ਕੋਈ ਉਮੀਦਵਾਰ ਨਹੀਂ ਬਦਲੇਗਾ, ਕੈਪਟਨ ਦਾ ਨਰਾਜ਼ ਨੇਤਾਵਾਂ ਨੂੰ ਸਪੱਸ਼ਟ ਸੰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਕਾਂਗਰਸ ਨੇ ਸਪਸ਼ਟ ਸੰਦੇਸ਼ ਦੇ ਦਿਤਾ ਹੈ ਕਿ ਜਿਨ੍ਹਾਂ ਉਮੀਦਵਾਰਾਂ ਨੂੰ ਟਿਕਟ ਦਿਤੀ ਜਾ ਚੁਕੀ ਹੈ, ਉਨ੍ਹਾਂ ਉਪਰ ਮੁੜ ਗ਼ੌਰ ਨਹੀਂ ਹੋਵੇਗੀ ਅਤੇ ਟਿਕਟ ਨਾ ਮਿਲਣ ਤੋਂ

Captain Amrinder singh

ਚੰਡੀਗੜ੍ਹ : ਪੰਜਾਬ ਕਾਂਗਰਸ ਨੇ ਸਪਸ਼ਟ ਸੰਦੇਸ਼ ਦੇ ਦਿਤਾ ਹੈ ਕਿ ਜਿਨ੍ਹਾਂ ਉਮੀਦਵਾਰਾਂ ਨੂੰ ਟਿਕਟ ਦਿਤੀ ਜਾ ਚੁਕੀ ਹੈ, ਉਨ੍ਹਾਂ ਉਪਰ ਮੁੜ ਗ਼ੌਰ ਨਹੀਂ ਹੋਵੇਗੀ ਅਤੇ ਟਿਕਟ ਨਾ ਮਿਲਣ ਤੋਂ ਨਰਾਜ਼ ਨੇਤਾਵਾਂ ਨੂੰ ਅਪਣਾ ਦਾਅਵਾ ਛੱਡ ਕੇ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਕੰਮ ਕਰਨਾ ਚਾਹੀਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਪਸ਼ਟ ਕਰ ਦਿਤਾ ਕਿ ਕਿਸੀ ਉਮੀਦਵਾਰ ਨੂੰ ਤਬਦੀਲੀ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਟਿਕਟ ਉਨ੍ਹਾਂ ਉਮੀਦਵਾਰਾਂ ਨੂੰ ਹੀ ਦਿਤੀ ਗਈ ਹੈ, ਜਿਨ੍ਹਾਂ ਦੀ ਜਿੱਤ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਅਪਣੇ ਜਾਰੀ ਬਿਆਨ ਵਿਚ ਕਿਹਾ ਕਿ 177 ਨੇਤਾਵਾਂ ਨੇ ਟਿਕਟ ਲਈ ਦਰਖ਼ਾਸਤਾਂ ਦਿਤੀਆਂ ਸਨ ਅਤੇ ਪੰਜਾਬ ਵਿਚ 13 ਲੋਕ ਸਭਾ ਹਲਕਿਆਂ ਲਈ 13 ਉਮੀਦਵਾਰਾਂ ਨੂੰ ਹੀ ਟਿਕਟ ਦਿਤੀਆਂ ਜਾ ਸਕਦੀਆਂ ਹਨ। ਸਾਰਿਆਂ ਨੂੰ ਤਾਂ ਟਿਕਟ ਮਿਲ ਨਹੀਂ ਸਕਦੀ। ਸਾਬਕਾ ਐਮ.ਪੀ. ਮਹਿੰਦਰ ਸਿੰਘ ਕੇ.ਪੀ. ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਤਿੰਨ ਵਾਰ ਟਿਕਟ ਦਿਤੀ ਅਤੇ ਉਹ ਤਿੰਨ ਵਾਰ ਹਾਰੇ ਹਨ। ਉਨ੍ਹਾਂ ਦੀ ਪਤਨੀ ਨੂੰ ਅਸੈਂਬਲੀ ਹਲਕੇ ਦੀ ਟਿਕਟ ਦਿਤੀ ਪ੍ਰੰਤੂ ਉਹ ਵੀ ਹਾਰ ਗਏੇ। ਉਨ੍ਹਾਂ ਸਪਸ਼ਟ ਕੀਤਾ ਕਿ ਟਿਕਟ ਜਿੱਤ ਦੀ ਸੰਭਾਵਨਾ ਨੂੰ ਮੁੱਖ ਰਖਦਿਆਂ ਹੀ ਦਿਤੀ ਗਈ ਹੈ।

