ਡਿਊਟੀ ਤੋਂ ਪਰਤ ਰਹੇ CID ਮੁਲਾਜ਼ਮ ਦੀ ਸੜਕ ਹਾਦਸੇ ’ਚ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਮ੍ਰਿਤਕ ਕਾਦੀਆ ਵਿਖੇ ਸੀ.ਆਈ.ਡੀ ਵਿੰਗ ਵਿੱਚ ਬਤੌਰ ਡਿਊਟੀ ਨਿਭਾ ਰਹੇ ਸਨ

photo

 

ਕਾਦੀਆਂ - ਬੀਤੀ ਦੇਰ ਰਾਤ ਕਾਦੀਆਂ ਬਟਾਲਾ ਰੋਡ ਤੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਕ ਗੱਡੀ ਚਾਲਕ ਨੇ ਮੋਟਰਸਾਈਕਲ ਸਵਾਰ ਸੀ.ਆਈ.ਡੀ ਮੁਲਾਜ਼ਮ ਕਾਦੀਆਂ ਨੂੰ ਟੱਕਰ ਮਾਰ ਦਿੱਤੀ ਅਤੇ ਮੁਲਾਜ਼ਮ ਦੀ ਮੌਤ ਹੋ ਗਈ ਹੈ।

ਮਿਲੀ ਜਾਣਕਾਰੀ ਆਨੁਸਾਰ ਮ੍ਰਿਤਕ ਮੁਲਾਜ਼ਮ ਸੁਭਾਸ਼ ਚੰਦਰ ਦੀ ਪਤਨੀ ਦਰਸ਼ਨਾ ਵਾਸੀ ਮਹੱਲਾ ਧਰਮਪੁਰਾ ਕਾਦੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਸੀ.ਆਈ.ਡੀ ਵਿੰਗ ਕਾਦੀਆਂ ਵਿੱਚ ਡਿਊਟੀ ਨਿਭਾ ਰਹੇ ਸੀ।

ਉਨ੍ਹਾਂ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਸਵੇਰੇ ਕਾਦੀਆਂ ਡਿਊਟੀ ’ਤੇ ਗਏ ਸਨ ਅਤੇ ਬੀਤੀ ਰਾਤ ਉਨ੍ਹਾਂ ਨੂੰ ਕਿਸੇ ਦਾ ਫੋਨ ਆਇਆ ਕਿ ਤੁਹਾਡੇ ਪਤੀ ਡੱਲਾ ਮੋੜ ਦੇ ਨਜ਼ਦੀਕ ਖੇਤਾਂ ਵਿੱਚ ਡਿੱਗੇ ਪਏ ਹਨ। ਜਿਸ 'ਤੇ ਉਹ ਘਟਨਾ ਸਥਾਨ ’ਤੇ ਪਹੁੰਚੇ ਅਤੇ ਜ਼ਖ਼ਮੀ ਹਾਲਤ ਵਿਚ ਉਨ੍ਹਾਂ ਦੇ ਪਤੀ ਨੂੰ ਬਟਾਲਾ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਰਸਤੇ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ। 

ਦੂਜੇ ਪਾਸੇ ਪੁਲਿਸ ਥਾਣਾ ਕਾਦੀਆਂ ਦੇ ਐੱਸ.ਐੱਚ.ਓ ਇੰਸਪੈਕਟਰ ਸੁਖਰਾਜ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਾਦੀਆ ਵਿਖੇ ਸੀ.ਆਈ.ਡੀ ਵਿੰਗ ਵਿੱਚ ਬਤੌਰ ਡਿਊਟੀ ਨਿਭਾ ਰਹੇ ਸਨ ਅਤੇ ਇਕ ਸੜਕ ਹਾਦਸੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਹੈ। 

ਉਹਨਾਂ ਦੱਸਿਆ ਕਿ ਮ੍ਰਿਤਕ ਮੁਲਾਜ਼ਮ ਦੀ ਪਤਨੀ ਦਰਸ਼ਨਾ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਾਹਨ ਖ਼ਿਲਾਫ ਥਾਣਾ ਕਾਦੀਆਂ ਦੇ ਅੰਦਰ ਮੁਕੱਦਮਾ ਨੰਬਰ 26 ਜੁਰਮ 279, 337, 427, 304-ਏ ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ ਗਿਆ।