ਹੋਲਾ ਮੁਹੱਲਾ ਮੌਕੇ ਲੋਕਾਂ ਸਿਰੋਂ ਟੋਪੀਆਂ ਉਤਾਰਨਾ ਚਿੰਤਾ ਦਾ ਵਿਸ਼ਾ : ਲਾਲਪੁਰਾ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਸਿੱਖ ਸਾਹਿਤਕਾਰ ਅਤੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ, ਸ੍ਰੀ ਅੰਮ੍ਰਿਤਸਰ ਦੇ ਐਗਜ਼ੈਕਟਿਵ ਮੈਂਬਰ ਸ. ਇਕਬਾਲ ਸਿੰਘ ਲਾਲਪੁਰਾ (ਆਈ.ਪੀ.ਐੱਸ.) ਨੇ

File Photo

ਸ੍ਰੀ ਅਨੰਦਪੁਰ ਸਾਹਿਬ (ਸੇਵਾ ਸਿੰਘ) : ਸ਼੍ਰੋਮਣੀ ਸਿੱਖ ਸਾਹਿਤਕਾਰ ਅਤੇ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ, ਸ੍ਰੀ ਅੰਮ੍ਰਿਤਸਰ ਦੇ ਐਗਜ਼ੈਕਟਿਵ ਮੈਂਬਰ ਸ. ਇਕਬਾਲ ਸਿੰਘ ਲਾਲਪੁਰਾ (ਆਈ.ਪੀ.ਐੱਸ.) ਨੇ ਇੱਕ ਜ਼ਰੂਰੀ ਮੀਟਿੰਗ ਵਿੱਚ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੋਲਾ ਮਹੱਲਾ ਮੌਕੇ ਨਿਹੰਗ ਸਿੰਘਾਂ ਦੇ ਭੇਸ ਵਿੱਚ ਕੁਝ ਲੋਕਾਂ ਨੇ ਸੰਗਤਾਂ ਦੇ ਸਿਰੋਂ ਟੋਪੀਆਂ ਉਤਾਰੀਆਂ ਅਤੇ ਟੋਪੀਆਂ ਉਤਾਰ ਕੇ ਇੰਞ ਪ੍ਰਦਰਸ਼ਨ ਕੀਤਾ ਜਿਵੇਂ ਬਾਬਾ ਸੁੱਖਾ ਸਿੰਘ ਬਾਬਾ ਮਹਿਤਾਬ ਸਿੰਘ ਨੇ ਜ਼ਾਲਮ ਮੱਸੇ ਰੰਗੜ ਦਾ ਸਿਰ ਵੱਢ ਕੇ ਨੇਜ਼ਿਆਂ ਤੇ ਟੰਗ ਕੇ ਕੀਤਾ ਸੀ।  ਮੱਸਾ ਰੰਗੜ ਨੇ ਗੁਰੂ ਘਰ ਦੀ ਬੇਅਦਬੀ ਕੀਤੀ ਸੀ।

ਇਹੋ ਜਿਹੇ ਪਾਪੀ ਨੂੰ ਸਜ਼ਾ ਦੇਣ ਦਾ ਇਹ ਤਰੀਕਾ ਸਹੀ ਸੀ।  ਪਰ ਹੋਲਾ ਮਹੱਲਾ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਇੱਥੋਂ ਦੇ ਵਾਸੀਆਂ ਵੱਲੋਂ ਧਰਮਾਂ, ਜਾਤਾਂ-ਪਾਤਾਂ, ਵਰਗਾਂ ਤੋਂ ਉੱਪਰ ਉੱਠ ਕੇ ਮਨਾਇਆ ਜਾਂਦਾ ਹੈ।  ਤਕਰੀਬਨ ਇਸ ਇਲਾਕੇ ਦਾ ਹਰ ਵਾਸੀ ਕੋਸ਼ਿਸ਼ ਕਰਦਾ ਹੈ ਕਿ ਉਹ ਕੀਰਤਪੁਰ ਸਾਹਿਬ ਵਿਖੇ ਬਾਬਾ ਗੁਰਦਿੱਤਾ ਜੀ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ,

ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਸੀਸ ਨਿਵਾਏ ਅਤੇ ਫੇਰ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਸੀਸ ਨਿਵਾਏ, ਫੇਰ ਉਸ ਤੋਂ ਬਾਅਦ ਖ਼ੁਸ਼ੀਆਂ ਦਾ ਤਿਉਹਾਰ ਹੋਲਾ ਮੁਹੱਲਾ ਮਨਾਵੇ। ਸੰਨ 1700 ਦੇ ਬਾਅਦ ਹੋਲਾ ਮਹੱਲਾ ਬੜੇ ਰਵਾਇਤੀ ਢੰਗਾਂ ਨਾਲ ਮਨਾਇਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਕਿਸੇ ਵੀ ਸਿੱਖ ਨੂੰ ਟੋਪੀ ਧਾਰਨ ਨਹੀਂ ਕਰਨੀ ਚਾਹੀਦੀ।

