ਗਰਮੀ ਤੋਂ ਬਚਣ ਲਈ ਕਿਸਾਨਾਂ ਨੇ ਬਣਾਇਆ ਬਾਂਸ ਦਾ ਘਰ
ਗਰਮੀ ਤੋਂ ਬਚਣ ਲਈ ਕਿਸਾਨਾਂ ਨੇ ਬਣਾਇਆ ਬਾਂਸ ਦਾ ਘਰ
ਬਿਜਲੀ, ਛੱਤ ਵਾਲੇ ਪੱਖੇ ਅਤੇ ਕੂਲਰ ਦਾ ਵੀ ਕੀਤਾ ਗਿਆ ਇੰਤਜ਼ਾਮ
ਨਵੀਂ ਦਿੱਲੀ, 13 ਮਾਰਚ : ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਨੇ ਪੱਕੇ ਘਰ ਤਾਂ ਬਣਾਉਣੇ ਸ਼ੁਰੂ ਕਰ ਹੀ ਦਿਤੇ ਹਨ ਪਰ ਗਰਮੀ ਤੋਂ ਬਚਣ ਲਈ ਇੱਟਾਂ ਅਤੇ ਗਾਰੇ ਦੇ ਘਰਾਂ ਤੋਂ ਇਲਾਵਾ ਬਾਂਸ ਦੇ ਘਰ ਵੀ ਬਣਾਏ ਜਾ ਰਹੇ ਹਨ | ਸਿੰਘੂ ਬਾਰਡਰ ਉਤੇ ਜੀਂਦ ਤੋਂ ਆਏ ਕਿਸਾਨਾਂ ਅਤੇ ਕਾਰੀਗਰਾਂ ਨੇ ਇਕ ਬਾਂਸ ਦਾ ਘਰ ਬਣਾਇਆ ਹੈ ਜਿਹੜਾ 25 ਫੁੱਟ ਲੰਮਾ, 12 ਫੁੱਟ ਚੌੜਾ ਅਤੇ 15 ਫੁੱਟ ਉੱਚਾ ਹੈ | ਇਸ ਵਿਚ 15 ਤੋਂ 16 ਲੋਕ ਆਰਾਮ ਨਾਲ ਸੌਂ ਸਕਦੇ ਹਨ | 100 ਦਿਨਾਂ ਤੋਂ ਵੀ ਜ਼ਿਆਦਾ ਸਮੇਂ ਤੋਂ ਬੈਠੇ ਕਿਸਾਨ ਇਹ ਮੰਨ ਚੁੱਕੇ ਹਨ ਕਿ ਗਰਮੀਆਂ ਦਿੱਲੀ ਦੀਆਂ ਸਰਹੱਦਾਂ ਉਤੇ ਹੀ ਬਿਤਾਈਆਂ ਜਾਣਗੀਆਂ | ਇਸ ਨੂੰ ਲੈ ਕੇ ਕੜਾਕੇ ਦੀ ਧੁੱਪ ਅਤੇ ਲੂ ਤੋਂ ਬਚਣ ਲਈ ਪੂਰਾ ਇੰਤਜ਼ਾਮ ਕੀਤਾ ਜਾ ਚੁੱਕਾ ਹੈ | ਗਰਮੀਆਂ ਤੋਂ ਬਚਣ ਦੇ ਇਰਾਦੇ ਨਾਲ ਹੀ ਕਿਸਾਨਾਂ ਨੇ ਇਸ ਘਰ ਨੂੰ ਬਾਂਸ ਦਾ ਬਣਾਇਆ ਹੈ ਤਾਕਿ ਬਾਂਸ ਦੇ ਜ਼ਰੀਏ ਗਰਮ ਹਵਾ ਦੇ ਤੇਵਰਾਂ ਨੂੰ ਸ਼ਾਂਤ ਕੀਤਾ ਜਾ ਸਕੇ | ਘਰ ਛੱਤ ਨੂੰ ਖ਼ਾਸ ਪਰਾਲੀ ਨਾਲ ਤਿਆਰ ਕੀਤਾ ਗਿਆ ਹੈ |
