ਜੇਲ੍ਹ ਤੋਂ ਲਾਈਵ ਹੋ ਕੇ ਲਾਰੈਂਸ ਬਿਸ਼ਨੋਈ ਨੇ ਕੀਤੇ ਵੱਡੇ ਖੁਲਾਸੇ, ਦੱਸਿਆ ਸਿੱਧੂ ਨੂੰ ਕਿਉਂ ਮਾਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਦੋਂ ਗੁਰਲਾਲ ਬਰਾੜ ਤੇ ਵਿੱਕੀ ਮਿੱਡੂਖੇੜਾ ਮਰਿਆ, ਉਦੋਂ ਤਾਂ ਕੋਈ ਜਾਂਚ ਨਹੀਂ ਹੋਈ। ਸਗੋਂ ਸਾਡੇ ਬੰਦਿਆਂ ਖ਼ਿਲਾਫ਼ ਹੀ ਕੇਸ ਪਾ ਦਿੱਤੇ ਗਏ।

Lawrence Bishnoi, Sidhu MooseWala

 

ਮੁਹਾਲੀ - ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿਚ ਕਈ ਗੈਂਗਸਟਰ ਗ੍ਰਿਫ਼ਤਾਰ ਕੀਤੇ ਗਏ ਹਨ ਤੇ ਨਾਲ ਹੀ ਲਾਰੈਂਸ ਬਿਸ਼ਨੋਈ ਵੀ ਇਸ ਕੇਸ ਵਿਚ ਨਾਮਜ਼ਦ ਹੈ। ਅਜਿਹੇ 'ਚ ਹਾਲ ਹੀ 'ਚ ਲਾਰੈਂਸ ਬਿਸ਼ਨੋਈ ਨੇ ਜੇਲ੍ਹ ਤੋਂ ਲਾਈਵ ਹੋ ਕੇ ਇਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਹੈ। ਜਿਸ ਵਿਚ ਉਸ ਨੇ ਸਿੱਧੂ ਜੇ ਕਤਲ ਬਾਰੇ ਵੱਡਾ ਖੁਲਾਸਾ ਕੀਤਾ ਹੈ। 

ਲਾਰੈਂਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਉਸ ਦਾ ਕੋਈ ਹੱਥ ਨਹੀਂ ਸੀ ਪਰ ਉਸ ਨੂੰ ਸਾਰੀ ਪਲਾਨਿੰਗ ਬਾਰੇ ਪਤਾ ਸੀ। ਸਾਰਾ ਕੁਝ ਗੋਲਡੀ ਬਰਾੜ ਨੇ ਕੀਤਾ। ਮੈਂ ਸਿੱਧੂ ਮੂਸੇਵਾਲਾ ਤੋਂ ਕਾਫ਼ੀ ਨਾਰਾਜ਼ ਸੀ। ਸਿੱਧੂ ਦਾ ਵਿੱਕੀ ਮਿੱਡੂਖੇੜਾ ਦੇ ਕਤਲ 'ਚ ਹੱਥ ਸੀ ਅਤੇ ਉਹ ਸਾਡੇ ਐਂਟੀ-ਗਰੁੱਪਾਂ ਦਾ ਸਮਰਥਨ ਕਰਦਾ ਸੀ। ਕਾਂਗਰਸ ਪਾਰਟੀ 'ਚ ਉਸ ਦੀ ਮਜ਼ਬੂਤ ਪਕੜ ਸੀ। ਇਸ ਦਾ ਫ਼ਾਇਦਾ ਚੁੱਕ ਕੇ ਉਸ ਨੇ ਸਾਡੇ ਸਾਥੀਆਂ ਖ਼ਿਲਾਫ਼ ਕਈ ਐਕਸ਼ਨ ਲਏ।   

