ਚੰਡੀਗੜ੍ਹ 'ਚ 6 ਸਾਲਾ ਬੱਚੀ ਨਾਲ ਹੋਏ ਬਲਾਤਕਾਰ ਦੇ ਮਾਮਲੇ ਵਿਚ ਪੰਜਾਬ ਦੀ ਇਹ ਧੀ ਲੜ ਰਹੀ ਹੈ ਲੜਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਡੀ ਅਪੀਲ ਹੈ ਕਿ ਪੁਲਿਸ ਇਸ ਮਾਮਲੇ ਵਿਚ ਨਿਰਪੱਖ ਜਾਂਚ ਕਰੇ। 

PUNJAB GIRL AMAN

ਚੰਡੀਗੜ੍ਹ (ਹਰਦੀਪ ਸਿੰਘ ਭੋਗਲ) : ਦੇਸ਼  ਵਿਚ ਆਏ ਦਿਨ ਮਹਿਲਾਵਾਂ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਥੇ ਵਧੇਰੇ ਤੌਰ ’ਤੇ ਜਿਨਸੀ ਸੋਸ਼ਣ ਦੇ ਮਾਮਲੇ ਹਨ। ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਬੀਤੇ ਦਿਨੀ ਚੰਡੀਗੜ੍ਹ ਵਿਚ ਇਕ ਬੱਚੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। ਮਾਰਚ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਦੇ ਹੱਲੋਮਾਜਰਾ ਇਲਾਕੇ ਤੋਂ ਛੇ ਸਾਲਾ ਬੱਚੀ ਦੇ ਗਾਇਬ ਹੋਣ ਤੋਂ ਬਾਅਦ ਉਸ ਦੀ ਲਾਸ਼ ਬਰਾਮਦ ਹੋਈ ਸੀ। ਇਸ ਦੌਰਾਨ ਤਿੰਨ ਪ੍ਰਦਰਸ਼ਨਕਾਰੀ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਬੱਚੀ ਨਾਲ ਵਾਪਰੀ ਘਟਨਾ ਅਤੇ ਪ੍ਰਦਰਸ਼ਨ ਕਰ ਰਹੇ ਕਾਰੁਕਨਾਂ ਦੀ ਗ੍ਰਿਫਤਾਰੀ ਦੀ ਪੂਰੇ ਇਲਾਕੇ ਵਿਚ ਚਰਚਾ ਹੈ। ਇਸ ਬੱਚੀ ਨਾਲ ਹੋਏ ਬਲਾਤਕਾਰ ਦੇ ਮਾਮਲੇ ਵਿਚ ਹੁਣ ਪੰਜਾਬ ਦੀ ਇਕ ਧੀ ਅੱਗੇ ਆਈ ਹੈ ਤੇ ਬੱਚੀ ਨੂੰ ਇਨਸਾਫ ਦਿਵਾਉਣ ਲਈ ਲੜਾਈ ਲੜ ਰਹੀ ਹੈ। 

ਪੰਜਾਬ ਦੀ ਇਸ ਧੀ ਅਮਨ ਨੇ ਗੱਲਬਾਤ ਕਰਦੇ ਕਿਹਾ ਕਿ "ਜਦੋਂ ਛੇ ਸਾਲ ਦੀ ਬੱਚੀ ਨਾਲ ਵਾਪਰੀ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਇਲਾਕੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਸਾਰਾ ਹੱਲੋਮਾਜਰਾ ਹੀ ਇਕੱਠਾ ਹੋ ਗਿਆ ਸੀ, ਹਰ ਕੋਈ ਘਬਰਾ ਗਿਆ ਸੀ।” ਜਦੋ ਅਸੀਂ ਉੱਥੇ ਪਹੁੰਚੇ ਤਾਂ ਰੋਡ ਜਾਮ ਕੀਤਾ ਹੋਇਆ ਸੀ ਅਤੇ ਲੋਕ ਮੌਜੂਦ ਸੀ। ਅਸੀਂ ਪੁਲਿਸ ਤੋਂ ਐਫ.ਆਈ.ਆਰ ਦੀ ਕਾਪੀ ਮੰਗੀ ਤਾਂ ਉਸ ਵਿਚ ਰੇਪ ਦੀ ਧਾਰਾ ਜੋੜੀ ਨਹੀਂ ਗਈ ਸੀ, ਉਨ੍ਹਾਂ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਨਹੀਂ ਆਈ ਹੈ ਇਸ ਲਈ ਇਹ ਧਾਰਾ ਨਹੀਂ ਜੋੜੀ ਜਾ ਸਕਦੀ। ਲੜਕੀ ਦਾ ਪਰਿਵਾਰ ਉਥੇ ਮੌਜੂਦ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹਿ ਰਿਹਾ ਸੀ।” ਪੁਲਿਸ ਨੇ ਕਿਹਾ ਕਿ ਮੁਲਜ਼ਮ ਗ੍ਰਿਫਤਾਰ ਹੈ। ਅਸੀਂ ਪੁਲਿਸ ਨੂੰ ਕਿਹਾ ਕਿ ਲਿਖਤੀ ਵਿਚ ਦਿੱਤਾ ਜਾਵੇ ਕਿ ਸਾਰੇ ਮੁਲਜ਼ਮ ਫੜ ਲਏ ਗਏ ਹਨ ਅਤੇ ਧਰਨਾ ਚੁੱਕ ਲਿਆ ਜਾਏਗਾ। 

