ਖੰਨਾ ਦੇ ਇਕ ਪਿੰਡ 'ਚ ਅੱਠ ਪਸ਼ੂਆਂ ਦੀ ਭੇਦਭਰੇ ਹਾਲਾਤਾਂ ਚ ਹੋਈ ਮੌਤ, ਜਾਂਚ ਜਾਰੀ
ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਪਰਿਵਾਰ ਨੂੰ ਸਰਕਾਰ ਵੱਲੋਂ ਮਦਦ ਦਿਵਾਉਣ ਦਾ ਭਰੋਸਾ ਦਿੱਤਾ।
ਲੁਧਿਆਣਾ: ਖੰਨਾ ਦੇ ਪਿੰਡ ਰੋਹਣੋ ਖੁਰਦ ਵਿਖੇ ਅੱਠ ਪਸ਼ੂਆਂ ਦੀ ਭੇਦਭਰੇ ਹਾਲਾਤਾਂ ਚ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅਜੇ ਇਨ੍ਹਾਂ ਪਸ਼ੂਆਂ ਦੇ ਮਰਨ ਦਾ ਕੋਈ ਵੀ ਕਾਰਨ ਨਹੀਂ ਪਤਾ ਲੱਗਾ ਹੈ। ਇਹ ਪਸ਼ੂ ਕਿਸੇ ਬਿਮਾਰੀ ਕਰਕੇ ਮਰੇ ਹਨ ਜਾਂ ਫਿਰ ਇਹ ਕਿਸੇ ਦੀ ਸ਼ਰਾਰਤ ਹੈ। ਇਸ ਮਾਮਲੇ ਦੀ ਜਾਂਚ ਜਾਰੀ ਹੈ ਤੇ ਇਹ ਗੱਲ ਦਾ ਪੂਰਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਹੋਵੇਗਾ।
ਮੀਡੀਆ ਨਾਲ ਗੱਲਬਾਤ ਦੌਰਾਨ ਪਰਵਿੰਦਰ ਸਿੰਘ ਅਤੇ ਉਹਨਾਂ ਦੇ ਮਾਤਾ ਸਰਪੰਚ ਨਛੱਤਰ ਕੌਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰਾਂ ਰਾਤ ਨੂੰ 7 ਮੱਝਾਂ ਅਤੇ 1 ਗਾਂ ਠੀਕ ਸਨ। ਐਤਵਾਰ ਸਵੇਰੇ ਜਦੋਂ ਉਹਨਾਂ ਨੇ ਦੇਖਿਆ ਤਾਂ ਸਾਰੇ ਪਸ਼ੂ ਮਰੇ ਹੋਏ ਸੀ। ਉਨ੍ਹਾਂ ਆਖਿਆ ਕਿ 10 ਲੱਖ ਦਾ ਨੁਕਸਾਨ ਹੋ ਗਿਆ। ਉਹ ਦੁੱਧ ਵੇਚ ਕੇ ਹੀ ਗੁਜ਼ਾਰਾ ਕਰਦੇ ਸੀ। ਬਲਾਕ ਸੰਮਤੀ ਚੇਅਰਮੈਨ ਸਤਨਾਮ ਸਿੰਘ ਸੋਨੀ ਨੇ ਪਰਿਵਾਰ ਨੂੰ ਸਰਕਾਰ ਵੱਲੋਂ ਮਦਦ ਦਿਵਾਉਣ ਦਾ ਭਰੋਸਾ ਦਿੱਤਾ।
ਓਥੇ ਹੀ ਪਸ਼ੂ ਵਿਭਾਗ ਦੀ ਟੀਮ ਨੇ ਮੌਕੇ ਤੇ ਪਹੁੰਚ ਚਾਰੇ ਦੇ ਸੈਂਪਲ ਵੀ ਲਏ। ਡਾ. ਗਗਨਦੀਪ ਕੌਸ਼ਲ ਨੇ ਕਿਹਾ ਕਿ ਸੈਂਪਲ ਰਿਪੋਰਟ ਅਤੇ ਪੋਸਟਮਾਰਟਮ ਰਿਪੋਰਟ ਆਉਣ ਮਗਰੋਂ ਹੀ ਮੌਤ ਦੇ ਕਾਰਨ ਸਾਹਮਣੇ ਆਉਣਗੇ।