ਲਾਰੈਂਸ ਨ ਕਿਹਾ ਕਿ ਵਿੱਕੀ ਮਿੱਡੂਖੇੜਾ ਨੂੰ ਮਰਵਾ ਕੇ ਸ਼ਾਇਦ ਸਿੱਧੂ ਮੂਸੇਵਾਲਾ ਡੌਨ ਬਣਨਾ ਚਾਹੁੰਦਾ ਸੀ। ਵਿੱਕੀ ਮਿੱਡੂਖੇੜਾ ਤੇ ਗੁਰਲਾਲ ਬਰਾੜ ਦੀ ਮੌਤ ਤੋਂ ਪਹਿਲਾਂ ਸਾਡੀ ਸਿੱਧੂ ਮੂਸੇਵਾਲਾ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਦੋਂ ਤਾਂ ਉਸ ਕੋਲ ਗੰਨਮੈਨ ਵੀ ਨਹੀਂ ਹੁੰਦੇ ਸਨ। ਮੈਂ ਗੋਲਡੀ ਬਰਾੜ ਨੂੰ ਕਿਹਾ ਸੀ ਕਿ ਸਿੱਧੂ ਸਾਡਾ ਦੁਸ਼ਮਣ ਹੈ। ਸਾਡੇ ਐਂਟੀ ਗਰੁੱਪ ਨਾਲ ਉੱਠਦਾ-ਬੈਠਦਾ ਹੈ। ਉਸ ਨੂੰ ਇਕ ਵਾਰ ਸਮਝਾ ਦਿਓ। ਜੇ ਟਿੱਕ ਕੇ ਬੈਠ ਜਾਂਦਾ ਹੈ ਤਾਂ ਠੀਕ। ਨਹੀਂ ਤਾਂ ਇਸ ਦੇ ਖ਼ਿਲਾਫ਼ ਕੋਈ ਬਣਦੀ ਕਾਰਵਾਈ ਕਰੋ। ਸਿੱਧੂ ਦੇ ਕਤਲ ਦੀ ਪਲਾਨਿੰਗ ਪਿਛਲੇ 1 ਸਾਲ ਤੋਂ ਚੱਲ ਰਹੀ ਸੀ।

ਲਾਰੈਂਸ ਨੇ ਕਿਹਾ ਕਿ ਸਿੱਧੂ ਕੋਈ ਸਮਾਜਸੇਵੀ ਨਹੀਂ ਸੀ। ਉਸ ਨੇ ਕਦੇ ਨਹੀਂ ਸੁਣਿਆ ਜਦੋਂ ਉਸ ਨੇ ਸਟੇਜ 'ਤੇ ਕਿਹਾ ਹੋਵੇ ਗੈਂਗਸਟਰਵਾਦ ਮਾੜਾ ਹੈ ਜਾਂ ਨਸ਼ਾ ਮਾੜੀ ਚੀਜ਼ ਹੈ। ਕਿਉਂ ਉਸ ਦੀ ਮੌਤ 'ਤੇ ਇੰਨਾ ਰੌਲਾ ਪਾਇਆ ਜਾ ਰਿਹਾ? ਜਦੋਂ ਸਾਡੇ ਬੰਦੇ ਮਰੇ ਉਦੋਂ ਕਿਉਂ ਨਹੀਂ ਕਿਸੇ ਨੇ ਰੌਲਾ ਪਾਇਆ? ਜੇ ਸਿੱਧੂ ਦੀ ਜਾਨ ਕੀਮਤੀ ਸੀ ਤਾਂ ਸਾਡੇ ਬੰਦਿਆਂ ਦੀ ਜਾਨ ਦੀ ਵੀ ਓਨੀ ਹੀ ਕੀਮਤ ਸੀ। ਜਦੋਂ ਗੁਰਲਾਲ ਬਰਾੜ ਤੇ ਵਿੱਕੀ ਮਿੱਡੂਖੇੜਾ ਮਰਿਆ, ਉਦੋਂ ਤਾਂ ਕੋਈ ਜਾਂਚ ਨਹੀਂ ਹੋਈ। ਸਗੋਂ ਸਾਡੇ ਬੰਦਿਆਂ ਖ਼ਿਲਾਫ਼ ਹੀ ਕੇਸ ਪਾ ਦਿੱਤੇ ਗਏ।