ਇਹ ਗੱਲ ਮੰਨਣ ਵਾਲੀ ਹੈ ਕਿ ਉਨ੍ਹਾਂ ਲੋਕਾਂ ਨੇ ਟੋਪੀਆਂ ਧਾਰਨ ਕੀਤੀਆਂ ਹੋਈਆਂ ਸਨ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਉਹ ਲੋਕ ਕੌਣ ਸਨ, ਕੀ ਉਹ ਸਿੱਖ ਸਨ ਜਾਂ ਗ਼ੈਰ ਸਿੱਖ ਸਨ। ਜੇਕਰ ਉਹ ਗੈਰ ਸਿੱਖ ਸਨ ਤਾਂ ਫੇਰ ਉਨ੍ਹਾਂ ਦੀਆਂ ਟੋਪੀਆਂ ਉਤਾਰਨੀਆਂ ਕਿੱਥੋਂ ਤੱਕ ਵਾਜਬ ਹੈ। ਸ. ਲਾਲਪੁਰਾ ਨੇ ਕਿਹਾ ਕਿ ਹੋਲੇ ਮਹੱਲੇ ਵਿੱਚ ਹੋਈ ਅਜਿਹੀ ਕਾਰਵਾਈ ਕਿਤੇ ਇਲਾਕੇ ਵਿੱਚ ਆਪਸੀ ਫੁੱਟ ਜਾਂ ਝਗੜੇ ਦਾ ਕਾਰਨ ਨਾ ਬਣ ਜਾਵੇ।

ਡਰ ਹੈ ਕਿ ਕਿਧਰੇ ਲੋਕ ਇਸ ਤੋਂ ਪਿੱਛੇ ਹਟਣਾ ਨਾ ਸ਼ੁਰੂ ਕਰ ਦੇਣ ਕਿਉਂਕਿ 1984 ਤੋਂ ਪਹਿਲਾਂ ਬਹੁਤ ਸਾਰੇ ਸਿੰਧੀ ਲੋਕ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆ ਕੇ ਨਤਮਸਤਕ ਹੁੰਦੇ ਸਨ।  ਪਰ ਉੱਥੇ ਜੋ ਕਾਰਵਾਈ ਹੋਈ ਤਾਂ ਸਿੰਧੀ ਵੀਰ ਹੌਲੀ ਹੌਲੀ ਪਿੱਛੇ ਹੱਟ ਗਏ।  ਸਾਡੇ ਪ੍ਰਚਾਰ, ਪ੍ਰਸਾਰ ਦੀ ਵਿਧੀ ਵੀ ਨਿਰਮਲ ਪੰਥ ਤੇ ਉਦਾਸੀ ਪੰਥ ਵਲੋਂ ਚੱਲਦੀ ਰਹੀ ਹੈ ਜਿਸ ਵਿੱਚ ਲੋਕਾਂ ਦੀ ਮਾਨਸਿਕਤਾ ਬਦਲ ਕੇ ਉਨ੍ਹਾਂ ਨੂੰ ਗੁਰਬਾਣੀ ਦੇ ਲੜ ਲਾ ਕੇ ਇਨ੍ਹਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਜਾਂਦਾ ਸੀ

ਕਿ ਖੰਡੇ ਬਾਟੇ ਦਾ ਪਾਹੁਲ ਛੱਕ ਕੇ ਮੈਦਾਨੇ ਜੰਗ ਵਿੱਚ ਜਾ ਕੇ ਜੌਹਰ ਦਿਖਾਉਂਦੇ ਸੀ, ਤਾਕਤਾਂ ਦਾ ਪ੍ਰਦਰਸ਼ਨ ਕਰਦੇ ਸੀ ਅਤੇ ਜਿੱਤਾਂ ਪ੍ਰਾਪਤ ਕਰਦੇ ਸੀ ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਤੇ ਚੁੱਪੀ ਕਈ ਵਾਰੀ ਕੌਮ ਦੀ ਦਿੱਖ ਨੂੰ ਦੂਜੀ ਤਰ੍ਹਾਂ ਪੇਸ਼ ਕਰ ਦਿੰਦੀ ਹੈ। ਕਿਸੇ ਦੂਜੇ ਧਰਮ ਦਾ ਕੋਈ ਵਿਅਕਤੀ ਜੇਕਰ ਸਾਡੇ ਖੁਸ਼ੀ ਦੇ ਸਮਾਗਮਾਂ ਵਿੱਚ ਸ਼ਾਮਲ ਹੋਇਆ ਹੈ ਅਤੇ ਉਹ ਗੁਰਮਤਿ ਦਾ ਧਾਰਨੀ ਹੈ

