ਨਿਜੀ ਗੰਨਮੈਨ ਦੀ ਰਾਈਫ਼ਲ ਨਾਲ ਖੇਡਦੇ 3 ਸਾਲ ਦੇ ਬੱਚੇ ਨੂੰ ਲੱਗੀ ਗੋਲੀ, ਹਾਲਤ ਨਾਜ਼ੁਕ
ਘਟਨਾ ਤੋਂ ਬਾਅਦ ਨਿਜੀ ਤੌਰ 'ਤੇ ਰਖਿਆ ਹੋਇਆ ਗੰਨਮੈਨ ਘਰੋਂ ਗ਼ਾਇਬ ਹੋ ਗਿਆ ਹੈ।
ਮੋਗਾ (ਬਿੱਟੂ ਗਰੋਵਰ) : ਥਾਣਾ ਸਿਟੀ ਸਾਊਥ ਦੇ ਖੇਤਰ ਮੁਹੱਲਾ ਕਿਸ਼ਨਪੁਰਾ ਵਿਚ ਉਸ ਸਮੇਂ ਇਕ ਦਰਦਨਾਕ ਮਾਮਲਾ ਸਾਹਮਣੇ ਆਇਆ, ਜਦੋਂ ਇਕ ਵਿਅਕਤੀ ਦੇ ਰੱਖੇ ਨਿਜੀ ਗੰਨਮੈਨ ਦੀ 12 ਬੋਰ ਦੀ ਰਾਈਫ਼ਲ ਨਾਲ 3 ਸਾਲਾ ਬੱਚੇ ਵਲੋਂ ਖੇਡਦੇ-ਖੇਡਦੇ ਕੀਤੀ ਗਈ ਛੇੜਛਾੜ ਕਾਰਨ ਅਚਾਨਕ ਗੋਲੀ ਚੱਲ ਗਈ।
ਇਸ ਦੌਰਾਨ ਗੋਲੀ ਬੱਚੇ ਦੇ ਪੱਟ ਵਿਚ ਲੱਗ ਗਈ, ਜਿਸ ਕਾਰਨ ਬੱਚਾ ਲਹੂ-ਲੁਹਾਣ ਹੋ ਗਿਆ। ਪਰਿਵਾਰ ਦੇ ਮੈਂਬਰਾਂ ਵਲੋਂ ਉਸ ਨੂੰ ਤੁਰਤ ਇਲਾਜ ਲਈ ਨੇੜਲੇ ਨਿਜੀ ਹਸਪਤਾਲ ਲਿਜਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਆਮ ਆਦਮੀ ਪਾਰਟੀ ਦੇ ਯੂਥ ਆਗੂ ਪੁਨੀਤ ਸਾਜੀ ਨੇ ਅਪਣੀ ਸੁਰੱਖਿਆ ਨੂੰ ਦੇਖਦੇ ਹੋਏ ਨਿਜੀ ਤੌਰ ’ਤੇ ਇਕ ਸਾਬਕਾ ਫ਼ੌਜੀ ਨੂੰ ਬਤੌਰ ਗੰਨਮੈਨ ਰਖਿਆ ਹੋਇਆ ਸੀ।
ਸ਼ੁਕਰਵਾਰ ਨੂੰ ਸਾਬਕਾ ਫ਼ੌਜੀ ਰੋਜ਼ਾਨਾ ਦੀ ਤਰ੍ਹਾਂ ਅਪਣੀ 12 ਬੋਰ ਦੀ ਰਾਈਫ਼ਲ ਸਮੇਤ ਡਿਊਟੀ ’ਤੇ ਤਾਇਨਾਤ ਸੀ। ਉਧਰ ਪੁਨੀਤ ਸਾਜੀ ਕਮਰੇ ਵਿਚ ਖਾਣਾ ਖਾ ਰਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਦਾ ਕਰੀਬ 3 ਸਾਲ ਦਾ ਪੁੱਤਰ ਸਕੂਲ ਵਿਚ ਪ੍ਰੀਖਿਆ ਦੇ ਕੇ ਘਰ ਪਹੁੰਚਿਆ। ਜਿੱਥੇ ਗੰਨਮੈਨ ਦੀ ਲਾਪ੍ਰਵਾਹੀ ਕਾਰਨ ਅਨ-ਲੌਕ ਪਈ 12 ਬੋਰ ਦੀ ਰਾਈਫ਼ਲ ਨਾਲ ਖੇਡਦੇ ਹੋਏ ਬੱਚਾ ਅਚਾਨਕ ਛੇੜਛਾੜ ਕਰਨ ਲੱਗਾ ਕਿ ਇਸੇ ਦੌਰਾਨ ਰਾਈਫ਼ਲ ਵਿਚੋਂ ਅਚਾਨਕ ਗੋਲੀ ਚੱਲ ਗਈ, ਜੋ ਮਾਸੂਮ ਬੱਚੇ ਦੇ ਪੱਟ ਵਿਚ ਜਾ ਲੱਗੀ। ਦੂਜੇ ਪਾਸੇ, ਘਟਨਾ ਤੋਂ ਬਾਅਦ ਨਿਜੀ ਤੌਰ ’ਤੇ ਰਖਿਆ ਹੋਇਆ ਗੰਨਮੈਨ ਘਰੋਂ ਗ਼ਾਇਬ ਹੋ ਗਿਆ ਹੈ।