ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ 'ਤੇ ਮੱਲੀਆਂ ਦੇ ਟੂਰਨਾਮੈਂਟ ਦੌਰਾਨ ਚੱਲੀਆਂ ਗੋਲੀਆਂ, ਮੌਤ
ਗਲੈਡੀਏਟਰ ਦੇ ਨਾਮ ਨਾਲ ਮਸ਼ਹੂਰ ਸੰਦੀਪ ਨੰਗਲ ਵਿਦੇਸ਼ਾਂ ਵਿਚ ਵੀ ਖੱਟ ਚੁੱਕਿਆ ਸੀ ਨਾਮਣਾ
ਚੰਡੀਗੜ੍ਹ : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ 'ਤੇ ਅੱਜ ਜਾਨ ਲੇਵਾ ਹਮਲਾ ਹੋਇਆ ਹੈ ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਸੰਦੀਪ ਨੰਗਲ ਅੰਬੀਆਂ 'ਤੇ ਅੱਜ ਨਕੋਦਰ ਦੇ ਮੱਲੀਆਂ ਵਿਖੇ ਟੂਰਨਾਮੈਂਟ ਦੌਰਾਨ ਅਣਪਛਾਤਿਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਵਿਚ ਸੰਦੀਪ ਅੰਬੀਆਂ ਗੰਭੀਰ ਜ਼ਖ਼ਮੀ ਹੋ ਗਏ ਅਤੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ।
ਗਲੈਡੀਏਟਰ ਦੇ ਨਾਮ ਨਾਲ ਮਸ਼ਹੂਰ ਨੰਗਲ ਅੰਬੀਆਂ ਪਿੰਡ ਦਾ ਰਹਿਣ ਵਾਲਾ 38 ਸਾਲਾ ਸੰਦੀਪ ਨੰਗਲ ਅੰਬੀਆਂ ਖੇਡ ਕਬੱਡੀ ਕਰ ਕੇ ਵਿਦੇਸ਼ਾਂ ਵਿਚ ਵੀ ਨਾਮਣਾ ਖੱਟ ਚੁੱਕਾ ਸੀ। ਮਿਲੀ ਜਾਣਕਾਰੀ ਅਨੁਸਾਰ ਮੱਲੀਆਂ ਪਿੰਡ ’ਚ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਕਿ ਇਸ ਦੌਰਾਨ 4-5 ਅਣਪਛਾਤੇ ਵਿਅਕਤੀਆਂ ਗੱਡੀ ’ਚ ਆਏ ਤੇ ਉਨ੍ਹਾਂ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ’ਤੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।
ਜਿਸ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ’ਚ ਨਕੋਦਰ ਦੇ ਹਸਪਤਾਲ ’ਚ ਲਿਜਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਦੱਸ ਦੇਈਏ ਕਿ ਇਸ ਗੋਲੀਬਾਰੀ ਵਿੱਚ ਇੱਕ ਹੋਰ ਨੌਜਵਾਨ ਜ਼ਖਮੀ ਹੋਇਆ ਹੈ, ਉਸਦੀ ਲੱਤ ਵਿਚ ਗੋਲੀ ਲੱਗੀ ਹੈ।
ਕਬੱਡੀ ਸੰਚਾਲਕ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮੱਲੀਆਂ ਕਲਾਂ ਵਿੱਚ ਕਬੱਡੀ ਮੁਕਾਬਲੇ ਚੱਲ ਰਹੇ ਸਨ। ਇਸ ਦੌਰਾਨ ਸੰਦੀਪ ਆਪਣੇ ਕੁਝ ਸਾਥੀਆਂ ਨੂੰ ਛੱਡਣ ਲਈ ਨਿਕਲਿਆ, ਜਿੱਥੇ ਕੁਝ ਹਥਿਆਰਬੰਦ ਬਦਮਾਸ਼ਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਬਾਅਦ ਵਿੱਚ ਸੰਦੀਪ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ 'ਤੇ ਪਹੁੰਚੀ ਪੁਲਿਸ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।