ਸਿੱਖਾਂ ਲਈ ਖੁਸ਼ਖ਼ਬਰੀ, ਘਰੇਲੂ ਉਡਾਣਾਂ ਵਿਚ ਕਿਰਪਾਨ 'ਤੇ ਲੱਗੀ ਪਾਬੰਦੀ ਹਟਾਈ

ਏਜੰਸੀ

ਖ਼ਬਰਾਂ, ਪੰਜਾਬ

ਕਿਰਪਾਨ ਦੀ ਲੰਬਾਈ 22.86 ਸੈਮੀ. (9ਇੰਚ ) ਦੀ ਹੋਣੀ ਚਾਹੀਦੀ ਹੈ

The good news for Sikhs is that the ban on kirpans on domestic flights has been lifted

 

ਨਵੀਂ ਦਿੱਲੀ : ਸਿੱਖ ਸਮਾਜ ਲਈ ਵੱਡੀ ਖੁਸ਼ਖ਼ਬਰੀ ਹੈ। ਦਰਅਸਲ ਕੇਂਦਰ ਸਰਕਾਰ ਨੇ ਘਰੇਲੂ ਉਡਾਣਾਂ 'ਚ ਕਿਰਪਾਨ ਪਹਿਨਣ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਇਸ ਫ਼ੈਸਲੇ ਤੋਂ ਬਾਅਦ ਸਿੱਖ ਕਰਮਚਾਰੀ ਤੇ ਮੁਸਾਫ਼ਰ ਸਫ਼ਰ ਦੌਰਾਨ ਕਿਰਪਾਨ ਪਾ ਕੇ ਸਫ਼ਰ ਕਰ ਸਕਣਗੇ ਹਾਲਾਂਕਿ ਇਸ ਲਈ ਇਕ ਸ਼ਰਤ ਵੀ ਰੱਖੀ ਗਈ ਹੈ ਕਿ ਕਿਰਪਾਨ ਦੀ ਲੰਬਾਈ 22.86 ਸੈਮੀ. (9ਇੰਚ ) ਦੀ ਹੋਣੀ ਚਾਹੀਦੀ ਹੈ ਤੇ ਉਸ ਦੇ ਅੰਦਰਲੀ ਕਿਰਪਾਨ ਦੀ ਲੰਬਾਈ 6 ਇੰਚ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਇਹ ਜਾਣਕਾਰੀ ਸਿਵਲ ਏਵੀਏਸ਼ਨ ਸਕਿਓਰਟੀ ਦੇ ਇਕ ਅਧਿਕਾਰੀ ਨੇ ਸਾਂਝੀ ਕੀਤੀ ਹੈ। 

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਦੇ ਹਵਾਈ ਅੱਡਿਆਂ ’ਤੇ ਕੰਮ ਕਰਦੇ ਅੰਮ੍ਰਿਤਧਾਰੀ ਸਿੱਖ ਮੁਲਾਜ਼ਮਾਂ ਨੂੰ ਕਿਰਪਾਨ ਪਹਿਨਣ ’ਤੇ ਪਾਬੰਦੀ ਲਾਉਣ ਦਾ ਸਖ਼ਤ ਨੋਟਿਸ ਲਿਆ ਸੀ। ਧਾਮੀ ਨੇ ਕਿਹਾ ਸੀ ਕਿ ਭਾਰਤ ਸਰਕਾਰ ਨੇ ਹਾਲ ਹੀ 'ਚ ਜਾਰੀ ਕੀਤੇ ਇੱਕ ਨੋਟੀਫਿਕੇਸ਼ਨ ਵਿੱਚ ਸਿੱਖ ਮੁਲਾਜ਼ਮਾਂ ਨੂੰ ਹਵਾਈ ਅੱਡੇ ਦੇ ਅੰਦਰ ਸਿੱਖ ਕੱਕਾਰਾਂ ਦੇ ਇੱਕ ਹਿੱਸੇ ਦੀ ਕਿਰਪਾਨ ਪਹਿਨਣ ਦੀ ਮਨਾਹੀ ਕੀਤੀ ਹੈ, ਜਿਸ ਨੂੰ ਉਨ੍ਹਾਂ ਸਿੱਖ ਸੰਪਰਦਾਵਾਂ ਨਾਲ ਧੱਕਾ ਦੱਸਿਆ ਸੀ।

 

ਐਡਵੋਕੇਟ ਧਾਮੀ ਨੇ ਇਸ ਮਾਮਲੇ ਸਬੰਧੀ ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਵੀ ਪੱਤਰ ਭੇਜਿਆ ਸੀ। ਇਸ ਪੱਤਰ 'ਚ ਸਰਕਾਰ ਦੇ ਇਸ ਨੋਟੀਫਿਕੇਸ਼ਨ ’ਤੇ ਸਖ਼ਤ ਸ਼ਬਦਾਂ ਵਿਚ ਇਤਰਾਜ਼ ਪ੍ਰਗਟ ਕੀਤਾ ਗਿਆ ਸੀ। ਉਨ੍ਹਾਂ ਇਹ ਪੱਤਰ ਫੈਸਲਾ ਤੁਰੰਤ ਵਾਪਸ ਲੈਣ ਸਬੰਧੀ ਲਿਖਿਆ ਸੀ। ਉਨ੍ਹਾਂ ਇਸ ਫ਼ੈਸਲੇ ਨੂੰ ਆਪਣੇ ਹੀ ਦੇਸ਼ 'ਚ ਸਿੱਖਾਂ ਦੀ ਧਾਰਮਿਕ ਆਜ਼ਾਦੀ ’ਤੇ ਵੱਡਾ ਹਮਲਾ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਇਸ ਫ਼ੈਸਲੇ ਨੂੰ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਇਹ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ ਤੇ ਘਰੇਲੂ ਉਡਾਣਾਂ ਵਿਚ ਸਿੱਖਾਂ ਨੂੰ ਕਿਰਪਾਨ ਪਾਉਣ ਦੀ ਇਜ਼ਾਜਤ ਦੇ ਦਿੱਤੀ ਗਈ ਹੈ।