ਕੋਰੋਨਾ ਦਾ ਖ਼ੌਫ਼ ਭੁਲਾ ਕੇ ਅੰਨਦਾਤਾ ਖੇਤਾਂ ਵਲ ਨਿਕਲਿਆ
ਲੋਕਾਂ ਦੇ ਬੱਚੇ ਭੁੱਖੇ ਨਾ ਰਹਿਣ ਇਸ ਲਈ ਅਪਣੇ ਬੱਚਿਆਂ ਨੂੰ ਨਾਲ ਲਾ ਕੇ ਲਗਿਆ ਕਣਕ ਦੀ ਵਾਢੀ ਕਰਨ
ਚੰਡੀਗੜ੍ਹ, 13 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਖੇਤਾਂ 'ਚ ਦਾਤੀ ਖੜਕਣੀ ਸ਼ੁਰੂ ਹੋ ਗਈ ਹੈ। ਅੰਨਦਾਤਾ ਨੇ ਕੋਰੋਨਾ ਦਾ ਖ਼ੌਫ਼ ਭੁਲਾ ਕੇ ਅਪਣੇ ਪਰਵਾਰ ਨੂੰ ਵੀ ਨਾਲ ਤੋਰ ਲਿਆ ਤੇ ਡਰ ਭਰੇ ਮਾਹੌਲ 'ਚ ਵੀ ਖੇਤਾਂ ਵਿਚ ਕਿਸਾਨ ਤੇ ਮਜ਼ਦੂਰ ਪੂਰੇ ਉਤਸ਼ਾਹ ਨਾਲ ਜੁਟ ਗਏ ਹਨ। ਸੂਬੇ ਅੰਦਰ ਕੋਰੋਨਾ ਵਾਇਰਸ ਨੂੰ ਲੈ ਕੇ 14 ਅਪ੍ਰੈਲ ਤਕ ਲਾਏ ਗਏ ਕਰਫ਼ਿਊ ਨੂੰ ਵੱਡੀ ਗਿਣਤੀ 'ਚ ਕਿਸਾਨਾਂ ਵਲੋਂ ਫ਼ਸਲ ਦੀ ਵਾਢੀ ਲਈ ਕਰਫ਼ਿਊ ਹਟਾਉਣ ਦੀ ਉਡੀਕ ਕੀਤੀ ਜਾ ਰਹੀ ਸੀ ਪਰ ਪੰਜਾਬ ਸਰਕਾਰ ਵਲੋਂ ਇਸ ਕਰਫਿਊ ਨੂੰ 1 ਮਈ ਤਕ ਵਧਾਏ ਜਾਣ ਤੋਂ ਬਾਅਦ ਇਲਾਕੇ ਦੇ ਕਈ ਕਿਸਾਨਾਂ ਨੇ ਕਣਕ ਦੀ ਵਾਢੀ ਸ਼ੁਰੂ ਕਰ ਦਿਤੀ ਹੈ।
ਇਸ ਵਾਰ ਮੌਸਮ ਦੇ ਵਾਰ-ਵਾਰ ਬਦਲਦੇ ਮਿਜ਼ਾਜ ਅਤੇ ਪੰਜਾਬ ਦੀਆਂ ਕੰਬਾਈਨਾਂ ਦੇ ਦੂਜੇ ਸੂਬਿਆਂ 'ਚ ਫਸ ਜਾਣ ਕਾਰਨ ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਡਰ ਹੋ ਗਿਆ ਹੈ ਕਿ ਕਿਧਰੇ ਕਣਕ ਦੀ ਪੱਕੀ ਪਕਾਈ ਫ਼ਸਲ ਖੇਤਾਂ ਅੰਦਰ ਹੀ ਖ਼ਰਾਬ ਨਾ ਹੋ ਜਾਵੇ ਇਸ ਲਈ ਉਸ ਨੇ ਕਈ ਸਾਲ ਪਹਿਲਾਂ ਅੰਦਰ ਰੱਖੀਆਂ ਦਾਤੀਆਂ ਦੇ ਦੰਦੇ ਤਿੱਖੇ ਕੀਤੇ ਤੇ ਅਪਣੇ ਪਰਵਾਰ ਤੇ ਬੱਚਿਆਂ ਨੂੰ ਨਾਲ ਲੈ ਕੇ ਖੇਤਾਂ 'ਚ ਪਹੁੰਚ ਗਿਆ ਤਾਕਿ ਦੇਸ਼ ਭੁੱਖਾ ਨਾ ਰਹਿ ਜਾਵੇ।
