ਲੜਕੀ ਨੂੰ ਅਗਵਾ ਕਰਨ ਆਏ ਬਦਮਾਸ਼ਾਂ ਨੇ 'ਆਪ' ਆਗੂ ਨੂੰ ਗੋਲੀ ਮਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੱਟੀ ਦੇ ਲਾਹੌਰ ਚੌਕ 'ਚ ਵਾਪਰੀ ਘਟਨਾ, ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ

AAP Leader Chetan Singh

ਪੱਟੀ : ਸ਼ਹਿਰ ਦੇ ਲਾਹੌਰ ਚੌਕ ਵਿਖੇ ਲੜਕੀ ਨੂੰ ਅਗ਼ਵਾ ਹੋਣ ਤੋਂ ਬਚਾਉਣ ਵਾਲੇ ਨੂੰ ਕਾਰ ਸਵਾਰ ਅਗ਼ਵਾਕਾਰਾਂ ਨੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿਤਾ ਜਿਸ ਨੂੰ ਸਿਵਲ ਹਸਪਤਾਲ ਪੱਟੀ ਵਿਚ ਕਰਵਾਇਆ ਗਿਆ ਹੈ।  ਜਾਣਕਾਰੀ ਅਨੁਸਾਰ ਲੜਕੀ ਹੁਸ਼ਿਆਰਪੁਰ ਵਿਖੇ ਨੌਕਰੀ ਕਰਦੀ ਹੈ ਤੇ ਅੱਜ ਪੱਟੀ ਵਿਖੇ ਆਧਾਰ ਕਾਰਡ ਬਨਵਾਉਣ ਲਈ ਆਈ ਸੀ। ਜਦੋਂ ਉਹ ਲਾਹੌਰ ਚੌਕ ਪੱਟੀ ਵਿਚ ਖੜ੍ਹੀ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਕਰੀਬ 11:30 ਵਜੇ ਸਵੇਰੇ ਇਕ ਵਰਨਾ ਕਾਰ ਵਿਚ ਸਵਾਰ 6 ਨੌਜਵਾਨਾਂ ਵਲੋਂ ਉਸ ਨੂੰ ਜ਼ਬਰਦਸਤੀ ਅਗ਼ਵਾ ਕਰਨ ਦੀ ਕੋਸ਼ਿਸ਼ ਕੀਤੀ ਗਈ।

ਉਕਤ ਲੜਕੀ ਨੇ ਅਪਣੇ ਬਚਾਅ ਵਿਚ ਰੌਲਾ ਪਾਇਆ ਤਾਂ ਉਸ ਸਮੇਂ ਉਥੇ ਖੜੇ ਇਕ ਵਿਅਕਤੀ ਨੇ ਉਸ ਦਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਾਰ ਸਵਾਰਾਂ ਨੇ ਉਸ ਵਿਅਕਤੀ ਉੱਪਰ ਗੋਲੀ ਚਲਾ ਦਿਤੀ ਜੋ ਉਸ ਦੀ ਗਰਦਨ ਦੇ ਨਜ਼ਦੀਕ ਲੱਗੀ ਤੇ ਅਗ਼ਵਾਕਾਰ ਫ਼ਰਾਰ ਹੋ ਗਏ। ਉਕਤ ਵਿਅਕਤੀ ਨੂੰ ਲੋਕਾਂ ਵਲੋਂ ਤੁਰਤ ਸਿਵਲ ਹਸਪਤਾਲ ਪੱਟੀ ਵਿਚ ਦਾਖ਼ਲ ਕਰਵਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਸ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਤਰਨਤਾਰਨ ਵਿਖੇ ਰੈਫ਼ਰ ਕਰ ਦਿੱਤਾ। 

ਜ਼ਖ਼ਮੀ ਦੀ ਪਛਾਣ ਚੇਤੰਨ ਸਿੰਘ ਪੁਤਰ ਗੁਰਦੇਵ ਸਿੰਘ (52) ਵਾਸੀ ਰਾਜੋਮਾਜਰਾ, ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ ਜੋ ਕਿ ਆਮ ਆਦਮੀ ਪਾਰਟੀ ਪਟਿਆਲਾ ਦਾ ਜ਼ਿਲ੍ਹਾ ਪ੍ਰਧਾਨ ਹੈ। ਇਸ ਘਟਨਾ ਦੀ ਸੂਚਨਾ ਮਿਲਦੇਸਾਰ ਹੀ ਥਾਣਾ ਮੁਖੀ  ਬਲਕਾਰ ਸਿੰਘ, ਏ.ਐਸ.ਆਈ ਗੁਰਮੁਖ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਘਟਨਾ ਦਾ ਜਾਇਜ਼ਾ ਲੈਣ ਉਪਰੰਤ ਥਾਣਾ ਮੁਖੀ ਨੇ ਦਸਿਆ ਕਿ ਲੜਕੀ ਨੇ ਪੁਲਿਸ ਨੂੰ ਦਸਿਆ ਕਿ ਜਸਵਿੰਦਰ ਸਿੰਘ ਪੁਤਰ ਅਮਰੀਕ ਸਿੰਘ ਵਾਸੀ ਹਰੀਕੇ, ਸੰਦੀਪ ਉਰਫ਼ ਸ਼ਿਸ਼ੂ ਵਾਸੀ ਮਰੜ, ਮੰਨਾ ਤੇ ਜੱਗਾ ਵਾਸੀ ਹਰੀਕੇ ਅਤੇ ਦੋ ਅਣਪਛਾਤੇ ਨੌਜਵਾਨਾਂ ਜੋ ਵਰਨਾ ਕਾਰ ਨੰਬਰ ਪੀ.ਬੀ 10ਬੀ -7474 'ਤੇ ਸਵਾਰ ਸਨ, ਨੇ ਉਸ ਨੂੰ ਅਗ਼ਵਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਥਾਣਾ ਮੁਖੀ ਨੇ ਦਸਿਆ ਕਿ ਉਕਤ ਲੜਕੀ ਨੂੰ ਵਾਰਸਾਂ ਦੇ ਹਵਾਲੇ ਕਰ ਕੇ ਅਗ਼ਵਾਕਾਰਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।