ਦੋਸ਼ੀਆਂ ਨੂੰ ਕੈਪਟਨ ਸਰਕਾਰ ਵਲੋਂ ਦਿਤੀ ਮਾਫ਼ੀ ਰੱਦ ਕਰੇ ਕੇਜਰੀਵਾਲ ਤੇ ਭਗਵੰਤ ਮਾਨ : ਖਾਲੜਾ ਮਿਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਦੋਸ਼ੀਆਂ ਨੂੰ ਕੈਪਟਨ ਸਰਕਾਰ ਵਲੋਂ ਦਿਤੀ ਮਾਫ਼ੀ ਰੱਦ ਕਰੇ ਕੇਜਰੀਵਾਲ ਤੇ ਭਗਵੰਤ ਮਾਨ : ਖਾਲੜਾ ਮਿਸ਼ਨ

image

ਅੰਮ੍ਰਿਤਸਰ, 14 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਅੱਜ ਜਬਰ-ਜ਼ੁਲਮ ਵਿਰੁਧ ਤੇ ਹਲੇਮੀ ਰਾਜ ਲਈ ਲੜ ਰਹੀਆਂ ਜਥੇਬੰਦੀਆਂ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ, ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ, ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਆਖਿਆ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਕੇਜਰੀਵਾਲ ਤੇ ਭਗਵੰਤ ਮਾਨ ਜੁਲਾਈ-2021 ਵਿਚ ਕੁਲਜੀਤ ਸਿੰਘ ਢਟ ਕੇਸ ਵਿਚ ਅਦਾਲਤ ਵਲੋਂ ਦੋਸ਼ੀ ਠਹਿਰਾਏ ਗਏ, ਐਸ.ਪੀ.ਐਸ. ਬਸਰੇ ਵਰਗੇ ਜਿਨ੍ਹਾਂ ਨੂੰ 5 ਸਾਲ ਕੈਦ ਹੋਈ ਸੀ, ਨੂੰ ਕੈਪਟਨ ਸਰਕਾਰ ਨੇ 6 ਮਹੀਨੇ ਜੇਲ੍ਹ ਕੱਟਣ ਬਾਅਦ ਮਾਫ਼ ਕਰ ਦਿਤਾ ਸੀ। ਅਜੇ ਹਾਈ ਕੋਰਟ ਵਿਚ ਪ੍ਰਵਾਰ ਦੀ ਅਪੀਲ ਚਲ ਰਹੀ ਸੀ। ਕੈਪਟਨ, ਬਾਦਲ, ਭਾਜਪਾਈ ਜੋ ਰਵਾਇਤੀ ਧਿਰਾਂ ਸਨ ਸਾਰੀਆਂ ਝੂਠੇ ਮੁਕਾਬਲਿਆਂ ਦੀਆਂ ਹਾਮੀ ਸਨ। ਇਨ੍ਹਾਂ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਜੇਲਾਂ ਵਿਚੋਂ ਗ਼ੈਰ ਕਾਨੂੰਨੀ ਤੌਰ ਤੇ ਰਿਹਾਅ ਕਰਵਾਇਆ ਅਤੇ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਨੂੰ ਡੀ.ਜੀ.ਪੀ. ਲਾਇਆ, ਐਸ.ਐਸ.ਪੀ. ਲਾਇਆ। 
ਪੰਜਾਬ ਅੰਦਰ 25000 ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿਚ ਸ਼ਹੀਦ ਕਰ ਕੇ ਅਣਪਛਾਤੇ ਆਖ ਕੇ ਮ੍ਰਿਤਕ ਦੇਹਾਂ ਦੇ ਸ਼ਮਸ਼ਾਨਘਾਟਾਂ ਵਿਚ ਸਸਕਾਰ ਕੀਤੇ ਗਏ ਅਤੇ ਇਸ ਤੋਂ ਵੱਡੀ ਗਿਣਤੀ ਵਿਚ ਝੂਠੇ ਮੁਕਾਬਲਿਆਂ ਵਿਚ ਸ਼ਹੀਦ ਕਰ ਕੇ ਉਨ੍ਹਾਂ ਦੀਆਂ ਮਿ੍ਰਤਕ ਦੇਹਾਂ ਦਰਿਆਵਾਂ, ਨਹਿਰਾਂ ਵਿਚ ਰੋੜੀਆਂ ਗਈਆਂ। ਬਾਬਾ ਦਰਸ਼ਨ ਸਿੰਘ, ਵਿਰਸਾ ਸਿੰਘ ਅਤੇ ਗੁਰਬਚਨ ਸਿੰਘ ਆਦਿ ਨੇ ਸਾਂਝੇ ਤੌਰ ’ਤੇ ਕਿਹਾ ਕਿ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਜੇ ਉਹ ਝੂਠੇ ਮੁਕਾਬਲਿਆਂ ਦੇ ਉਲਟ ਹਨ ਤਾਂ ਭਗਤ ਸਿੰਘ ਦੇ ਰਿਸ਼ਤੇਦਾਰ ਕੁਲਜੀਤ ਸਿੰਘ ਢਟ ਕੇਸ ਦੇ ਦੋਸ਼ੀਆਂ ਨੂੰ ਕੈਪਟਨ ਸਰਕਾਰ ਵਲੋਂ ਦਿਤੀ ਮੁਆਫ਼ੀ ਰੱਦ ਕਰਨ। ਜੇ ਉਹ ਝੂਠੇ ਮੁਕਾਬਲਿਆਂ ਦੇ ਉਲਟ ਹਨ ਤਾਂ ਪੰਜਾਬ ਅੰਦਰ ਹੋਏ ਝੂਠੇ ਮੁਕਾਬਲਿਆਂ ਦੀ ਪੜਤਾਲ ਲਈ ਕਮਿਸ਼ਨ ਬਣਾਉਣ। ਜਥੇਬੰਦੀਆਂ ਨੇ ਕਿਹਾ ਭਗਤ ਸਿੰਘ ਦੇ ਵਾਰਸ ਅਖਵਾਉਣ ਵਾਲਿਆਂ ਕਾਮਰੇਡਾਂ ਨੇ ਕਰਤਾਰਪੁਰ ਮਾਡਲ ਦੀ ਚੋਣ ਕਰਨ ਦੀ ਬਜਾਏ ਦਿੱਲੀ ਮਾਡਲ ਦੀ ਚੋਣ ਕਰ ਕੇ ਕੇਜਰੀਵਾਲ ਦੀ ਹਮਾਇਤ ਕਰ ਕੇ ਪੰਜਾਬ ਨਾਲ ਧ੍ਰੋਹ ਕਮਾਇਆ ਹੈ। ਰਵਾਇਤੀ ਧਿਰਾਂ ਵਲੋਂ ਝੂਠੇ ਮੁਕਾਬਲਿਆਂ ਦੇ ਦੋਸ਼ੀਆਂ ਦੇ ਹੱਕ ਵਿਚ ਖਲੋਣ ਕਰ ਕੇ ਪੰਜਾਬ ਦੇ ਲੋਕਾਂ ਨੇ ਰਾਜਭਾਗ ਤੋਂ ਪਾਸੇ ਕੀਤਾ ਹੈ।