ਆਮ ਹਾਲਾਤ 'ਚ ਜੇਕਰ ਕੰਬਾਈਨਾਂ ਕਈ-ਕਈ ਦਿਨ ਤੇ ਕਈ ਕਈ ਘੰਟੇ ਚਲਦੀਆਂ ਸਨ ਤਾਂ ਵੀ ਕਈ ਕਿਸਾਨਾਂ ਦੀ ਵਾਰੀ ਦੇਰੀ ਨਾਲ ਆਉਂਦੀ ਸੀ। ਹੁਣ ਹਾਲਾਤ ਇਹ ਹਨ ਕਿ ਤਾਲਾਬੰਦੀ ਕਾਰਨ ਪੰਜਾਬ ਦੀਆਂ ਸੈਂਕੜੇ ਕੰਬਾਈਨਾਂ ਦੂਜੇ ਸੂਬਿਆਂ 'ਚ ਫਸ ਗਈਆਂ ਹਨ ਇਸ ਲਈ ਕੰਬਾਈਨਾਂ ਦੀ ਗਿਣਤੀ ਘਟਣ ਕਾਰਨ ਛੋਟੇ ਕਿਸਾਨਾਂ ਨੂੰ ਇਹੀ ਬਿਹਤਰ ਤਰੀਕਾ ਲਗਿਆ ਕਿ ਉਹ ਅਪਣੇ ਪਰਵਾਰਾਂ ਨੂੰ ਨਾਲ ਲਾ ਕੇ ਕਣਕ ਦੀ ਫ਼ਸਲ ਸੰਭਾਲ ਲੈਣ।
ਦੂਜਾ ਕਾਰਨ ਇਹ ਵੀ ਹੈ ਕਿ ਪੰਜਾਬ ਵਿਚੋਂ ਕਾਫ਼ੀ ਪ੍ਰਵਾਸੀ ਮਜ਼ਦੂਰ ਅਪਣੇ-ਅਪਣੇ ਸੂਬਿਆਂ ਨੂੰ ਜਾ ਚੁਕੇ ਹਨ ਤੇ ਰਹਿ ਗਿਆਂ ਨੂੰ ਲੋਕ ਉਂਜ ਪਿੰਡਾਂ 'ਚ ਵੜਨ ਨਹੀਂ ਦੇ ਰਹੇ ਇਸ ਲਈ ਕਿਸਾਨਾਂ ਕੋਲ ਕਣਕ ਸੰਭਾਲਣ ਦਾ ਇਕੋ ਇਕ ਜ਼ਰੀਆ ਇਹ ਰਹਿ ਗਿਆ ਹੈ ਕਿ ਉਹ ਖ਼ੁਦ ਹੀ ਹੰਭਲਾ ਮਾਰਨ। ਸੂਬੇ ਦੇ ਕੁੱਝ ਕਿਸਾਨਾਂ ਨੇ ਦਸਿਆ ਕਿ ਪੰਜਾਬ ਅੰਦਰ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਸੂਬਾ ਸਰਕਾਰ ਵਲੋਂ ਲਾਏ ਗਏ ਕਰਫ਼ਿਊ ਕਾਰਨ ਵੱਡੀ ਗਿਣਤੀ 'ਚ ਪ੍ਰਵਾਸੀ ਮਜ਼ਦੂਰ ਅਪਣੇ-ਅਪਣੇ ਸੂਬਿਆਂ ਨੂੰ ਵਾਪਸ ਚਲੇ ਜਾਣ ਕਾਰਨ ਕਈ ਕਿਸਾਨ ਪਰਵਾਰ ਖ਼ੁਦ ਵਾਢੀ ਕਰਨ ਲੱਗ ਗਏ ਹਨ।
ਪੰਜਾਬ 'ਚ ਕਰਫ਼ਿਊ ਦੇ ਕਾਰਨ ਕਣਕ ਦੀ ਵਾਢੀ 'ਚ ਆਉਣ ਵਾਲੀਆਂ ਦਿੱਕਤਾਂ ਨੂੰ ਦੇਖਦੇ ਹੋਏ ਇਨ੍ਹਾਂ ਨਾਲ ਨਜਿੱਠਣ ਲਈ ਕਿਸਾਨਾਂ ਵਲੋਂ ਅਪਣੇ ਤੌਰ 'ਤੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦਸਿਆ ਕਿ ਕਈ ਕਿਸਾਨਾਂ ਵਲੋਂ ਅਪਣੀ ਪੱਕੀ ਕਣਕ ਦੀ ਫ਼ਸਲ ਨੂੰ ਪਿੰਡ ਦੇ ਕੁੱਝ ਲੋਕਾਂ ਦੀ ਮਦਦ ਨਾਲ ਕਟਣਾ ਸ਼ੁਰੂ ਕਰ ਦਿਤਾ ਹੈ।
ਅੱਜ ਕੋਰੋਨਾ ਦੇ ਡਰ ਕਾਰਨ ਪੂਰੀ ਦੁਨੀਆਂ ਆਪੋ ਅਪਣੇ ਘਰਾਂ 'ਚ ਲੁਕੀ ਬੈਠੀ ਹੈ ਪਰ ਇਕ ਅੰਨਦਾਤਾ ਹੈ ਜਿਹੜਾ ਬਿਨਾਂ ਕਿਸੇ ਸੁਰੱਖਿਆ ਕਵਚ ਤੋਂ ਖੇਤਾਂ 'ਚ ਵਾਢੀ ਕਰ ਰਿਹਾ ਹੈ ਤੇ ਦੁਨੀਆਂ ਉਸ ਵਲ ਦੇਖ ਰਹੀ ਹੈ ਕਿ ਕਦੋਂ ਉਹ ਕਣਕ ਕੱਢ ਕੇ ਸਾਡੇ ਘਰਾਂ ਤਕ ਪਹੁੰਚਾਵੇ ਤੇ ਉਹ ਸਾਲ ਵਾਸਤੇ ਕਣਕ ਸਟੋਰ ਕਰ ਕੇ ਰੱਖਣ।