ਸੁਖਬੀਰ ਬਾਦਲ ਕਰਨਗੇ ਹਾਰ ਦਾ ਮੰਥਨ, ਹਾਰ ਦੇ ਕਾਰਨਾਂ ਲਈ ਉੱਚ ਪੱਧਰੀ ਕਮੇਟੀ ਦਾ ਹੋਵੇਗਾ ਗਠਨ

ਏਜੰਸੀ

ਖ਼ਬਰਾਂ, ਪੰਜਾਬ

ਇਸ ਬੈਠਕ ਵਿਚ ਹਾਰ ਦੇ ਕਾਰਨਾਂ ਤੋਂ ਧੁਰ ਅੰਦਰ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ।

Sukbir Badal

 

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ 2022 ਵਿਚ ਅਕਾਲੀ ਦਲ ਦੀ ਸ਼ਰਮਨਾਕ ਹਾਰ ਹੋਈ ਹੈ ਤੇ ਇਸ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੋਰ ਕਮੇਟੀ ਦੀ ਬੈਠਕ ਕੀਤੀ ਜਾ ਰਹੀ ਹੈ। ਇਹ ਮੀਟਿੰਗ ਚੰਡੀਗੜ੍ਹ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੈਕਟਰ 28 ਸਥਿਤ ਦਫ਼ਤਰ ਵਿਚ ਕੀਤੀ ਜਾਵੇਗੀ। ਇਸ ਬੈਠਕ ਵਿਚ ਹਾਰ ਦੇ ਕਾਰਨਾਂ ਤੋਂ ਧੁਰ ਅੰਦਰ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ।

ਅਕਾਲੀ ਦਲ ਨੂੰ ਇਹਨਾਂ ਚੋਣਾਂ ਵਿਚ ਸਿਰਫ਼ 3 ਹੀ ਸੀਟਾਂ ਮਿਲ ਸਕੀਆਂ ਅਤੇ ਪਾਰਟੀ ਦਾ ਪ੍ਰਦਰਸ਼ਨ ਬੇਹੱਦ ਖ਼ਰਾਬ ਰਿਹਾ ਜਿਸ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ 'ਤੇ ਲਗਾਤਾਰ ਸਵਾਲ ਉੱਠ ਰਹੇ ਹਨ। ਹਾਲਾਂਕਿ ਅਕਾਲੀ ਆਗੂਆਂ ਵੱਲੋਂ ਖੁੱਲ ਕੇ ਇਸ ਮੁੱਦੇ ਬਾਰੇ ਗੱਲਬਾਤ ਨਹੀਂ ਕੀਤੀ ਜਾ ਰਹੀ। 10 ਸਾਲ ਸੱਤਾ ਵਿਚ ਰਹਿਣ ਤੋਂ ਬਾਅਦ ਅਕਾਲੀ ਦਲ ਦੀ ਹਾਲਤ ਅਜਿਹੀ ਹੋ ਗਈ ਕਿ ਅਕਾਲੀ ਦਲ ਨੂੰ ਵਿਰੋਧੀ ਧਿਰ ਦੀ ਕੁਰਸੀ ਵੀ ਨਸੀਬ ਨਾ ਹੋਈ। ਸੁਖਬੀਰ ਬਾਦਲ ਖੁਦ ਜਲਾਲਾਬਾਦ ਤੋਂ ਚੋਣ ਹਾਰ ਗਏ ਅਤੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ ਵੀ ਉਨ੍ਹਾਂ ਦੇ ਗੜ੍ਹ ਲੰਬੀ ਤੋਂ ਹਾਰ ਗਏ ਹਨ।

ਇਸ ਤੋਂ ਇਲਾਵਾ ਅਕਾਲੀ ਦਲ ਦੇ ਕਈ ਦਿੱਗਜ ਵੀ ਚੋਣ ਹਾਰ ਗਏ। ਅਜਿਹੇ ਵਿਚ ਹਾਰ ਦੀ ਜ਼ਿੰਮੇਵਾਰੀ ਪਾਰਟੀ ਦੇ ਮੋਢੀ ਸਿਰ ਹੁੰਦੀ ਹੈ ਅਤੇ ਪਾਰਟੀ ਦੀ ਪ੍ਰਧਾਨਗੀ ਸੁਖਬੀਰ ਬਾਦਲ ਕਰ ਰਹੇ ਹਨ। ਇਹ ਚਰਚਾਵਾਂ ਵੀ ਹੋ ਰਹੀਆਂ ਹਨ ਕਿ ਪਾਰਟੀ ਦੀ ਕੋਰ ਕਮੇਟੀ ਬੈਠਕ ਵਿਚ ਸੁਖਬੀਰ ਬਾਦਲ ਤੇ ਅਸਤੀਫ਼ਾ ਦੇਣ ਦਾ ਦਬਾਅ ਪਾਇਆ ਜਾ ਸਕਦਾ ਹੈ।