ਕੋਰੋਨਾ ਨੇ ਆਲੂ ਉਤਪਾਦਕ ਕਿਸਾਨਾਂ ਦੀਆਂ ਆਸਾਂ 'ਤੇ ਫੇਰਿਆ ਪਾਣੀ, ਕੀਮਤ 400 ਰੁਪਏ ਡਿੱਗੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਿੰਨ ਸਾਲਾਂ ਬਾਅਦ ਪਹਿਲੀ ਵਾਰ ਕਿਸਾਨਾਂ ਦਾ ਆਲੂ ਥੋਕ 'ਚ 400 ਰੁਪਏ ਬੋਰੀ ਵਿਕਿਆ

mandi

ਦੇਸ਼ ਬੰਦ ਕਾਰਨ ਕਿਸਾਨਾਂ ਨੇ ਆਲੂ ਕੋਲਡ ਸਟੋਰਾਂ 'ਚ ਭਰਿਆ

ਚੰਡੀਗੜ੍ਹ, 14 ਅਪ੍ਰੈਲ (ਐਸ.ਐਸ. ਬਰਾੜ) : ਕੋਰੋਨਾ ਵਾਇਰਸ ਨੇ ਆਲੂ ਉਤਪਾਦਕ ਕਿਸਾਨਾਂ ਦੀਆਂ ਆਸਾਂ 'ਤੇ ਪਾਣੀ ਫੇਰ ਦਿਤਾ ਹੈ। ਤਿੰਨ ਸਾਲਾਂ ਬਾਅਦ ਪਹਿਲੀ ਵਾਰ 25 ਮਾਰਚ ਤੋਂ ਪਹਿਲਾਂ ਆਲੂ ਦਾ ਭਾਅ ਕਿਸਾਨਾਂ ਨੂੰ 300 ਤੋਂ 900 ਰੁਪਏ ਪ੍ਰਤੀ ਬੋਰੀ ਮਿਲ ਰਿਹਾ ਸੀ। ਬੋਰੀ ਵਿਚ 50 ਕਿਲੋਂ ਆਲੂ ਹੁੰਦਾ ਹੈ। ਆਲੂ ਕਿਸਾਨ ਬਾਗ਼ੋ ਬਾਗ਼ ਸਨ ਕਿਉਂਕਿ ਥੋਕ ਵਿਚ ਕਿਸਾਨ ਨੂੰ ਆਲੂ ਦਾ ਭਾਅ 17-18 ਰੁਪਏ ਕਿਲੋ ਮਿਲ ਰਹਾ ਸੀ। ਪਰ ਜਿਉਂ ਹੀ ਕੋਰੋਨਾ ਬੀਮਾਰੀ ਕਾਰਨ ਦੇਸ਼ ਅਤੇ ਪੰਜਾਬ ਵਿਚ ਕਰਫ਼ਿਊ ਲੱਗਾ ਤਾਂ ਆਲੂ ਦੀਆਂ ਕੀਮਤਾਂ ਵਿਚ ਇਕਦਮ ਹੇਠਾ ਆ ਗਈਆਂ।

mandi
ਆਲੂ ਉਤਪਾਦਕ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਪੋਟੈਟੋ ਕਿੰਗ ਪ੍ਰਿਤਪਾਲ ਸਿੰਘ ਢਿੱਲੋਂ ਨੇ ਗਲਬਾਤ ਕਰਦਿਆਂ ਦਸਿਆ ਕਿ ਨਾ ਸਿਰਫ਼ ਆਲੂ ਦੀ ਕੀਮਤ ਥੱਲੇ ਆ ਡਿੱਗੀ ਹੈ ਬਲਕਿ ਸਬਜ਼ੀਆਂ ਦੀਆਂ ਕੀਮਤਾਂ ਵਿਚ ਵੀ ਉਤਪਾਦਕ ਕਿਸਾਨ ਲੁਟਿਆ ਜਾ ਰਿਹਾ ਹੈ। ਦੂਜੇ ਪਾਸੇ ਉਪਭੋਗਤਾ ਨੂੰ ਇਹੀ ਸਬਜ਼ੀ ਕਈ ਗੁਣਾ ਵੱਧ ਕੀਮਤ ਉਪਰ ਮਿਲਦੀ ਹੈ। ਉਨ੍ਹਾਂ ਦਸਿਆ ਕਿ 12 ਅਪ੍ਰੈਲ ਨੂੰ ਜਲੰਧਰ ਦੀ ਮੰਡੀ ਵਿਚ ਗੋਭੀ 2 ਰੁਪਏ ਕਿਲੋ ਵਿਕੀ ਜਦੋਂ ਕਿ ਇਸ ਦੀ ਲਾਗਤ 10 ਰੁਪਏ ਹੈ। ਉਨ੍ਹਾਂ ਦਸਿਆ ਕਿ ਬਾਰਸ਼ਾਂ ਕਾਰਨ ਆਲੂ ਦਾ ਕਾਫੀ ਨੁਕਸਾਨ ਵੀ ਹੋਇਆ ਸੀ ਅਤੇ ਝਾੜ ਵੀ ਘਟ ਨਿਕਲਿਆ ਸੀ ਪਰ ਕੀਮਤਾਂ ਸਹੀ ਹੋਣ ਕਾਰਨ ਕਿਸਾਨ ਖ਼ੁਸ਼ ਸਨ ਪਰ ਕੋਰੋਨਾ ਕਾਰਨ ਕੀਮਤਾਂ ਹੇਠਾ ਆ ਗਈਆਂ ਹਨ।


ਕਿਸਾਨ ਜੰਗ ਬਹਾਦਰ ਨੇ ਦਸਿਆ ਕਿ ਬੇਸ਼ਕ ਕੇਂਦਰ ਅਤੇ ਪੰਜਾਬ ਸਰਕਾਰ ਨੇ ਖੇਤੀ ਉਤਪਾਦ ਦੂਜੇ ਰਾਜਾਂ ਵਿਚ ਲਿਜਾਂਣ ਦੀ ਛੋਟ ਦਿਤੀ ਹੈ ਪਰ ਸਰਹੱਦਾਂ 'ਤੇ ਪਲਿਸ ਨਾਕਿਆਂ ਕਾਰਨ ਕਿਸਾਨ ਕਿਤੇ ਹੋਰ ਵੀ ਨਹੀਂ ਜਾ ਸਕਦਾ। ਹੁਣ ਕਿਸਾਨ ਅਪਣਾ ਆਲੂ ਕੋਲਡ ਸਟੋਰਾਂ ਵਿਚ ਰਖਣ ਨੂੰ ਤਰਜੀਹ ਦੇ ਰਹੇ ਹਨ।