ਜੇਕਰ ਉਸ ਨੇ ਆਪਣੀ ਸੋਚ ਮੁਤਾਬਕ ਸਿਰ ਤੇ ਟੋਪੀ ਰੱਖੀ ਹੈ ਤਾਂ ਅਸੀਂ ਉਸ ਨੂੰ ਲਾਹ ਕੇ ਉਸ ਦਾ ਪ੍ਰਦਰਸ਼ਨ ਕਰਦੇ ਹਾਂ ਤਾਂ ਇਹ ਘਟਨਾ ਚਿੰਤਾ ਦਾ ਵਿਸ਼ਾ ਹੈ।  ਜੇਕਰ ਉਹ ਬੱਚੇ ਸਿੱਖ ਪਰਿਵਾਰਾਂ ਚੋਂ ਸਨ ਤਾਂ ਉਹ ਕਿਵੇਂ ਸਿੱਖੀ ਤੋਂ ਦੂਰ ਹੋ ਗਏ।  ਕੀ ਅਸੀਂ ਉਨ੍ਹਾਂ ਨੂੰ ਡੰਡੇ ਨਾਲ ਵਾਪਸ ਸਿੱਖੀ ਵਿਚ ਲਿਆ ਸਕਾਂਗੇ । ਕੀ ਦਸਤਾਰ ਸਜਾਉਣ ਲਈ ਅਸੀਂ ਉਨ੍ਹਾਂ ਨੂੰ ਮਜਬੂਰ ਕਰ ਸਕਾਂਗੇ।

ਕੀ ਪ੍ਰੇਰਨਾ ਚੰਗਾ ਜੀਵਨ ਸਾਧਨ ਨਹੀਂ ਹੈ। ਸਾਨੂੰ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਸਿੱਖੀ ਦੀ ਸ਼ਾਨ ਉਸ ਦੀ ਦਸਤਾਰ ਨਾਲ ਹੈ।  ਬਜਾਏ ਉਨ੍ਹਾਂ ਦੇ ਸਿਰਾਂ ਤੋਂ ਟੋਪੀਆਂ ਉਤਾਰਨ ਦੇ ਉਨ੍ਹਾਂ ਅੰਦਰ ਪ੍ਰੇਰਨਾ ਭਰੀਏ।  ਉਨ੍ਹਾਂ ਕਿਹਾ ਕਿ ਸਿੱਖ ਪੰਥ ਦੇ ਸਾਰੇ ਆਗੂ ਇਸ ਗੱਲ ਤੇ ਚਿੰਤਾ ਅਤੇ ਚਿੰਤਨ ਕਰਨ ਅਤੇ ਆਪਣੇ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜੀਏ।  

ਜੇਕਰ ਦੂਜੇ ਧਰਮ ਦਾ ਕੋਈ ਵਿਅਕਤੀ ਸਾਡੇ ਸਮਾਜ ਵਿੱਚ ਸ਼ਾਮਲ ਹੁੰਦਾ ਹੈ ਤਾਂ ਉਸ ਨੂੰ ਸਿੱਖੀ ਦਾ ਵਧੀਆ ਸਰੂਪ ਪੇਸ਼ ਕਰੀਏ ਤਾਂ ਕਿ ਉਹ ਵੀ ਗੁਰਮਤਿ ਦਾ ਧਾਰਨੀ ਬਣੇ ਅਤੇ ਖੰਡੇ ਬਾਟੇ ਦਾ ਪਾਹੁਲ ਛੱਕ ਕੇ ਸਿੰਘ ਸੱਜੇ । ਇਸ ਮੌਕੇ ਸੀਨੀਅਰ ਵਕੀਲ ਪਾਖਰ ਸਿੰਘ ਭੱਠਲ, ਜਥੇਦਾਰ ਸੰਤੋਖ ਸਿੰਘ, ਪ੍ਰਿੰਸੀਪਲ ਗੁਰਮਿੰਦਰ ਸਿੰਘ ਭੁੱਲਰ, ਸਰਬਜੀਤ ਸਿੰਘ ਰੇਣੂ, ਬਾਬਾ ਪਾਲ ਸਿੰਘ ਆਦਿ ਹਾਜ਼ਰ ਸਨ।