ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੀਆਂ ਐਸੋਸੀਏਸ਼ਨਾਂ ਫ਼ੈਡਰੇਸ਼ਨ ਦੇ ਝੰਡੇ ਹੇਠ ਇਕਜੁਟ ਹੋਈਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਵਿਡ-19 ਦੇ ਮੱਦੇਨਜ਼ਰ ਦੇਸ਼ ਭਰ 'ਚ ਸਰਕਾਰ ਵਲੋਂ ਲਾਗੂ ਕੀਤੀ ਗਈ ਤਾਲਾਬੰਦੀ ਅਤੇ ਕਰਫ਼ਿਊ ਤੋਂ ਬਾਅਦ ਸਰਕਾਰ ਵਲੋਂ ਪ੍ਰਾਈਵੇਟ ਸਕੂਲਾਂ ਨਾਲ ਕੀਤੇ ਵਿਤਕਰੇ

File photo

ਧੂਰੀ, 13 ਅਪ੍ਰੈਲ (ਇੰਦਰਜੀਤ ਧੂਰੀ) ਕੋਵਿਡ-19 ਦੇ ਮੱਦੇਨਜ਼ਰ ਦੇਸ਼ ਭਰ 'ਚ ਸਰਕਾਰ ਵਲੋਂ ਲਾਗੂ ਕੀਤੀ ਗਈ ਤਾਲਾਬੰਦੀ ਅਤੇ ਕਰਫ਼ਿਊ ਤੋਂ ਬਾਅਦ ਸਰਕਾਰ ਵਲੋਂ ਪ੍ਰਾਈਵੇਟ ਸਕੂਲਾਂ ਨਾਲ ਕੀਤੇ ਵਿਤਕਰੇ ਤੋਂ ਬਾਅਦ ਬਣੀ ਵਿੱਤੀ ਸੰਕਟ ਵਾਲੀ ਸਥਿਤੀ ਦੇ ਮੱਦੇਨਜ਼ਰ ਪੰਜਾਬ ਦੇ ਵੱਖ-ਵੱਖ ਪ੍ਰਾਈਵੇਟ ਸਕੂਲਾਂ ਦੀਆਂ ਐਸੋਸੀਏਸ਼ਨਾਂ ਨੇ ਸਿਖਿਆ ਮਾਹਰ ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਫ਼ੈਡਰੇਸ਼ਨ ਆਫ਼ ਐਸੋਸੀਏਸ਼ਨਜ਼ ਆਫ਼ ਪ੍ਰਾਈਵੇਟ ਸਕੂਲਜ਼ ਦਾ ਗਠਨ ਕਰਦਿਆਂ ਇਕਜੁਟ ਹੋਣ ਦਾ ਐਲਾਨ ਕੀਤਾ ਹੈ।

ਜੂਮ ਵੈਬੀਨਾਰ ਤੇ ਹੋਈ ਮੀਟਿੰਗ ਦੇ ਵੇਰਵੇ ਪ੍ਰੈੱਸ ਨੂੰ ਜਾਰੀ ਕਰਦਿਆਂ ਜਗਜੀਤ ਸਿੰਘ ਧੂਰੀ ਨੇ ਦਸਿਆ ਕਿ ਸਰਕਾਰ ਨੇ ਰਾਜਨੀਤੀ ਖੇਡਦਿਆਂ ਬਹੁਗਿਣਤੀ 'ਚ ਮਾਪਿਆਂ ਅਤੇ ਮੁਲਾਜ਼ਮਾਂ ਨੂੰ ਝੂਠਾ ਖ਼ੁਸ਼ ਕਰਨ ਲਈ ਫ਼ੀਸਾਂ ਸਬੰਧੀ ਦੂਹਰੇ ਮਤਲਬ ਪੈਦਾ ਕਰਨ ਵਾਲੇ ਬਿਆਨ ਦੇ ਕੇ ਮਾਪਿਆਂ ਅਤੇ ਪ੍ਰਾਈਵੇਟ ਸਕੂਲਾਂ ਦਰਮਿਆਨ ਬਖੇੜਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਫ਼ੈਡਰੇਸ਼ਨ ਦੀਆਂ ਮੈਂਬਰ ਐਸੋਸੀਏਸ਼ਨਾਂ ਦੇ ਦੱਸਣ ਮੁਤਾਬਕ ਸਰਕਾਰ ਇਸ ਤਾਲਾਬੰਦੀ ਦਾ ਫ਼ਾਇਦਾ ਉਠਾਉਂਦੇ ਹੋਏ ਪ੍ਰਾਈਵੇਟ ਸਕੂਲਾਂ ਦਾ ਅੰਦਰੂਨੀ ਡਾਟਾ ਲੀਕ ਕਰ ਕੇ ਜਨਤਕ ਕਰ ਚੁੱਕੀ ਹੈ। ਤਕਰੀਬਨ ਡੇਢ ਦਰਜਨ ਐਸੋਸੀਏਸ਼ਨਾਂ 'ਤੇ ਆਧਾਰਤ ਇਸ ਫ਼ੈਡਰੇਸ਼ਨ ਵਿਚ ਰਾਸਾ, ਕਾਸਾ, ਪੂਸਾ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਦੀਆਂ ਐਸੋਸੀਏਸ਼ਨਾਂ ਸ਼ਾਮਲ ਹਨ।

