ਨਦੀਆਂ ਦੀ ਸੰਭਾਲ ਲਈ ਕੌਮਾਂਤਰੀ ਦਿਵਸ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਘੱਗਰ ਪੁਲ ਡੰਪ ਪੁਆਇੰਟ ਦੀ ਸਫ਼ਾਈ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਸਰਕਾਰ ਪ੍ਰਦੂਸ਼ਣ ਮੁਕਤ ਵਾਤਾਵਰਣ ਯਕੀਨੀ ਬਣਾਉਣ ਲਈ ਵਚਨਬੱਧ: ਮੀਤ ਹੇਅਰ

PPCB fulfills commitment with clean up of Ghaggar bridge dump point


 

ਚੰਡੀਗੜ੍ਹ : ਨਦੀਆਂ ਦੀ ਸੰਭਾਲ ਲਈ ਕੌਮਾਂਤਰੀ ਦਿਵਸ ਮੌਕੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਘੱਗਰ ਪੁਲ, ਡੇਰਾਬੱਸੀ ਵਿਖੇ ਨਗਰ ਕੌਂਸਲ ਡੇਰਾਬੱਸੀ ਦੇ ਸਟਾਫ਼ ਦੇ ਸਹਿਯੋਗ ਨਾਲ ਅਣਅਧਿਕਾਰਤ ਡੰਪ ਪੁਆਇੰਟ ਦੀ ਸਫ਼ਾਈ ਕਰਨ ਦਾ ਕੰਮ ਮੁਕੰਮਲ ਕੀਤਾ। ਇਹ ਖੁਲਾਸਾ ਕਰਦਿਆਂ ਪੰਜਾਬ ਦੇ ਵਿਗਿਆਨ ਤਕਨਾਲੋਜੀ ਤੇ ਵਾਤਾਵਰਣ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਕਹਿਣੀ ਨਾਲੋਂ ਕਰਨੀ ਕਿਤੇ ਜ਼ਿਆਦਾ ਮਹੱਤਵ ਰੱਖਦੀ ਹੈ ਅਤੇ ਬੋਰਡ ਨੇ ਆਪਣੇ ਕਾਰਜਾਂ ਸਦਕਾ ਇਸ ਨੂੰ ਸਾਬਤ ਕਰ ਦਿਖਾਇਆ ਹੈ।

ਉਨ੍ਹਾਂ ਦੱਸਿਆ ਕਿ ਘੱਗਰ ਪੁਲ ਡੇਰਾਬੱਸੀ ਵਿਖੇ ਅਣਅਧਿਕਾਰਤ ਡੰਪ ਪੁਆਇੰਟ ਤੋਂ ਠੋਸ ਰਹਿੰਦ-ਖੂੰਹਦ ਦੀਆਂ ਦੋ ਟਰਾਲੀਆਂ ਚੁੱਕਵਾਈਆਂ ਗਈਆਂ। ਇਹ ਕਾਰਜ ਨੂੰ ਨਗਰ ਕੌਂਸਲ ਡੇਰਾਬੱਸੀ ਦੇ ਸਟਾਫ਼ ਦੇ ਸਹਿਯੋਗ ਨਾਲ ਨੇਪਰੇ ਚਾੜ੍ਹਿਆ ਗਿਆ। ਨਗਰ ਨਿਗਮ ਡੇਰਾਬੱਸੀ ਦੇ ਸਟਾਫ਼ ਨੂੰ ਜੂਟ ਦੇ ਥੈਲੇ ਵੰਡ ਕੇ ਪਲਾਸਟਿਕ ਦੇ ਲਿਫ਼ਾਫਿਆਂ ਦੀ ਵਰਤੋਂ ਨੂੰ ਰੋਕਣ ਲਈ ਮੁਹਿੰਮ ਸ਼ੁਰੂ ਕਰਨ ਲਈ ਕਿਹਾ ਗਿਆ।

ਜ਼ਿਕਰਯੋਗ ਹੈ ਕਿ ਨਦੀਆਂ ਦੀ ਸੰਭਾਲ ਲਈ ਕੌਮਾਂਤਰੀ ਦਿਵਸ ਹਰ ਸਾਲ 14 ਮਾਰਚ ਨੂੰ ਮਨਾਇਆ ਜਾਂਦਾ ਹੈ,ਜੋ ਦਰਿਆਵਾਂ ਨੂੰ ਬਚਾਉਣ, ਸਾਂਭ-ਸੰਭਾਲ ਕਰਨ ਅਤੇ ਉਨ੍ਹਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਸਮਰਪਿਤ ਹੈ। ਇਹ ਦਿਵਸ ਨਦੀ ਪ੍ਰਬੰਧਨ, ਨਦੀ ਪ੍ਰਦੂਸ਼ਣ ਅਤੇ ਨਦੀ ਸੰਭਾਲ ਨਾਲ ਸਬੰਧਤ ਮੁੱਦਿਆਂ ਦੇ ਹੱਲ ਲਈ ਵਿਚਾਰ-ਚਰਚਾ ਕਰਨ ਅਤੇ ਰੱਖਿਆ ਲਈ ਦੁਨੀਆ ਭਰ ਵਿੱਚ ਮਨਾਇਆ ਜਾਂਦਾ ਹੈ।