ਸਾਕਾ ਨਕੋਦਰ ਸਮੇਤ ਬਹਿਬਲ-ਬਰਗਾੜੀ ਦੇ ਇਨਸਾਫ਼ ਲਈ ਉਲੀਕੀ ਜਾਵੇਗੀ ਨਵੀਂ ਰਣਨੀਤੀ

ਏਜੰਸੀ

ਖ਼ਬਰਾਂ, ਪੰਜਾਬ

ਸਾਕਾ ਨਕੋਦਰ ਸਮੇਤ ਬਹਿਬਲ-ਬਰਗਾੜੀ ਦੇ ਇਨਸਾਫ਼ ਲਈ ਉਲੀਕੀ ਜਾਵੇਗੀ ਨਵੀਂ ਰਣਨੀਤੀ

image

ਕੋਟਕਪੂਰਾ, 14 ਮਾਰਚ (ਗੁਰਿੰਦਰ ਸਿੰਘ) : ਪਿਛਲੇ 88 ਦਿਨਾਂ ਤੋਂ ਬੇਅਦਬੀ ਮਾਮਲਿਆਂ ਦੇ ਇਨਸਾਫ਼ ਲਈ ਲੱਗੇ ਬਹਿਬਲ ਮੋਰਚੇ ਨੇ 20 ਮਾਰਚ ਨੂੰ ਇਕ ਅਗਲਾ ਪੋ੍ਰਗਰਾਮ ਦੇਣ ਦਾ ਫ਼ੈਸਲਾ ਕੀਤਾ ਹੈ। ਅਪਣੇ ਸਾਥੀਆਂ ਸਮੇਤ ‘ਸੁਖਰਾਜ ਸਿੰਘ ਨਿਆਮੀਵਾਲਾ’ ਨੇ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਇਲਾਵਾ ਗੁਆਂਢੀ ਰਾਜਾਂ ਤੋਂ ਵੀ ਹਰ ਤਰ੍ਹਾਂ ਦੀਆਂ ਸਿੱਖ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਪੰਥਦਰਦੀਆਂ ਨੂੰ ਸੱਦਾ ਦਿੰਦਿਆਂ ਆਖਿਆ ਕਿ ਮੋਰਚੇ ਦੀ ਅਗਲੀ ਰੂਪ ਰੇਖਾ ਉਲੀਕਣ ਲਈ ਤੁਹਾਡੇ ਸਾਰਿਆਂ ਦੇ ਸੁਝਾਅ ਲੈਣੇ ਬਹੁਤ ਜ਼ਰੂਰੀ ਹਨ। ਉਨ੍ਹਾਂ ਆਖਿਆ ਕਿ ਮੋਰਚੇ ਨੂੰ ਤਿੱਖਾ ਕਰਨ, ਨੌਜਵਾਨਾਂ ਨੂੰ ਨਾਲ ਲੈ ਕੇ ਚਲਣ ਅਤੇ ਪੰਥ ਵਿਚ ਪੈਦਾ ਹੋਈ ਦੁਬਿਧਾ ਦੂਰ ਕਰਨ ਲਈ ਸਿਰ ਜੋੜ ਕੇ ਬੈਠਣਾ ਜ਼ਰੂਰੀ ਹੋ ਗਿਆ। 
ਸੁਖਰਾਜ ਸਿੰਘ ਮੁਤਾਬਕ ਗੁਰੂ ਗ੍ਰੰਥ ਸਾਹਿਬ ਦੇ ਮਾਣ-ਸਤਿਕਾਰ ਲਈ ਸੰਘਰਸ਼ ਕਰ ਰਹੇ ਚਾਰ ਸਿੱਖ ਨੌਜਵਾਨਾਂ ਨੂੰ ਸਾਲ 1986 ਵਿਚ ਨਕੋਦਰ ਵਿਖੇ ਗੋਲੀਆਂ ਨਾਲ ਭੁੰਨ ਦਿਤਾ ਗਿਆ ਤੇ 29 ਸਾਲਾਂ ਬਾਅਦ 2015 ਵਿਚ ਇਹੀ ਸਾਕਾ ਅਰਥਾਤ ਬਹਿਬਲ ਕਲਾਂ ਅਤੇ ਬਰਗਾੜੀ ਵਿਖੇ ਵਾਪਰਿਆ, ਦੋਵੇਂ ਸਾਕਿਆਂ ਵਿਚ ਸਿੱਖ ਨੌਜਵਾਨਾਂ ਦੀਆਂ ਸ਼ਹਾਦਤਾਂ ਹੋਈਆਂ, ਕਮਿਸ਼ਨ ਬਣੇ, ਸਰਕਾਰ ਨੇ ਇਨਸਾਫ਼ ਦੇਣ ਦੇ ਵਾਅਦੇ ਕੀਤੇ, ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ, ਅਕਾਲੀ ਦਲ ਆਦਿਕ ਉਕਤ ਸਾਕਿਆਂ ਦਾ ਇਨਸਾਫ਼ ਨਾ ਦਿਵਾ ਸਕੇ, ਸਰਕਾਰਾਂ, ਅਦਾਲਤਾਂ ਤੇ ਰਾਜਸੀ ਜਥੇਬੰਦੀਆਂ ਨੇ ਵੀ ਇਨਸਾਫ਼ ਕਰਨ ਦੀ ਥਾਂ ਬੇਗੁਨਾਹ ਸਿੱਖਾਂ ਦੇ ਕਾਤਲਾਂ ਨੂੰ ਤਰੱਕੀਆਂ, ਤਮਗ਼ੇ ਅਤੇ ਸਿਆਸੀ ਬੁਕਲ ਦਿਤੀ। 
ਸੁਖਰਾਜ ਸਿੰਘ ਨੇ ਦੁੱਖ ਪ੍ਰਗਟਾਇਆ ਕਿ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਚਾਰ ਸਿੱਖ ਨੌਜਵਾਨਾਂ ਵਿਚੋਂ ਤਿੰਨ ਸ਼ਹੀਦਾਂ ਦੇ ਮਾਪੇ ਅਪਣੇ ਬੱਚਿਆਂ ਦੇ ਕਾਤਲਾਂ ਨੂੰ ਸੀਖਾਂ ਪਿੱਛੇ ਦੇਖਣ ਤੋਂ ਪਹਿਲਾਂ ਹੀ ਸਦੀਵੀ ਵਿਛੋੜਾ ਦੇ ਗਏ ਪਰ ਹੁਣ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਸਾਕਾ ਨਕੋਦਰ ਤਾਂ ਵਾਪਰਿਆ ਹੀ ਨਹੀਂ? ਉਨ੍ਹਾਂ ਆਖਿਆ ਕਿ ਇਸ ਤੋਂ ਪਹਿਲਾਂ ਕੋਈ ਹੋਰ ਸਾਕਾ ਵਾਪਰੇ, ਆਉ ਸਾਰੇ ਇਕਮੁਠ ਹੋ ਕੇ ਬਹਿਬਲ ਕਲਾਂ ਅਤੇ ਨਕੋਦਰ ਸਾਕੇ ਦੇ ਇਨਸਾਫ਼ ਲਈ ਹੰਭਲਾ ਮਾਰੀਏ, 20 ਮਾਰਚ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸਬੰਧ ’ਚ ਇਨਸਾਫ਼ ਮੋਰਚਾ ਬਹਿਬਲ ਵਿਖੇ ਪੰਥਕ ਇਕੱਤਰਤਾ ਦਾ ਜ਼ਰੂਰ ਹਿੱਸਾ ਬਣੀਏ ਤਾਂ ਜੋ ਅਗਲੀ ਰਣਨੀਤੀ ਉਲੀਕੀ ਜਾ ਸਕੇ।