ਉਨ੍ਹਾਂ ਅੱਗੇ ਦਸਿਆ ਕਿ ਸੋਸ਼ਲ ਮੀਡੀਆ 'ਤੇ ਵੱਖ-ਵੱਖ ਮੈਸਜ਼ਾਂ ਰਾਹੀਂ ਸੂਬੇ ਦੇ ਇਕ ਜ਼ਿਲ੍ਹੇ ਦੇ ਮੀਡੀਆ ਕੋਆਰਡੀਨੇਟਰ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਨਾਮ ਹੇਠ ਪਿੰਡਾਂ ਦੇ ਸਰਪੰਚਾਂ ਨੂੰ ਸੰਬੋਧਨ ਹੁੰਦੇ ਹੋਏ ਕਿ ਉਹ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਦੇ ਪੜ੍ਹਾਈ ਪਲੇਟਫ਼ਾਰਮ 'ਤੇ ਲੈ ਕੇ ਆਉਣ ਅਤੇ ਉਹ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਅਪਣਾ ਦਾਖ਼ਲਾ ਬਗੈਰ ਕਿਤੇ ਆਏ ਜਾਏ ਸਰਕਾਰੀ ਸਕੂਲਾਂ ਵਿਚ ਕਰਵਾਉਣ। ਫ਼ੈਡਰੇਸ਼ਨ ਨੇ ਉਕਤ ਬਿਆਨ ਦੀ ਨਿੰਦਾ ਕਰਦਿਆਂ ਅੱਗੇ ਦਸਿਆ ਕਿ ਸਰਕਾਰ ਵਲੋਂ ਕਿਤਾਬਾਂ ਵੰਡਣ ਸਬੰਧੀ ਵੀ ਦੂਹਰੀ ਨੀਤੀ ਅਪਣਾਈ ਜਾ ਰਹੀ ਹੈ ਅਤੇ ਇਕ ਪਾਸੇ ਪ੍ਰਸ਼ਾਸਨ ਰਾਹੀਂ ਕਿਤਾਬਾਂ ਵੰਡਣ ਦੀ ਕੋਸ਼ਿਸ਼ ਕੀਤੀ, ਦੂਜੇ ਪਾਸੇ ਪੰਜਾਬ 'ਚ ਇਕ ਦੋ ਜਗ੍ਹਾ ਪੁਲਿਸ ਵਲੋਂ ਕਿਤਾਬਾਂ ਵੰਡਣ ਵਾਲੇ ਪ੍ਰਾਈਵੇਟ ਵੈਂਡਰਾਂ ਵਿਰੁਧ ਕਾਰਵਾਈ ਕਰਨ ਦੀ ਵੀ ਸੂਚਨਾ ਪ੍ਰਾਪਤ ਹੋਈ ਹੈ।

