ਅੰਮ੍ਰਿਤਸਰ ਦੇ ਲੋਕ ਫਿਰਕਾਪ੍ਰਸਤਾਂ ਨੂੰ ਹਾਰ ਦੇਣ : ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ਨਾਲ ਵਿਸੇਸ਼ ਮੁਲਾਕਾਤ ਕਰਕੇ ਰਣਨੀਤੀ ਘੜੀ

Navjot Singh Sidhu

ਅੰਮ੍ਰਿਤਸਰ : ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਪੰਜਾਬ ਨਾਲ ਵਿਸੇਸ਼ ਮੁਲਾਕਾਤ ਕਰਕੇ ਰਣਨੀਤੀ ਘੜੀ।ਵਿਧਾਇਕ ਡਾ: ਰਾਜ ਕੁਮਾਰ ਵੇਰਕਾ ਚੇਅਰਮੈਨ ਵੀ ਹਾਜਰ ਸਨ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਛੋਟਾ ਭਰਾ ਦੱਸਦਿਆਂ ਕਿਹਾ ਕਿ ਅੋਜਲਾ ਨੂੰ ਟਿਕਟ ਮਿਲਣਾ ਕਾਂਗਰਸੀ ਵਰਕਰਾਂ ਦਾ ਸਨਮਾਨ ਹੈ, ਜੇ ਵਰਕਰ ਖੁਸ਼ ਹੈ ਤਾਂ ਹੀ ਕੋਈ ਪਾਰਟੀ ਮਜਬੂਤ ਹੋ ਸਕਦੀ ਹੈ।

ਸਿੱਧੂ ਨੇ ਅੰਮ੍ਰਿਤਸਰ ਵਾਸੀਆਂ ਨੂੰ ਦੇਸ਼ ਅੰਦਰ ਫਿਰਕਾਪ੍ਰਸਤੀ ਤੇ ਜਾਤਪਾਤ ਦੀ ਰਾਜਨੀਤੀ ਕਰਨ ਵਾਲੀ ਜੁਮਲੇਬਾਜ ਭਾਜਪਾ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਔਜਲਾ ਨੂੰ ਭਾਰੀ ਵੋਟਾਂ ਨਾਲ ਜੇਤੂ ਬਣਾਉਣ ਦੀ ਅਪੀਲ ਕੀਤੀ। ਸ. ਸਿੱਧੂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ ਘੱਟ ਗਿਣਤੀਆਂ ਅੰਦਰ ਸਹਿਮ ਦਾ ਮਾਹੌਲ ਹੈ। ਮੋਦੀ ਸਰਕਾਰ ਵਲੋਂ ਨੌਜੁਆਨ, ਕਿਸਾਨ, ਮਜ਼ਦੂਰ ਤੇ ਵਪਾਰੀਆਂ ਦਾ ਮਮਦਾ ਹਾਲ ਰਿਹਾ ਹੈ।

ਬਿਨ੍ਹਾਂ ਕਿਸੇ ਠੋਸ ਨੀਤੀ ਦੇ ਲਾਗੂ ਕੀਤੀ ਨੋਟਬੰਦੀ ਕਾਰਨ ਜਿਥੇ ਆਮ ਦੇਸ਼ ਵਾਸੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਨਿੱਕੇ ਕਾਰੋਬਾਰੀਆਂ ਤੇ ਵਪਾਰੀਆਂ ਤੇ ਗੁੰਝਲਦਾਰ ਜੀ.ਐਸ.ਟੀ. ਦੇ ਮਾਰੂ ਪ੍ਰਭਾਵਾਂ ਕਾਰਨ ਜਿਆਦਾਤਰ ਬਹੁਤ ਸਾਰੇ ਕਾਰੋਬਾਰ ਖਤਮ ਹੋ ਗਏ ਜਾਂ ਘਾਟੇ ਵਿੱਚ ਗਏ ਹਨ ਕਿਉਕਿ ਇਕ ਨਿੱਕੇ ਵਪਾਰੀ ਨੂੰ ਮਹੀਨਿਆਂ ਦੀ ਗਿਣਤੀ ਤੋਂ ਜਿਆਦਾ ਵਾਰ ਟੈਕਸ ਭਰਨਾ ਪੈ ਰਿਹਾ ਹੈ।