ਪਿੰਡ ਦੇ ਨੁਸਿਖ਼ਆਂ ਅਤੇ ਉਪਾਵਾਂ ਦੇ ਨਾਲ-ਨਾਲ ਇਥੇ ਆਧੁਨਿਕਤਾ ਦਾ ਵੀ ਪੂਰਾ ਖ਼ਿਆਲ ਰਖਿਆ ਗਿਆ ਹੈ | ਬਾਂਸ ਦੇ ਇਸ ਘਰ ਵਿਚ ਬਿਜਲੀ ਦਾ ਕੁਨੈਕਸ਼ਨ ਵੀ ਹੈ, ਛੱਤਾਂ ਉਤੇ ਪੱਖੇ ਲੱਗੇ ਹੋਏ ਹਨ ਅਤੇ ਕੂਲਰਾਂ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ | ਤਾਂਕਿ ਗਰਮੀ ਦੀ ਵਜ੍ਹਾ ਨਾਲ ਅੰਦੋਲਨ ਦੀ ਧਾਰ ਨੂੰ ਘੱਟ ਨਾ ਹੋਣ ਦਿਤਾ ਜਾਵੇ | ਜੀਂਦ ਤੋਂ ਆਏ ਕਿਸਾਨਾਂ ਨੇ ਇਸ ਨੂੰ ਸਿਰਫ਼ ਪੰਜ ਦਿਨਾਂ ਵਿਚ ਤਿਆਰ ਕੀਤਾ ਹੈ | ਜਿਵੇਂ-ਜਿਵੇਂ ਮੌਸਮ ਅਪਣੇ ਤੇਵਰਾਂ ਨੂੰ ਬਦਲ ਰਿਹਾ ਹੈ, ਉਸੇ ਤਰ੍ਹਾਂ ਕਿਸਾਨ ਅਪਣੀ ਰਣਨੀਤੀ ਵੀ ਬਦਲ ਰਹੇ ਹਨ |
ਟਿਕਰੀ ਬਾਰਡਰ ਉਤੇ ਬੁਲੰਦਸ਼ਹਿਰ ਦੇ ਕੁੱਝ ਕਿਸਾਨ ਪੱਕੇ ਮਕਾਨ ਬਣਾ ਰਹੇ ਹਨ ਜਿਨ੍ਹਾਂ ਦੀ ਕੀਮਤ 20 ਤੋਂ 30 ਹਜ਼ਾਰ ਤਕ ਆਂਕੀ ਗਈ ਹੈ | ਬਾਂਸ ਦੇ ਮਕਾਨ, ਦਰਅਸਲ ਕਿਸਾਨਾਂ ਦੇ ਟ੍ਰੈਕਟਰ ਹੁਣ ਕਟਾਈ ਲਈ ਵਾਪਸ ਪਿੰਡਾਂ ਵਿਚ ਜਾਣਗੇ ਤਾਂ ਕਿਸਾਨਾਂ ਨੂੰ ਇਨ੍ਹਾਂ ਠੰਢੇ ਤੇ ਸਸਤੇ ਆਰਜ਼ੀ ਮਕਾਨਾਂ ਦੀ ਡਾਢੀ ਲੋੜ ਸੀ | ਹੁਣ ਤਕ ਜਿਹੜੇ ਕਿਸਾਨ ਟ੍ਰੈਕਟਰ ਟ੍ਰਾਲੀਆਂ ਵਿਚ ਰਹਿ ਕੇ ਕਿਸਾਨ ਅੰਦੋਲਨ ਵਿਚ ਅਪਣੀ ਆਵਾਜ਼ ਦੇ ਰਹੇ ਸਨ ਉਹ ਹੁਣ ਨਵੇਂ ਇੰਤਜ਼ਾਮ ਕਰ ਰਹੇ ਹਨ | (ਏਜੰਸੀ).