ਜਗਜੀਤ ਸਿੰਘ ਨੇ ਕਿਹਾ ਕਿ ਪ੍ਰਾਈਵੇਟ ਸਕੂਲ ਇਸ ਔਖੀ ਸਥਿਤੀ ਵਿਚ ਮਾਤਾ-ਪਿਤਾ ਦੀਆਂ ਮਜਬੂਰੀਆਂ ਨੂੰ ਸਮਝਦੇ ਹਨ ਅਤੇ ਕਿਸੇ ਵੀ ਸਕੂਲ ਨੇ ਤਾਲਾਬੰਦੀ ਸਮੇਂ ਦੌਰਾਨ ਕੋਈ ਫ਼ੀਸਾਂ ਦੀ ਮੰਗ ਨਹੀਂ ਸੀ ਕੀਤੀ ਸਗੋਂ ਸਰਕਾਰ ਵਲੋਂ ਦਿਤੇ ਗਏ ਦੂਹਰੇ ਬਿਆਨਾਂ ਕਾਰਨ ਮਾਪਿਆਂ ਵਿਚ ਫ਼ੀਸਾਂ ਸਬੰਧੀ ਭੰਬਲਭੂਸਾ ਪੈਦਾ ਹੋ ਗਿਆ ਹੈ। ਜਦਕਿ ਪਟਿਆਲਾ ਦੇ ਨਿਜੀ ਅਦਾਰੇ 'ਚ ਪਹੁੰਚੇ ਸਿੱਖਿਆ ਮੰਤਰੀ ਨੇ ਸਪੱਸ਼ਟ ਕਰ ਦਿਤਾ ਹੈ ਕਿ ਮਾਪਿਆਂ ਨੂੰ ਸਮਾਂ ਪਾ ਕੇ ਫ਼ੀਸਾਂ ਤਾਂ ਮੈਨੇਜਮੈਟਾਂ ਨੂੰ ਅਦਾ ਕਰਨੀਆਂ ਹੀ ਬਣਦੀਆਂ ਹਨ

ਪਰ ਮੌਜੂਦਾ ਸਮੇਂ ਵਿਚ ਫ਼ੀਸਾਂ ਨਾ ਆਉਣ ਕਾਰਨ ਪ੍ਰਾਈਵੇਟ ਸੰਸਥਾਵਾਂ ਨੂੰ ਅਪਣੇ ਸਟਾਫ਼ ਨੂੰ ਤਨਖ਼ਾਹਾਂ ਦੇਣ ਵਿਚ ਦਿੱਕਤ ਆਵੇਗੀ, ਇਸ ਲਈ ਫ਼ੈਡਰੇਸ਼ਨ ਨੇ ਪੰਜਾਬ ਦੇ ਸਿੱਖਿਆ ਮੰਤਰੀ ਨੂੰ ਈ-ਮੇਲ ਰਾਹੀਂ ਮੰਗ ਪੱਤਰ ਭੇਜਦਿਆਂ ਮੰਗ ਕੀਤੀ ਕਿ ਤਾਲਾਬੰਦੀ ਸਮੇਂ ਦੌਰਾਨ ਜਿਹੜੇ ਮਾਤਾ-ਪਿਤਾ ਦੀ ਆਮਦਨ ਦੇ ਸਥਾਈ ਸਰੋਤ ਹਨ, ਉਨ੍ਹਾਂ ਨੂੰ ਭਰਨ ਤੋਂ ਨਾ ਰੋਕਿਆ ਜਾਵੇ। ਇਸ ਤੋਂ ਇਲਾਵਾ ਫ਼ੈਡਰੇਸ਼ਨ ਨੇ ਸੁਝਾਅ ਦਿਤਾ ਕਿ ਉਹ ਖ਼ੁਦ ਹੀ ਤਾਲਾਬੰਦੀ ਸਮੇਂ ਦੀ ਟਰਾਂਸਪੋਰਟੇਸ਼ਨ ਫ਼ੀਸ ਅੱਧੀ ਲੈਣਗੇ। ਉਨ੍ਹਾਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੋਂ ਮੰਗ ਕੀਤੀ ਕਿ ਉਹ ਤਾਲਾਬੰਦੀ ਦੌਰਾਨ ਸਿੱਖਿਆ ਵਿਭਾਗ ਦੇ ਮੁਕੰਮਲ ਕੰਮਕਾਰ 'ਤੇ ਵਿਸ਼ੇਸ਼ ਧਿਆਨ ਰਖਦੇ ਹੋਏ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਲ ਸੁਵੱਲੀ ਨਜਰ ਕਰਨ।