ਦਲਿਤਾਂ ਦੇ ਰੰਗ 'ਤੇ ਕਥਿਤ ਟਿਪਣੀ ਕੀਤੇ ਜਾਣ ਦਾ ਮਾਮਲਾ ਭਖ ਗਿਆ ਹੈ। ਬੀਤੇ ਦਿਨੀਂ ਵਿੱਤ ਮੰਤਰੀ ਦੇ ਦਫ਼ਤਰ 'ਚ ਕਾਂਗਰਸੀਆਂ ਨੇ 'ਦਲਿਤ ਅਤਿਆਚਾਰ' ਵਿਰੁਧ ਭੁੱਖ ਹੜਤਾਲ ਕੀਤੀ ਸੀ। ਇਸ ਦੌਰਾਨ ਦਲਿਤਾਂ ਦੇ ਰੰਗ ਬਾਰੇ ਕਥਿਤ ਤੌਰ 'ਤੇ ਟਿਪਣੀ ਕੀਤੀ ਗਈ। ਅੱਜ ਇਸ ਮੁੱਦੇ 'ਤੇ ਸਾਬਕਾ ਅਕਾਲੀ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਅਤੇ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਦੀ ਅਗਵਾਈ 'ਚ ਫ਼ਾਇਰ ਬ੍ਰਿਗੇਡ ਚੌਕ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਅਕਾਲੀ ਆਗੂਆਂ ਨੇ ਦੋਸ਼ ਲਾਇਆ ਕਿ ਕਾਂਗਰਸੀ ਆਗੂਆਂ ਦੀ ਟਿਪਣੀ ਵਾਲੀ ਵੀਡੀਉ ਫੈਲਣ ਮਗਰੋਂ ਦਲਿਤ ਸਮਾਜ ਸੰਗਠਨ ਅਤੇ ਹੋਰ ਸਮਾਜਕ ਜਥੇਬੰਦੀਆਂ ਅੰਦਰ ਰੋਸ ਹੈ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਪਾਰਟੀ ਦੇ ਜ਼ਿੰਮੇਵਾਰ ਆਗੂਆਂ ਨੇ ਦਲਿਤ ਭਾਈਚਾਰੇ ਤੋਂ ਮੁਆਫ਼ੀ ਨਾ ਮੰਗੀ ਤਾਂ ਉਹ ਸੰਘਰਸ਼ ਕਰਨਗੇ।
ਉਨ੍ਹਾਂ ਕਿਹਾ ਕਿ ਇਹ ਘਟਨਾ ਵਿੱਤ ਮੰਤਰੀ ਦਫ਼ਤਰ ਕਾਂਗਰਸ ਦੀ ਭੁੱਖ ਹੜਤਾਲ ਸਮੇਂ ਹੋਈ ਹੈ ਜਿਸ ਕਾਰਨ ਵਿੱਤ ਮੰਤਰੀ ਪਦਾ ਅੱਜ ਪੁਤਲਾ ਫੂਕਿਆ ਗਿਆ ਹੈ। ਪੰਜਾਬ ਕਾਂਗਰਸ ਦੇ ਆਗੂ ਅਸ਼ੋਕ ਕੁਮਾਰ ਨੇ ਦੂਜੇ ਦਿਨ ਮੀਡੀਆ ਅਤੇ ਸੋਸ਼ਲ ਮੀਡੀਆ ਰਾਹੀਂ ਦਲਿਤਾਂ ਤੋਂ ਇਸ ਗੱਲ ਦੀ ਮਾਫ਼ੀ ਵੀ ਮੰਗੀ। ਮੀਟਿੰਗ ਵਿਚ ਨਵੀਨ ਕੁਮਾਰ ਵਾਲਮੀਕੀ ਨੇ ਮੇਅਰ ਬਲੰਵਤ ਰਾਏ ਨਾਥ ਨੂੰ ਕਿਹਾ ਕਿ ਜਦ ਦੋ ਅਪ੍ਰੈਲ ਨੂੰ ਦਲਿਤ ਸੜਕਾਂ 'ਤੇ ਉਤਰੇ ਹੋਏ ਸਨ ਤਾਂ ਉਸ ਸਮੇਂ ਮੇਅਰ ਸਾਹਿਬ ਕਿਥੇ ਸਨ?