ਨਰਾਜ਼ ਪੁਰਾਣੇ ਕਾਂਗਰਸੀ ਨੇਤਾਵਾਂ ਵਲੋਂ ਕਾਂਗਰਸ ਟਕਸਾਲੀ ਧੜਾ ਬਣਾਉਣ ਸਬੰਧੀ ਉਨ੍ਹਾਂ ਕਿਹਾ ਕਿ ਸੀਨੀਅਰ ਨੇਤਾ ਸਮਝਦਾਰੀ ਤੋਂ ਕੰਮ ਲੈਣਗੇ ਅਤੇ ਕੁੱਝ ਵੀ ਐਸਾ ਨਹੀਂ ਕਰਨਗੇ ਜਿਸ ਨਾਲ ਪਾਰਟੀ ਕਮਜ਼ੋਰ ਹੋਵੇ। ਉਨ੍ਹਾਂ ਨਰਾਜ਼ ਸੀਨੀਅਰ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਹਿਤਾਂ ਨੂੰ ਮੁੱਖ ਰਖਦਿਆਂ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਕੰਮ ਕਰਨ। ਮੁੱਖ ਮੰਤਰੀ ਦੇ ਅੱਜ ਦੇ ਬਿਆਨ ਤੋਂ ਸਪਸ਼ਟ ਹੋ ਗਿਆ ਹੈ ਕਿ ਪਾਰਟੀ ਨੇ ਜਿਸ ਵੀ ਉਮੀਦਵਾਰ ਨੂੰ ਇਕ ਵਾਰ ਟਿਕਟ ਦੇ ਦਿਤੀ ਹੈ ਉਸ ਵਿਚ ਕੋਈ ਬਦਲਾਅ ਨਹੀਂ ਹੋਵੇਗਾ। ਜਲੰਧਰ ਹਲਕੇ ਤੋਂ ਚੌਧਰੀ ਸੰਤੋਖ ਸਿੰਘ ਹੀ ਉਮੀਦਵਾਰ ਬਣੇ ਰਹਿਣਗੇ। 

ਦਸਣਯੋਗ ਹੋਵੇਗਾ ਕਿ ਪਾਰਟੀ ਦੇ ਸੀਨੀਅਰ ਦਲਿਤ ਨੇਤਾ ਮਹਿੰਦਰ ਸਿੰਘ ਕੇ.ਪੀ. ਨੂੰ ਜਲੰਧਰ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਉਨ੍ਹਾਂ ਨੇ ਬਗ਼ਾਵਤ ਕਰ ਕੇ 15 ਅਪ੍ਰੈਲ ਨੂੰ ਸੀਨੀਅਰ ਕਾਂਗਰਸੀ ਪਰਵਾਰਾਂ ਦਾ ਚੰਡੀਗੜ੍ਹ ਵਿਚ ਇਕੱਠ ਬੁਲਾਇਆ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਪਾਰਟੀ ਦੇ ਪੁਰਾਣੇ ਕੁਰਬਾਨੀ ਵਾਲੇ ਪਰਵਾਰਾਂ ਨੂੰ ਪਾਰਟੀ ਵਿਚੋਂ ਪਾਸੇ ਕੀਤਾ ਜਾ ਰਿਹਾ ਹੈ ਅਤੇ ਪੈਸੇ ਵਾਲਿਆਂ ਨੂੰ ਟਿਕਟਾਂ ਦਿਤੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਹਲਕੇ ਤੋਂ ਮੌਜੂਦਾ ਐਮ.ਪੀ. ਗੁਰਜੀਤ ਸਿੰਘ ਔਜਲਾ ਅਤੇ ਗੁਰਦਾਸਪੁਰ ਤੋਂ ਸੁਨੀਲ ਜਾਖੜ ਨੂੰ ਟਿਕਟ ਦਿਤੇ ਜਾਣ ਵਿਰੁਧ ਵੀ ਕੁੱਝ ਅਵਾਜ਼ਾਂ ਉਠੀਆਂ ਸਨ ਪ੍ਰੰਤੂ ਮੁੱਖ ਮੰਤਰੀ ਦੇ ਅੱਜ ਦੇ ਬਿਆਨ ਨੇ ਸੰਦੇਸ਼ ਦੇ ਦਿਤਾ ਹੈ ਕਿ ਕੋਈ ਵੀ ਉਮੀਦਵਾਰ ਬਦਲਿਆ ਨਹੀਂ ਜਾਵੇਗਾ। ਜੇ ਕੋਈ ਵਿਰੋਧ ਕਰੇਗਾ ਤਾਂ ਪਾਰਟੀ ਸਖ਼ਤ ਕਾਰਵਾਈ ਕਰੇਗੀ।