ਕੇਜਰੀਵਾਲ ਨੇ ਮਰਹੂਮ ਕੋਰੋਨਾ ਯੋਧੇ ਦੇ ਪਰਵਾਰ ਨੂੰ ਦਿਤੀ ਇਕ ਕਰੋੜ ਦੀ ਮੁਆਵਜ਼ਾ ਰਾਸ਼ੀ
ਕੇਜਰੀਵਾਲ ਨੇ ਮਰਹੂਮ ਕੋਰੋਨਾ ਯੋਧੇ ਦੇ ਪਰਵਾਰ ਨੂੰ ਦਿਤੀ ਇਕ ਕਰੋੜ ਦੀ ਮੁਆਵਜ਼ਾ ਰਾਸ਼ੀ
ਨਵੀਂ ਦਿੱਲੀ, 13 ਮਾਰਚ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਵਿਡ-19 ਕਾਰਨ ਜਾਨ ਗਵਾਉਣ ਵਾਲੇ, ਸਰਕਾਰੀ ਹਸਪਤਾਲ ਦੇ ਲੈਬ ਟੈਕਨੀਸ਼ੀਅਨ ਦੇ ਪਰਵਾਰ ਨਾਲ ਸਨਿਚਰਵਾਰ ਨੂੰ ਮੁਲਾਕਾਤ ਕੀਤੀ | ਇਸ ਦੌਰਾਨ ਉਨ੍ਹਾਂ ਨੇ ਪਰਵਾਰ ਨੂੰ ਇਕ ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਦਿਤੀ | ਕੇਜਰੀਵਾਲ ਨੇ ਉੱਤਰੀ ਦਿੱਲੀ ਦੇ ਹਿੰਦੂ ਰਾਵ ਹਸਪਤਾਲ 'ਚ ਕੰਮ ਕਰਨ ਵਾਲੇ ਰਾਕੇਸ਼ ਜੈਨ ਦੀ ਮਾਂ, ਪਤਨੀ ਅਤੇ ਬੱਚਿਆਂ ਨਾਲ ਮੁਲਾਕਾਤ ਕੀਤੀ | ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਇਕ ਬਿਆਨ ਅਨੁਸਾਰ, ਕੇਜਰੀਵਾਲ ਨੇ ਕਿਹਾ, ''ਕੋਵਿਡ ਡਿਊਟੀ ਦੌਰਾਨ ਜੈਨ ਕੋਰੋਨਾ ਪੀੜਤ ਹੋ ਗਏ ਸਨ | ਉਨ੍ਹਾਂ ਨੂੰ ਮੈਟਰੋ
ਹਸਪਤਾਲ ਰੈਫਰ ਕੀਤਾ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ | ਉਹ ਸ਼ਹੀਦ ਹੋਏ ਪਰ ਅਪਣੇ ਆਖ਼ਰੀ ਸਾਹ ਤਕ ਦਿੱਲੀ ਵਾਸੀਆਂ ਦੀ ਸੇਵਾ ਕਰਦੇ ਰਹੇ | ਉਨ੍ਹਾਂ ਕਿਹਾ,''ਦਿੱਲੀ ਸਰਕਾਰ ਵਲੋਂ ਅੱਜ ਮੈਂ ਰਾਕੇਸ਼ ਜੈਨ ਦੇ ਪਰਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਦਿਤਾ |'
ਮੁੱਖ ਮੰਤਰੀ ਨੇ ਕਿਹਾ,''ਕਿਸੇ ਦੇ ਜੀਵਨ ਦੇ ਬਦਲੇ 'ਚ ਕੋਈ ਮੁਆਵਜ਼ਾ ਨਹੀਂ ਹੁੰਦਾ ਪਰ ਮੈਂ ਉਮੀਦ ਕਰਦਾ ਹਾਂ ਕਿ ਵਿੱਤੀ ਮਦਦ ਨਾਲ ਪਰਵਾਰ ਨੂੰ ਕੁੱਝ ਰਾਹਤ ਮਿਲੇਗੀ |'' ਪਿਛਲੇ ਇਕ ਸਾਲ 'ਚ ਵੱਡੀ ਗਿਣਤੀ 'ਚ ਡਾਕਟਰ, ਨਰਸ, ਹੋਰ ਸਿਹਤ ਕਰਮੀ ਅਤੇ ਮੋਹਰੀ ਮੋਰਚੇ ਦੇ ਕਰਮੀ ਪੀੜਤ ਹੋਏ ਅਤੇ ਉਨ੍ਹਾਂ 'ਚੋਂ ਕੁੱਝ ਦੀ ਜਾਨ ਵੀ ਚੱਲੀ ਗਈ | ਕੇਜਰੀਵਾਲ ਨੇ ਕਿਹਾ,''ਉਨ੍ਹਾਂ ਦਾ (ਰਾਕੇਸ਼ ਜੈਨ ਦਾ) ਵੱਡਾ ਪੁੱਤ ਨੌਕਰੀ ਦੀ ਤਲਾਸ਼ 'ਚ ਹੈ | ਦਿੱਲੀ ਸਰਕਾਰ ਉਨ੍ਹਾਂ ਦੇ ਪੁੱਤ ਨੂੰ ਨੌਕਰੀ ਵੀ ਦੇਵੇਗੀ | ਮੈਂ ਰਾਕੇਸ਼ ਜੈਨ ਦੇ ਪਰਵਾਰ ਨੂੰ ਭਰੋਸਾ ਦਿੰਦਾ ਹਾਂ ਕਿ ਦਿੱਲੀ ਸਰਕਾਰ ਭਵਿੱਖ 'ਚ ਵੀ ਜ਼ਰੂਰਤ ਦੇ ਸਮੇਂ ਉਨ੍ਹਾਂ ਨਾਲ ਰਹੇਗੀ |''
ਕੋਵਿਡ-19 ਮਰੀਜਾਂ ਦੀ ਸੇਵਾ ਦੌਰਾਨ ਪੀੜਤ ਹੋਏ ਜੈਨ ਨੂੰ ਪ੍ਰੀਤ ਵਿਹਾਰ ਸਥਿਤ ਮੈਟਰੋ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ | ਅਗਲੇ ਹੀ ਦਿਨ ਉਨ੍ਹਾਂ ਦੀ ਮੌਤ ਹੋ ਗਈ ਸੀ | ਦਿੱਲੀ ਦੇ ਰਹਿਣ ਵਾਲੇ ਜੈਨ ਨੇ 1988 'ਚ ਸੇਵਾ ਸ਼ੁਰੂ ਕੀਤੀ ਸੀ ਅਤੇ 2022 'ਚ ਰਿਟਾਇਰਡ ਹੋਣ ਵਾਲੇ ਸਨ | ਬਿਆਨ ਅਨੁਸਾਰ, ਉਨ੍ਹਾਂ ਦੇ ਪਰਵਾਰ 'ਚ ਮਾਂ, ਪਤਨੀ ਅਤੇ 2 ਬੱਚੇ ਹਨ | (ਪੀਟੀਆਈ)