ਜਲੰਧਰ 'ਚ DSP ਵਰਿੰਦਰਪਾਲ ਸਿੰਘ ਦੀ ਕੋਰੋਨਾ ਕਾਰਨ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰੋਨਾ ਦੇ ਕਰਕੇ ਉਨ੍ਹਾਂ ਦੇ ਫੇਫੜਿਆਂ ਵਿੱਚ ਇਨਫੈਕਸ਼ਨ ਹੋ ਗਈ ਸੀ।

DSP Varinder Pal Singh

ਜਲੰਧਰ: ਸ਼ਾਹਕੋਟ 'ਚ ਤੈਨਾਤ ਪੰਜਾਬ ਪੁਲਿਸ ਦੇ ਡੀਐਸਪੀ ਵਰਿੰਦਰ ਪਾਲ ਸਿੰਘ ਦਾ ਅੱਜ ਤੜਕੇ ਦੇਹਾਂਤ ਹੋ ਗਿਆ। ਦੱਸ ਦੇਈਏ ਕਿ ਵਰਿੰਦਰ ਬੀਤੇ ਕੁੱਝ ਦਿਨਾਂ ਤੋਂ ਕੋਰੋਨਾ ਨਾਲ ਪੀੜਤ ਸੀ ਤੇ ਉਹ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਜੇਰੇ ਇਲਾਜ਼ ਸੀ। 52 ਸਾਲਾ ਡੀਐਸਪੀ ਵਰਿੰਦਰਪਾਲ ਸਿੰਘ ਪੀਪੀਐਸ ਅਧਿਕਾਰੀ ਸੀ ਅਤੇ ਕੁਝ ਦਿਨ ਪਹਿਲਾਂ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਇਸ ਤੋਂ ਬਾਅਦ, ਉਨ੍ਹਾਂ ਦਾ ਕੋਰੋਨਾ ਟੈਸਟ ਕੀਤਾ ਗਿਆ ਤੇ ਟੈਸਟ ਪੌਜ਼ਟਿਵ ਆਇਆ।  

ਦੱਸਣਯੋਗ ਹੈ ਕਿ ਵਰਿੰਦਰ ਪਾਲ ਸਿੰਘ ਲੁਧਿਆਣਾ ਦਾ ਵਸਨੀਕ ਸੀ। ਕੋਰੋਨਾ ਦੇ ਕਰਕੇ ਉਨ੍ਹਾਂ ਦੇ ਫੇਫੜਿਆਂ ਵਿੱਚ ਇਨਫੈਕਸ਼ਨ ਹੋ ਗਈ ਸੀ। ਉਨ੍ਹਾਂ  ਦਾ ਸਸਕਾਰ ਸਰਾਭਾ ਨਗਰ, ਲੁਧਿਆਣਾ ਵਿੱਚ ਕੀਤਾ ਜਾਵੇਗਾ। ਕੋਰੋਨਾ ਦੇ ਕਰਕੇ ਦੇਹਾਂਤ ਦੀ ਖਬਰ ਜਿਵੇਂ ਹੀ ਮਿਲੀ, ਸਾਰੇ ਪੁਲਿਸ ਵਿਭਾਗ ਵਿੱਚ ਸੋਗ ਦੀ ਲਹਿਰ ਫੈਲ ਗਈ।  ਵਿਜੀਲੈਂਸ ਬਿਊਰੁ ਦੇ ਐਸਐਸਪੀ ਦਲਜਿੰਦਰ ਸਿੰਘ ਢਿੱਲੋਂ ਨੇ ਵੀ ਵਰਿੰਦਰਪਾਲ ਸਿੰਘ ਦੀ ਮੌਤ ‘ਤੇ ਦੁੱਖ ਜਤਾਇਆ ਹੈ। 

ਪੰਜਾਬ ਪੁਲਿਸ ਨੇ ਕੀਤਾ ਟਵੀਟ --

ਪੰਜਾਬ ਪੁਲਿਸ ਨੇ ਟਵੀਟ ਕਰਦਿਆਂ ਲਿਖਿਆ, "ਜਲੰਧਰ ਤੋਂ ਸਾਡੇ ਬਹਾਦਰ ਪੁਲਿਸ ਅਫ਼ਸਰ ਵਰਿੰਦਰਪਾਲ ਸਿੰਘ, ਡੀਐੱਸਪੀ ਸਬ-ਡਿਵੀਜ਼ਨ ਸ਼ਾਹਕੋਟ #COVID-19 ਦੇ ਵਿਰੁੱਧ ਲੜਦਿਆਂ ਸ਼ਹਾਦਤ ਪਾ ਗਏ ਹਨ।ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖ਼ਸ਼ੇ !ਸਾਡੀ ਹਮਦਰਦੀ ਉਨ੍ਹਾਂ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਨਾਲ ਹੈ।"