ਉਨ੍ਹਾਂ ਨੇ ਅੱਗੇ ਕਿਹਾ ਕਿ ਮਾਮਲੇ ਨੂੰ ਨਿਪਟਾਉਣ ਲਈ ਪੁਲਿਸ ਕਹਿ ਰਹੀ ਸੀ ਕਿ ਮੁਲਜ਼ਮ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਤੁਸੀ ਇੱਥੋਂ ਚਲੇ ਜਾਓ ਪਰ ਅਸੀਂ ਫਿਰ ਵੀ ਵਾਰ-ਵਾਰ ਪੁੱਛ ਰਹੇ ਸੀ। ਪੁਲਿਸ ਇਸ ਮਾਮਲੇ ਬਾਰੇ ਜਾਂਚ ਨਹੀਂ ਕਰ ਰਹੀ ਸੀ। ਸਾਡੀ ਅਪੀਲ ਹੈ ਕਿ ਪੁਲਿਸ ਇਸ ਮਾਮਲੇ ਵਿਚ ਨਿਰਪੱਖ ਜਾਂਚ ਕਰੇ। 

ਕੀ ਹੈ ਮਾਮਲਾ ? 
ਪੰਜ ਮਾਰਚ ਦੀ ਘਟਨਾ ਹੈ। ਲੜਕੀ ਸ਼ਾਮ ਸਾਢੇ ਚਾਰ ਦੇ ਕਰੀਬ ਆਮ ਵਾਂਗ ਖੇਡਣ ਲਈ ਗਈ ਸੀ। ਕੁਝ ਸਮੇਂ ਬਾਅਦ ਜਦੋਂ ਵਾਪਸ ਨਾ ਆਈ ਤਾਂ ਬੱਚੀ ਦੇ ਮਾਪਿਆਂ ਨੇ ਆਂਢ-ਗੁਆਂਢ ਵਿੱਚ ਲੱਭਿਆ। ਪਰ ਬੱਚੀ ਫਿਰ ਵੀ ਨਾ ਲੱਭੀ । ਬੱਚੀ ਦੇ ਘਰ ਵਾਲਿਆਂ ਨੇ ਫਿਰ ਪੁਲਿਸ ਨੂੰ ਸੂਚਿਤ ਕਰ ਦਿੱਤਾ। ਅਗਲੀ ਸਵੇਰ ਘਰ ਤੋਂ ਕੁਝ ਦੂਰੀ 'ਤੇ ਹੀ ਜੰਗਲ ਵਿਚੋਂ ਉਸ ਦੀ ਲਾਸ਼ ਮਿਲੀ। ਆਖਰੀ ਵਾਰ ਆਪਣੀ ਬੇਟੀ ਨੂੰ ਦੇਖ ਵੀ ਨਹੀਂ ਸਕੀ, ਕਿਉਂਕਿ ਸਭ ਨੇ ਕਿਹਾ ਕਿ ਲਾਸ਼ ਇੰਨੀ ਬੁਰੀ ਹਾਲਤ ਵਿੱਚ ਹੈ ਕਿ ਮਾਂ ਹੋ ਕੇ ਤੂੰ ਸਹਾਰ ਨਹੀਂ ਸਕੇਂਗੀ।"ਲੜਕੀ ਦੀ ਲਾਸ਼ ਨੂੰ ਫਿਰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਐਤਵਾਰ ਯਾਨੀ ਅੱਠ ਮਾਰਚ ਨੂੰ ਬੱਚੀ ਦਾ ਸਸਕਾਰ ਕਰ ਦਿੱਤਾ ਗਿਆ। ਇਸੇ ਦੌਰਾਨ ਪੁਲਿਸ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕੀਤਾ ਮੁੰਡਾ ਵੀ ਨਾਬਾਲਗ ਹੈ ਅਤੇ ਪੁਲਿਸ ਨੇ ਉਸ ਦੀ ਉਮਰ ਬਾਰਾਂ ਸਾਲ ਦੱਸੀ ਹੈ।