਿਆਰਪੁਰ ਅਤੇ ਗੁਰਦਾਸਪੁਰ ਦਾ ਤਾਪਮਾਨ 6.5 ਡਿਗਰੀ ਦਰਜ ਕੀਤਾ ਗਿਆ। ਜਦਕਿ ਚੰਡੀਗੜ੍ਹ 'ਚ ਤਾਪਮਾਨ 11.4 ਡਿਗਰੀ ਅਤੇ ਮੋਹਾਲੀ 'ਚ 11.6 ਡਿਗਰੀ ਦਰਜ ਕੀਤਾ ਗਿਆ।

ਇਸ ਦੇ ਨਾਲ ਹੀ ਸੂਬੇ ਵਿੱਚ 1 ਫ਼ਰਵਰੀ ਤੋਂ 13 ਫ਼ਰਵਰੀ ਤੱਕ 10.2 ਮਿਲੀਮੀਟਰ ਬਾਰਿਸ਼ ਹੋਈ ਹੈ ਪਰ ਇਸ ਵਾਰ ਆਮ ਨਾਲੋਂ 95 ਫ਼ੀ ਸਦੀ ਘੱਟ ਮੀਂਹ ਪਿਆ ਹੈ। ਸਿਰਫ਼ 0.5 ਮਿਲੀਮੀਟਰ ਮੀਂਹ ਹੀ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਅੱਜ ਤੋਂ ਆਸਮਾਨ ਵਿੱਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਹਾਈਵੇਅ 'ਤੇ ਸਫ਼ਰ ਕਰਨ ਵਾਲਿਆਂ ਲਈ ਜਾਰੀ ਕੀਤੀ ਭਵਿੱਖਬਾਣੀ ਅਨੁਸਾਰ ਅੱਜ ਅੰਬਾਲਾ-ਅੰਮ੍ਰਿਤਸਰ-ਅੰਬਾਲਾ ਹਾਈਵੇਅ ਅਤੇ ਦਿੱਲੀ-ਅੰਬਾਲਾ-ਦਿੱਲੀ ਹਾਈਵੇਅ ਦੇ ਕੁਝ ਹਿੱਸਿਆਂ 'ਚ ਬੱਦਲਵਾਈ ਰਹੇਗੀ। ਜਦਕਿ 15 ਅਤੇ 16 ਫ਼ਰਵਰੀ ਨੂੰ ਆਸਮਾਨ ਸਾਫ਼ ਰਹੇਗਾ। ਕਿਸੇ ਵੀ ਤਰ੍ਹਾਂ ਦੀ ਕੋਈ ਚਿਤਾਵਨੀ ਨਹੀਂ ਹੈ।